ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਅੱਜ ਲੋਕ ਸਭਾ ਚੋਣਾਂ ਦਾ ਬਿਗਲ ਵਜਾਉਂਦਿਆਂ ਪੰਜਾਬ
ਮੰਡੀ ਕਿਲਿਆਂਵਾਲੀ (ਸ੍ਰੀ ਮੁਕਤਸਰ ਸਾਹਿਬ) : ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਅੱਜ ਲੋਕ ਸਭਾ ਚੋਣਾਂ ਦਾ ਬਿਗਲ ਵਜਾਉਂਦਿਆਂ ਪੰਜਾਬ ਵਾਸੀਆਂ ਨੂੰ ਸੂਬੇ ਦੀਆਂ 13 ਦੀਆਂ 13 ਲੋਕ ਸਭਾ ਸੀਟਾਂ ਕਾਂਗਰਸ ਨੂੰ ਜਿਤਾ ਕਿ ਸੂਬਾਈ ਅਤੇ ਕੌਮੀ ਸਿਆਸਤ ਤੋਂ ਸ਼੍ਰੋਮਣੀ ਅਕਾਲੀ ਦਲ ਦਾ ਮੁਕੰਮਲ ਸਫਾਇਆ ਕਰ ਦੇਣ ਦਾ ਸੱਦਾ ਦਿੱਤਾ ਹੈ। ਅੱਜ ਲੰਬੀ ਵਿੱਚ ਰਿਕਾਰਡ ਤੋੜ ਰੈਲੀ ਨੂੰ ਸੰਬੋਧਨ ਕਰਦਿਆਂ ਮੁੱਖ ਮੰਤਰੀ ਨੇ ਲੋਕਾਂ ਨੂੰ ਸਾਲ 2019 ਦੀਆਂ ਲੋਕ ਸਭਾ ਚੋਣਾਂ ਵਿੱਚ ਜਮਹੂਰੀਅਤ ਪੱਖੀ ਸਰਕਾਰ ਬਣਾਉਣ ਦੀ ਅਪੀਲ ਕੀਤੀ।
ਉਨਾਂ ਕਿਹਾ ਕਿ ਪੰਜਾਬ ਕਾਂਗਰਸ ਨੇ ਪਾਰਟੀ ਹਾਈ ਕਮਾਂਡ ਨੂੰ ਜਾਣੰੂ ਕਰਵਾ ਦਿੱਤਾ ਹੈ ਕਿ ਸੂਬੇ ਵਿੱਚ ਨਾ ਤਾਂ ਉਹ ਕਿਸੇ ਹੋਰ ਪਾਰਟੀ ਨਾਲ ਗੱਠਜੋੜ ਚਾਹੁੰਦੇ ਹਨ ਤੇ ਨਾ ਹੀ ਇਸ ਦੀ ਸਾਨੂੰ ਲੋੜ ਹੈ। ਉਨਾਂ ਨੇ ਲੋਕਾਂ ਨੂੰ ਪਾਰਟੀ ਦੇ ਹੱਕ ਵਿੱਚ ਸਪੱਸ਼ਟ ਫਤਵਾ ਦੇਣ ਦਾ ਸੱਦਾ ਦਿੱਤਾ। ਇਸ ਮੌਕੇ ਮੁੱਖ ਮੰਤਰੀ ਨੇ ਸਾਲ 2019 ਦੀਆਂ ਲੋਕ ਸਭਾ ਚੋਣਾਂ ਲਈ ਮਿਸ਼ਨ-13 ਦਾ ਆਗਾਜ਼ ਕਰਦਿਆਂ ਐਲਾਨ ਕੀਤਾ ਕਿ ਬਠਿੰਡਾ ਅਤੇ ਲੰਬੀ ਹਲਕਿਆਂ ਸਮੇਤ ਸੂਬੇ ਵਿੱਚ ਲੋਕ ਸਭਾ ਦੀਆਂ ਸਾਰੀਆਂ 13 ਸੀਟਾਂ ’ਤੇ ਪਾਰਟੀ ਜਿੱਤ ਹਾਸਲ ਕਰੇਗੀ।
ਉਨਾਂ ਨੇ ਸੰਸਦੀ ਚੋਣਾਂ ਦੀ ਮੁਹਿੰਮ ਵਿੱਢਣ ਲਈ ਪੰਜਾਬ ਕਾਂਗਰਸ ਦਾ ਮਿਸ਼ਨ-13 ਪੋਸਟਰ ਵੀ ਜਾਰੀ ਕੀਤਾ।ਬਾਦਲਾਂ ਦੇ ਹਲਕੇ ਵਿੱਚ ਉਨਾਂ ’ਤੇ ਤਿੱਖਾ ਹਮਲਾ ਕਰਦਿਆਂ ਕੈਪਟਨ ਅਮਰਿੰਦਰ ਸਿੰਘ ਨੇ ਬਰਗਾੜੀ ਦੇ ਬੇਅਦਬੀ ਮਾਮਲੇ ਅਤੇ ਇਸ ਤੋਂ ਬਾਅਦ ਵਾਪਰੀਆਂ ਪੁਲਿਸ ਗੋਲੀਬਾਰੀ ਦੀਆਂ ਘਟਨਾਵਾਂ ’ਤੇ ਬਾਦਲਾਂ ਵੱਲੋਂ ਕੋਰਾ ਝੂਠ ਬੋਲਣ ਲਈ ਦੋਸ਼ੀ ਠਹਿਰਾਇਆ। ਉਨਾਂ ਕਿਹਾ ਕਿ ਬਾਦਲਾਂ ਨੇ ਨਸ਼ਿਆਂ ਅਤੇ ਖੇਤੀ ਕਰਜ਼ਿਆਂ ਦੇ ਮਾਮਲਿਆਂ ’ਤੇ ਕੱਖ ਵੀ ਨਹੀਂ ਕੀਤਾ ਜਿਸ ਨਾਲ ਸਾਡੇ ਨੌਜਵਾਨਾਂ ਅਤੇ ਕਿਸਾਨਾਂ ਦਾ ਜੀਵਨ ਤਬਾਹ ਹੋ ਗਿਆ।
ਮੁੱਖ ਮੰਤਰੀ ਨੇ ਪੁਲਿਸ ਗੋਲੀਬਾਰੀ ਦੀਆਂ ਘਟਨਾਵਾਂ ’ਤੇ ਝੂਠ ਬੋਲਣ ਲਈ ਪ੍ਰਕਾਸ਼ ਸਿੰਘ ਬਾਦਲ ਦੀ ਸਖ਼ਤ ਆਲੋਚਨਾ ਕੀਤੀ। ਉਨਾਂ ਕਿਹਾ ਕਿ ਸਾਬਕਾ ਮੁੱਖ ਮੰਤਰੀ ਇਹ ਦਾਅਵਾ ਕਰਦਾ ਹੈ ਕਿ ਉਹ ਇਸ ਸਮੁੱਚੇ ਘਟਨਾਕ੍ਰਮ ਦੌਰਾਨ ਸੁੱਤਾ ਪਿਆ ਸੀ ਜਦਕਿ ਉਸ ਵੇਲੇ ਦੇ ਡੀ.ਜੀ.ਪੀ. ਨੇ ਪਹਿਲਾਂ ਹੀ ਜਸਟਿਸ ਰਣਜੀਤ ਸਿੰਘ ਅੱਗੇ ਬਾਦਲ ਦੇ ਇਸ ਝੂਠ ਦਾ ਪਰਦਾਫਾਸ਼ ਕਰ ਦਿੱਤਾ ਹੈ। ਕੈਪਟਨ ਅਮਰਿੰਦਰ ਸਿੰਘ ਨੇ ਕਿਹਾ ਕਿ ਇਹ ਕਿਵੇਂ ਹੋ ਸਕਦਾ ਹੈ ਕਿ ਸੂਬੇ ਦੇ ਮੁੱਖ ਮੰਤਰੀ ਨੂੰ ਇੰਨੇ ਮਹੱਤਵਪੂਰਨ ਘਟਨਾਕ੍ਰਮ ਬਾਰੇ ਵੀ ਕੋਈ ਇਲਮ ਨਾ ਹੋਵੇ।
ਕੈਪਟਨ ਅਮਰਿੰਦਰ ਸਿੰਘ ਨੇ ਕਿਹਾ ਕਿ ਡੀ.ਜੀ.ਪੀ. ਨੇ ਉਸ ਸਵੇਰ 2 ਵਜੇ ਬਾਦਲ ਨਾਲ ਗੱਲਬਾਤ ਕੀਤੀ ਅਤੇ ਉਸ ਤੋਂ ਬਾਅਦ ਆਈ.ਜੀ. ਨਾਲ 22 ਵਾਰ ਗੱਲਬਾਤ ਕੀਤੀ। ਮੁੱਖ ਮੰਤਰੀ ਨੇ ਕਿਹਾ ਕਿ ਜੇਕਰ ਇਸ ਸਭ ਕੁਝ ਦੇ ਬਾਵਜੂਦ ਬਾਦਲ ਨੂੰ ਇਸ ਘਟਨਾ ਬਾਰੇ ਕੁਝ ਨਹੀਂ ਪਤਾ ਤਾਂ ਉਸ ਨੂੰ ਇਸ ਗੱਲ ਦੀ ਸ਼ਰਮ ਆਉਣੀ ਚਾਹੀਦੀ ਹੈ। ਉਨਾਂ ਕਿਹਾ ਕਿ ਕਿੰਨੀ ਸ਼ਰਮਨਾਕ ਗੱਲ ਹੈ ਕਿ ਬਾਦਲ ਪਿਓ-ਪੁੱਤ ਨੂੰ ਨਸ਼ਿਆਂ ਨਾਲ ਬਰਬਾਦ ਹੋ ਰਹੀ ਸਾਡੀ ਨੌਜਵਾਨ ਪੀੜੀ ਬਾਰੇ ਵੀ ਕੁਝ ਨਹੀਂ ਸੀ ਪਤਾ। ਉਨਾਂ ਕਿਹਾ ਕਿ ਸਰਹੱਦ ਪਾਰੋਂ ਪਾਕਿਸਤਾਨ ਤੋਂ ਨਸ਼ੇ ਸਾਡੇ ਸੂਬੇ ਵੱਲ ਧੱਕੇ ਜਾ ਰਹੇ ਹਨ।
ਨਸ਼ਿਆਂ ਨਾਲ ਹੋਈਆਂ ਮੌਤਾਂ ਅਤੇ ਕਿਸਾਨਾਂ ਦੇ ਸਿਰ ਤੋਂ ਕਰਜ਼ੇ ਦਾ ਬੋਝ ਨਾ ਘਟਾਉਣ ਵਿੱਚ ਨਾਕਾਮ ਰਹਿਣ ਲਈ ਸਿੱਧੇ ਤੌਰ ’ਤੇ ਬਾਦਲਾਂ ਨੂੰ ਜ਼ਿੰਮੇਵਾਰ ਠਹਿਰਾਉਂਦਿਆਂ ਕੈਪਟਨ ਅਮਰਿੰਦਰ ਸਿੰਘ ਨੇ ਕਿਹਾ ਕਿ ਉਨਾਂ ਦੀ ਸਰਕਾਰ ਵਿੱਤੀ ਸੰਕਟ ਦੇ ਬਾਵਜੂਦ ਇਹ ਕਰਜ਼ੇ ਮੁਆਫ ਕਰੇਗੀ। ਬੇਅਦਬੀ, ਝੂਠੇ ਕੇਸ, ਨਸ਼ੇ, ਉਦਯੋਗ, ਕਿਸਾਨ, ਆਰਥਿਕਤਾ, ਰੁਜ਼ਗਾਰ ਆਦਿ ਸਮੇਤ ਹਰ ਮੁਹਾਜ਼ ’ਤੇ ਪੂਰੀ ਤਰਾਂ ਅਸਫ਼ਲ ਰਹਿਣ ’ਤੇ ਅਕਾਲੀਆਂ ਨੂੰ ਆੜੇ ਹੱਥੀਂ ਲੈਂਦਿਆਂ ਕੈਪਟਨ ਅਮਰਿੰਦਰ ਸਿੰਘ ਨੇ ਅਕਾਲੀ-ਭਾਜਪਾ ਸਰਕਾਰ ਦੇ ਪਿਛਲੇ 10 ਸਾਲਾਂ ਦੇ ਕੁਸ਼ਾਸਨ ਦਾ ਪਰਦਾਫਾਸ਼ ਕਰਕੇ ਬਾਦਲਾਂ ਵੱਲੋਂ ਚਲਾਈ ਜਾ ਰਹੀ ਝੂਠੀ ਮੁਹਿੰਮ ਦਾ ਮੰੂਹ-ਤੋੜਵਾਂ ਜਵਾਬ ਦਿੱਤਾ।
ਬੀਤੇ 18 ਮਹੀਨਿਆਂ ਦੀਆਂ ਕਾਂਗਰਸ ਸਰਕਾਰ ਦੀਆਂ ਪਹਿਲਕਦਮੀਆਂ ਨਾਲ ਅਕਾਲੀਆਂ ਦੀਆਂ ਨਾਕਾਮੀਆਂ ਦੀ ਤੁਲਨਾ ਕਰਦਿਆਂ ਮੁੱਖ ਮੰਤਰੀ ਨੇ ਬਾਦਲ ਵੱਲੋਂ ਬੇਅਦਬੀ ਤੇ ਗੋਲੀਬਾਰੀ ਦੇ ਮਾਮਲਿਆਂ ਦੀ ਜਾਂਚ ਲਈ ਖੁਦ ਹੀ ਬਣਾਏ ਜ਼ੋਰਾ ਸਿੰਘ ਕਮਿਸ਼ਨ ਦੀ ਰਿਪੋਰਟ ਲਾਗੂ ਨਾ ਕਰਨ ’ਤੇ ਆੜੇ ਹੱਥੀਂ ਲਿਆ। ਕੈਪਟਨ ਅਮਰਿੰਦਰ ਸਿੰਘ ਨੇ ਕਿਹਾ ਕਿ ਭਾਵੇਂ ਉਹ ਬਾਦਲਾਂ ਜਾਂ ਕਿਸੇ ਹੋਰ ਖ਼ਿਲਾਫ ਸਿਆਸੀ ਬਦਲਾਖੋਰੀ ਵਿੱਚ ਸ਼ਾਮਲ ਨਹੀਂ ਹੋਣਗੇ ਪਰ ਉਨਾਂ ਨੇ ਐਲਾਨ ਕੀਤਾ ਕਿ ਵਿਸ਼ੇਸ਼ ਜਾਂਚ ਟੀਮ ਦੀ ਪੜਤਾਲ ਵਿੱਚ ਜੋ ਕੋਈ ਵੀ ਦੋਸ਼ੀ ਪਾਇਆ ਗਿਆ, ਉਸ ਨੂੰ ਕਾਨੂੰਨ ਮੁਤਾਬਕ ਸਜ਼ਾ ਮਿਲੇਗੀ ਅਤੇ ਕੋਈ ਵੀ ਬਖ਼ਸ਼ਿਆ ਨਹੀਂ ਜਾਵੇਗਾ।
ਕੈਪਟਨ ਅਮਰਿੰਦਰ ਸਿੰਘ ਨੇ ਤਾੜਨਾ ਕਰਦਿਆਂ ਆਖਿਆ ਕਿ ਬਾਦਲਾਂ ਨੂੰ ਬੇਅਦਬੀ ਅਤੇ ਝੂਠੇ ਮਾਮਲਿਆਂ ਦੇ ਨਾਲਨਾਲ ਨਸ਼ਿਆਂ ਨਾਲ ਨੌਜਵਾਨੀ ਨੂੰ ਤਬਾਹ ਕਰਨ ਅਤੇ ਕਿਸਾਨਾਂ ਦੀਆਂ ਮੌਤਾਂ ਸਮੇਤ ਉਨਾਂ ਵੱਲੋਂ ਕੀਤੇ ਸਾਰੇ ਗੁਨਾਹਾਂ ਦਾ ਹਿਸਾਬ-ਕਿਤਾਬ ਦੇਣਾ ਪਵੇਗਾ। ਬਰਗਾੜੀ, ਬਹਿਬਲ ਕਲਾਂ ਅਤੇ ਕੋਟਕਪੂਰਾ ਘਟਨਾਵਾਂ ਦੇ ਸੰਵੇਦਨਸ਼ੀਲ ਮੁੱਦੇ ’ਤੇ ਅਕਾਲੀ-ਭਾਜਪਾ ਸਰਕਾਰ ਵੱਲੋਂ ਕੋਈ ਕਾਰਵਾਈ ਨਾ ਕਰਨ ਦਾ ਦੋਸ਼ ਲਾਉਂਦਿਆਂ ਕੈਪਟਨ ਅਮਰਿੰਦਰ ਸਿੰਘ ਨੇ ਕਿਹਾ ਕਿ ਕਾਂਗਰਸ ਸਰਕਾਰ ਨੇ ਜਸਟਿਸ (ਸੇਵਾਮੁਕਤ) ਰਣਜੀਤ ਸਿੰਘ ਕਮਿਸ਼ਨ ਸਥਾਪਤ ਕੀਤਾ ਤਾਂ ਕਿ ਲੋਕਾਂ ਸਾਹਮਣੇ ਸੱਚ ਸਾਹਮਣੇ ਆ ਸਕੇ ਅਤੇ ਦੋਸ਼ੀਆਂ ਖ਼ਿਲਾਫ ਕਾਰਵਾਈ ਕਰਨ ਲਈ ਕਾਨੂੰਨੀ ਪ੍ਰਕਿਰਿਆ ਸ਼ੁਰੂ ਕੀਤੀ ਜਾ ਸਕੇ।
ਮੁੱਖ ਮੰਤਰੀ ਨੇ ਚਿਤਾਵਨੀ ਦਿੱਤੀ ਕਿ ਬੇਅਦਬੀ ਨੂੰ ਕਿਸੇ ਵੀ ਕੀਮਤ ’ਤੇ ਬਰਦਾਸ਼ਤ ਨਹੀਂ ਕੀਤਾ ਜਾ ਸਕਦਾ। ਕੈਪਟਨ ਅਮਰਿੰਦਰ ਸਿੰਘ ਨੇ ਸੱਪਸ਼ਟ ਕੀਤਾ ਕਿ ਉਨਾਂ ਦੀ ਸਰਕਾਰ ਬੇਅਦਬੀ ਵਿਰੁੱਧ ਸਖ਼ਤੀ ਜਾਰੀ ਰੱਖੇਗੀ ਤਾਂ ਕਿ ਸੂਬੇ ਵਿੱਚ ਫਿਰਕੂ ਸਦਭਾਵਨਾ ਅਤੇ ਅਮਨ-ਸ਼ਾਂਤੀ ਨੂੰ ਹਰ ਹੀਲੇ ਕਾਇਮ ਰੱਖਿਆ ਜਾ ਸਕੇ। ਮੁੱਖ ਮੰਤਰੀ ਨੇ ਰੈਲੀ ਵਿੱਚ ਲੱਖਾਂ ਦੀ ਤਾਦਾਦ ਵਿੱਚ ਪਹੁੰਚੇ ਲੋਕਾਂ ਦੇ ਜੋਸ਼ ਦੀ ਸ਼ਲਾਘਾ ਕਰਦਿਆਂ ਆਖਿਆ ਕਿ ਪ੍ਰਕਾਸ਼ ਸਿੰਘ ਬਾਦਲ ਪਿੰਡ-ਪਿੰਡ ਜਾ ਕੇ ਲੋਕਾਂ ਨੂੰ ਰੈਲੀ ਵਿੱਚ ਪਹੁੰਚਣ ਲਈ ਤਰਲੇ ਕੱਢਦਾ ਰਿਹਾ ਪਰ ਇਸ ਦੇ ਬਾਵਜੂਦ ਉਸ ਦੀ ਪਟਿਆਲਾ ਰੈਲੀ 30 ਹਜ਼ਾਰ ਲੋਕਾਂ ਦਾ ਇਕੱਠ ਨਾ ਜੁਟਾ ਸਕੀ।
ਉਨਾਂ ਕਿਹਾ ਕਿ ਅੱਡੀ-ਚੋਟੀ ਦਾ ਜ਼ੋਰ ਲਾ ਲੈਣ ਦੇ ਬਾਵਜੂਦ ਬਾਦਲ ਪੂਰੀ ਤਰਾਂ ਲੋਕਾਂ ਦੇ ਮਨਾਂ ਤੋਂ ਲਹਿ ਗਏ ਹਨ। ਲੰਬੀ ਹਲਕੇ ਦੇ ਲੋਕਾਂ ਦੀਆਂ ਮੰਗਾਂ ਪੂਰੀਆਂ ਕਰਨ ਦਾ ਵਾਅਦਾ ਕਰਦਿਆਂ ਕੈਪਟਨ ਅਮਰਿੰਦਰ ਸਿੰਘ ਨੇ ਕਿਹਾ ਕਿ ਬਾਦਲ ਪੰਜ ਵਾਰ ਇਸ ਹਲਕੇ ਤੋਂ ਚੁਣਿਆ ਗਿਆ ਪਰ ਉਹ ਇਹ ਮੰਗਾਂ ਵੀ ਪੂਰੀਆਂ ਨਹੀਂ ਕਰ ਸਕਿਆ। ਉਨਾਂ ਕਿਹਾ ਕਿ ਉਹ ਇਸ ਤੋਂ ਪਹਿਲਾਂ ਲੰਬੀ ਨਹੀਂ ਆ ਸਕੇ ਕਿਉਂਕਿ ਲੋਕਾਂ ਨੇ ਉਨਾਂ ਨੂੰ ਸਮੁੱਚੇ ਸੂਬੇ ਦੇ ਵਿਕਾਸ ਲਈ ਕੰਮ ਕਰਨ ਵਾਸਤੇ ਵਾਗਡੋਰ ਸੌਂਪੀ ਹੈ ਅਤੇ ਉਹ ਵਿਕਾਸ ਕੰਮਾਂ ਲਈ ਦਿਨ-ਰਾਤ ਕੰਮ ਕਰ ਰਹੇ ਹਨ।
ਅਕਾਲੀਆਂ ਵੱਲੋਂ ਆਪਣੇ ਸ਼ਾਸਨਕਾਲ ਦੌਰਾਨ ਲੋਕਾਂ ਨੂੰ ਸਿਆਸੀ ਤੌਰ ’ਤੇ ਨਿਸ਼ਾਨਾ ਬਣਾਉਣ ਦੀ ਕਰੜੀ ਆਲੋਚਨਾ ਕਰਦਿਆਂ ਮੁੱਖ ਮੰਤਰੀ ਨੇ ਕਿਹਾ ਕਿ ਸੱਤਾ ਦੀ ਦੁਰਵਰਤੋਂ ਅਕਾਲੀ ਸਰਕਾਰ ਦੀ ਪਛਾਣ ਮੰਨੀ ਜਾਂਦੀ ਸੀ ਜਿਸ ਦਾ ਸਬੂਤ ਉਨਾਂ ਵੱਲੋਂ ਝੂਠੇ ਪਰਚੇ ਦਰਜ ਕਰਨ ਤੋਂ ਮਿਲਦਾ ਹੈ। ਕੈਪਟਨ ਅਮਰਿੰਦਰ ਸਿੰਘ ਨੇ ਉਨਾਂ ਦੀ ਸਰਕਾਰ ਵੱਲੋਂ ਜਸਟਿਸ (ਸੇਵਾਮੁਕਤ) ਮਹਿਤਾਬ ਸਿੰਘ ਕਮਿਸ਼ਨ ਦੀ ਸਥਾਪਨਾ ਦਾ ਜ਼ਿਕਰ ਕਰਦਿਆਂ ਆਖਿਆ ਕਿ ਹੁਣ ਤੱਕ ਕਮਿਸ਼ਨ ਨੂੰ ਝੂਠੇ ਮਾਮਲਿਆਂ ਦੀਆਂ 4451 ਸ਼ਿਕਾਇਤਾਂ ਹਾਸਲ ਹੋਈਆਂ ਹਨ ਜਿਨਾਂ ਵਿੱਚ ਕਮਿਸ਼ਨ ਨੇ 355 ਕੇਸ ਰੱਦ ਕਰਨ ਦੀ ਸਿਫਾਰਸ਼ ਕੀਤੀ ਹੈ ਅਤੇ ਬਾਕੀ ਕੇਸ ਵੀ ਵਿਚਾਰ ਅਧੀਨ ਹਨ।
ਪਿਛਲੀ ਅਕਾਲੀ ਭਾਜਪਾ ਸਰਕਾਰ ਵੱਲੋਂ ਕਰਜ਼ੇ ’ਚ ਡੁੱਬੇ ਕਿਸਾਨਾਂ ਦੀ ਸਾਰ ਨਾ ਲੈਣ ’ਤੇ ਸਖ਼ਤ ਆਲੋਚਨਾ ਕਰਦਿਆਂ ਕੈਪਟਨ ਅਮਰਿੰਦਰ ਸਿੰਘ ਨੇ ਕਿਹਾ ਕਿ ਉਨਾਂ ਦੀ ਸਰਕਾਰ ਨੇ 10.25 ਲੱਖ ਕਿਸਾਨਾਂ ਦਾ ਦੋ-ਦੋ ਲੱਖ ਰੁਪਏ ਤੱਕ ਦਾ ਫਸਲੀ ਕਰਜ਼ਾ ਮੁਆਫ ਕਰਨ ਲਈ ਕਰਜ਼ਾ ਰਾਹਤ ਸਕੀਮ ਸ਼ੁਰੂ ਕੀਤੀ ਅਤੇ ਹੁਣ ਤੱਕ 337214 ਕਿਸਾਨਾਂ ਨੂੰ 2179 ਕਰੋੜ ਰੁਪਏ ਦੀ ਕਰਜ਼ਾ ਰਾਹਤ ਦਿੱਤੀ ਜਾ ਚੁੱਕੀ ਹੈ। ਉਨਾਂ ਨੇ ਵਾਅਦਾ ਕੀਤਾ ਕਿ ਇਸ ਸਾਲ ਦੇ ਅੰਤ ਤੱਕ ਸਮੁੱਚੇ 10.5 ਲੱਖ ਸੀਮਾਂਤ ਅਤੇ ਛੋਟੇ ਕਿਸਾਨਾਂ ਨੂੰ ਕਰਜ਼ਾ ਮੁਆਫੀ ਸਕੀਮ ਦਾ ਲਾਭ ਦੇ ਦਿੱਤਾ ਜਾਵੇਗਾ।
ਸੂਬੇ ਦੀ ਕਾਂਗਰਸ ਸਰਕਾਰ ਵੱਲੋਂ ਕਿਸਾਨਾਂ ਦੀ ਭਲਾਈ ਲਈ ਚੁੱਕੇ ਕਦਮਾਂ ਦਾ ਜ਼ਿਕਰ ਕਰਦਿਆਂ ਮੁੱਖ ਮੰਤਰੀ ਨੇ ਆਖਿਆ ਕਿ ਸਾਲ 2017 ਵਿੱਚ ਪਿਛਲੇ ਸੀਜ਼ਨ ਨਾਲੋਂ ਅਨਾਜ਼ ਦੀ ਖ਼ਰੀਦ 36 ਫੀਸਦੀ ਵੱਧ ਹੋਈ ਹੈ। ਉਨਾਂ ਕਿਹਾ ਕਿ ਫਸਲਾਂ ਦੀ ਨਿਰਵਿਘਨ ਖ਼ਰੀਦ ਅਤੇ ਸਮੇਂ ਸਿਰ ਅਦਾਇਗੀ ਹੋਣ ਨਾਲ ਕਿਸਾਨਾਂ ਨੂੰ 30,000 ਕਰੋੜ ਰੁਪਏ ਅਦਾ ਕੀਤੇ ਗਏ। ਮੁੱਖ ਮੰਤਰੀ ਨੇ ਕਿਹਾ ਕਿ ਅਕਾਲੀਆਂ ਨੇ ਆਪਣੇ ਨਿੱਜੀ ਆਰਥਿਕ ਅਤੇ ਵਿੱਤੀ ਏਜੰਡੇ ਦੀ ਕੀਮਤ ‘ਤੇ ਟਰਾਂਸਪੋਰਟ, ਮੀਡੀਆ, ਰੇਤਾ ਅਤੇ ਬੱਜਰੀ ਦੇ ਕਾਰੋਬਾਰ ਦੀ ਇਜਾਰੇਦਾਰੀ ਬਣਾ ਕੇ ਸੂਬੇ ਦੀ ਆਰਥਿਕਤਾ ਤਬਾਹ ਕਰ ਦਿੱਤੀ।
ਮੁੱਖ ਮੰਤਰੀ ਨੇ ਕਿਹਾ ਕਿ ਉਨਾਂ ਦਾ ਸਰਕਾਰ ਨੇ ਨਾ ਸਿਰਫ਼ ਵੱਖ-ਵੱਖ ਮਾਫੀਏ ਦਾ ਖ਼ਾਤਮਾ ਕੀਤਾ ਹੈ ਸਗੋਂ ਉਨਾਂ ਦੀ ਸਰਕਾਰ ਨੇ ਸਨਅਤੀ ਨਿਵੇਸ਼ ਅਤੇ ਉਤਪਾਦਨ ਵਿੱਚ ਵਾਧਾ ਕਰ ਕੇ ਕਰਜ਼ੇ ਵਿੱਚ ਡੁੱਬੇ ਸੂਬੇ ਨੂੰ ਮੁੜ ਆਰਥਿਕ ਸੁਰਜੀਤੀ ਵੱਲ ਤੋਰਿਆ ਹੈ। ਨਸ਼ਿਆਂ ਦੇ ਮੁੱਦੇ ਉਤੇ ਕੈਪਟਨ ਅਮਰਿੰਦਰ ਸਿੰਘ ਨੇ ਅਕਾਲੀਆਂ ਉਤੇ ਉਂਗਲ ਚੁੱਕਦਿਆਂ ਕਿਹਾ ਕਿ ਉਨਾਂ ਪੰਜਾਬ ਵਿੱਚ ਨਸ਼ਿਆਂ ਦੀ ਹੋਂਦ ਤੋਂ ਹੀ ਇਨਕਾਰ ਕੀਤਾ ਸੀ ਜਦੋਂ ਕਿ ਇਸ ਨੇ ਪੂਰੀ ਪੀੜੀ ਨੂੰ ਤਬਾਹ ਕਰ ਦਿੱਤਾ। ਉਨਾਂ ਕਿਹਾ ਕਿ ਦੂਜੇ ਪਾਸੇ ਸਾਡੀ ਸਰਕਾਰ ਨੇ ਨਸ਼ਿਆਂ ਖ਼ਿਲਾਫ਼ ਪੂਰਾ ਤਾਣ ਲਾ ਦਿੱਤਾ ਹੈ ਅਤੇ ਇਸ ਖ਼ਤਰੇ ਦੇ ਟਾਕਰੇ ਅਤੇ ਆਉਣ ਵਾਲੀਆਂ ਨਸਲਾਂ ਨੂੰ ਬਚਾਉਣ ਲਈ ਐਸ.ਟੀ.ਐਫ. ਕਾਇਮ ਕੀਤੀ ਹੈ।
ਇਸ ਮੌਕੇ ਮੁੱਖ ਮੰਤਰੀ ਨੇ ਨਸ਼ਿਆਂ ਦੇ ਖ਼ਤਰੇ ਬਾਰੇ ਲੋਕਾਂ ਨੂੰ ਜਾਗਰੂਕ ਕਰਨ ਲਈ ਬਠਿੰਡਾ ਪੁਲੀਸ ਦੀ ਪੋਸਟਰ ਤੇ ਬੈਨਰ ਮੁਹਿੰਮ ਦਾ ਵੀ ਰਸਮੀ ਆਗਾਜ਼ ਕੀਤਾ। ਸੂਬੇ ਵਿੱਚ ਵੱਡੇ ਪੱਧਰ ’ਤੇ ਬੇਰੁਜ਼ਗਾਰੀ ਦੇ ਮਸਲੇ ਉਪਰ ਅਕਾਲੀਆਂ ਨੂੰ ਕਰੜੇ ਹੱਥੀਂ ਲੈਂਦਿਆਂ ਮੁੱਖ ਮੰਤਰੀ ਨੇ ਆਪਣੀ ਸਰਕਾਰ ਦੀ ‘ਘਰ ਘਰ ਰੋਜ਼ਗਾਰ ਤੇ ਕਾਰੋਬਾਰ’ ਸਕੀਮ ਦਾ ਹਵਾਲਾ ਦਿੰਦਿਆਂ ਕਿਹਾ ਕਿ ਪਿਛਲੇ 18 ਮਹੀਨਿਆਂ ਦੌਰਾਨ ਰੋਜ਼ਾਨਾ 800 ਨੌਕਰੀਆਂ ਦਿੱਤੀਆਂ ਗਈਆਂ ਅਤੇ ਹੁਣ ਤੱਕ 3,93,320 ਨੌਜਵਾਨਾਂ ਨੂੰ ਨੌਕਰੀਆਂ/ਸਵੈ-ਰੋਜ਼ਗਾਰ ਦੇ ਮੌਕੇ ਦਿੱਤੇ ਗਏ ਹਨ।
ਮੁੱਖ ਮੰਤਰੀ ਨੇ ‘ਮਹਾਤਮਾ ਗਾਂਧੀ ਸਰਬੱਤ ਵਿਕਾਸ ਯੋਜਨਾ’ (ਐਮਜੀਐਸਵੀਵਾਈ) ਸਣੇ ਵਧਾਈ ਪੈਨਸ਼ਨ ਦੀ ਸਮਾਂਬੱਧ ਅਦਾਇਗੀ, ਸਿਹਤ ਬੀਮਾ ਸਕੀਮ, ਿਕ ਸੜਕਾਂ ਬਣਾਉਣ ਤੇ ਮੁਰੰਮਤ ਵਰਗੀਆਂ ਪਿਛਲੇ 18 ਮਹੀਨਿਆਂ ਵਿੱਚ ਆਪਣੀ ਸਰਕਾਰ ਦੀਆਂ ਹੋਰ ਪ੍ਰਾਪਤੀਆਂ ਦਾ ਵੀ ਜ਼ਿਕਰ ਕੀਤਾ। ਰੈਲੀ ਨੂੰ ਸੰਬੋਧਨ ਕਰਦਿਆਂ ਜੰਗਲਾਤ ਤੇ ਸਮਾਜ ਭਲਾਈ ਮੰਤਰੀ ਸ੍ਰੀ ਸਾਧੂ ਸਿੰਘ ਧਰਮਸੋਤ ਨੇ ਬਾਦਲ ਪਿਓ-ਪੁੱਤ, ਹਰਸਿਮਰਤ ਕੌਰ ਬਾਦਲ ਤੇ ਬਿਕਰਮਜੀਤ ਸਿੰਘ ਮਜੀਠੀਆ ਨੂੰ ਆੜੇ ਹੱਥੀਂ ਲੈਂਦਿਆਂ ਕਿਹਾ ਕਿ ਉਨਾਂ ਗੁੰਡਾ ਅਨਸਰਾਂ ਰਾਹੀਂ ਪਿਛਲੇ 10 ਸਾਲਾਂ ਵਿੱਚ ਪੰਜਾਬ ਨੂੰ ਲੁੱਟਿਆ।
ਉਨਾਂ ਕਿਸਾਨਾਂ ਦੀ ਭਲਾਈ ਲਈ ਪਿਛਲੀ ਯੂ.ਪੀ.ਏ. ਸਰਕਾਰ ਵੱਲੋਂ ਭੇਜੇ ਪੈਸੇ ਨਾਲ ਵੀ ਆਪਣੀਆਂ ਜੇਬਾਂ ਭਰੀਆਂ। ਸ੍ਰੀ ਧਰਮਸੋਤ ਨੇ ਕਿਹਾ ਕਿ 2017 ਵਿੱਚ ਪੰਜਾਬ ਦੇ ਲੋਕਾਂ ਨੇ ਬਾਦਲਾਂ ਨੂੰ ਚੰਗਾ ਸਬਕ ਸਿਖਾਇਆ। ਉਨਾਂ ਜ਼ੋਰ ਦੇ ਕੇ ਆਖਿਆ ਕਿ ਬਾਦਲ ਆਪਣੇ ਪੂਰੇ ਪਰਿਵਾਰ ਨੂੰ ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਦੇ ਗੁਨਾਹਾਂ ਦੇ ਨਤੀਜੇ ਭੁਗਤਦਿਆਂ ਦੇਖਣਗੇ। ਉਨਾਂ ਕਿਹਾ ਕਿ ਪੰਜਾਬ ਵਿੱਚੋਂ ਬਾਦਲਾਂ ਦੇ ਨਾਮ ਦਾ ਸਫ਼ਾਇਆ ਹੋ ਜਾਵੇਗਾ।ਵਿੱਤ ਮੰਤਰੀ ਮਨਪ੍ਰੀਤ ਸਿੰਘ ਬਾਦਲ ਨੇ ਕਿਹਾ ਕਿ ਇਸ ਰੈਲੀ ਨੂੰ ਮਿਲਿਆ ਜਨਤਕ ਹੁੰਗਾਰਾ ਬਾਦਲਾਂ ਦੇ ਸਾਮਰਾਜ ਦੇ ਪਤਨ ਦਾ ਸਪੱਸ਼ਟ ਸੰਕੇਤ ਹੈ। ਰਾਜ ਦੀ ਆਉਣ ਵਾਲੀਆਂ ਪੀੜੀਆਂ ਨੂੰ ਤਬਾਹ ਕਰਨ ਲਈ ਅਕਾਲੀਆਂ ਦੀ ਨਿਖੇਧੀ ਕਰਦਿਆਂ ਉਨਾਂ ਅਹਿਦ ਲਿਆ ਕਿ ਕੈਪਟਨ ਅਮਰਿੰਦਰ ਸਿੰਘ ਸਰਕਾਰ ਰਾਜ ਦੇ ਲੋਕਾਂ ਲਈ ਨਵੇਂ ਪੰਜਾਬ ਦਾ ਨਿਰਮਾਣ ਕਰੇਗੀ।
ਬਰਗਾੜੀ ਬੇਅਦਬੀ ਮਾਮਲੇ ਅਤੇ ਇਸ ਤੋਂ ਬਾਅਦ ਵਾਪਰੀਆਂ ਪੁਲੀਸ ਗੋਲੀਬਾਰੀ ਦੀਆਂ ਘਟਨਾਵਾਂ ਦਾ ਹਵਾਲਾ ਦਿੰਦਿਆਂ ਉਨਾਂ ਕਿਹਾ ਕਿ ਜਸਟਿਸ ਰਣਜੀਤ ਸਿੰਘ ਕਮਿਸ਼ਨ ਦੀ ਰਿਪੋਰਟ ਰਾਹੀਂ ਮੁੱਖ ਮੰਤਰੀ ਨੇ ਦਰਸਾ ਦਿੱਤਾ ਹੈ ਕਿ ਇਸ ਜੁਰਮ ਲਈ ਕਿਸੇ ਨੂੰ ਵੀ ਬਖ਼ਸ਼ਿਆ ਨਹੀਂ ਜਾਵੇਗਾ, ਫਿਰ ਚਾਹੇ ਉਹ ਰਾਜ ਦੇ ਸਿਆਸੀ ਪਰਿਪੇਖ ਵਿੱਚ ਕਿੰਨਾ ਵੀ ਵੱਡਾ ਆਗੂ ਕਿਉਂ ਨਾ ਹੋਵੇ।
ਬਾਦਲ ਅਤੇ ਹੋਰ ਅਕਾਲੀ ਆਗੂ ਆਪਣੇ ਪਾਪਾਂ ਕਾਰਨ ਨਿਸ਼ਚਿਤ ਤੌਰ ’ਤੇ ਕਾਨੂੰਨ ਦੇ ਸ਼ਿਕੰਜੇ ਵਿੱਚ ਆਉਣਗੇ। ਪੰਜਾਬ ਕਾਂਗਰਸ ਦੇ ਪ੍ਰਧਾਨ ਸੁਨੀਲ ਜਾਖੜ ਨੇ ਪ੍ਰਕਾਸ਼ ਸਿੰਘ ਬਾਦਲ ’ਤੇ ਨਿਸ਼ਾਨਾ ਸਾਧਦਿਆਂ ਕਿਹਾ ਕਿ ਉਹ ਆਪਣੀ ਸੌੜੀ ਸੋਚ ਨਾਲ ਪੰਜਾਬ ਦੀ ਭਾਈਚਾਰਕ ਏਕਤਾ ਲਈ ਵੱਡਾ ਖਤਰਾ ਖੜਾ ਕਰ ਰਹੇ ਹਨ ਜੋ ਕਿ ਉਨਾਂ ਵੱਲੋਂ ਪੰਜਾਬ ਦੀ ਸ਼ਾਂਤੀ ਲਈ ਆਪਣੇ ਪਰਿਵਾਰ ਦੀ ਕੁਰਬਾਨੀ ਦੇ ਲੰਬੇ ਚੌੜੇ ਦਾਅਵਿਆਂ ਤੋਂ ਬਿਲਕੁਲ ਉਲਟ ਹੈ। ਉਨਾਂ ਬਾਦਲਾਂ ’ਤੇ ਵਰਦਿਆਂ ਕਿਹਾ ਕਿ ਜਦੋਂ ਬੇਦਅਬੀ ਦੀਆਂ ਘਟਨਾਵਾਂ ਕਾਰਨ ਸਮੁੱਚਾ ਸਿੱਖ ਪੰਥ ਆਹਤ ਸੀ,
ਉਸ ਮੌਕੇ ਉਹ ਚੰਡੀਗੜ ਆਪਣੇ ਬੰਗਲਿਆਂ ’ਚ ਲੁਕੇ ਬੈਠੈ ਸਨ। ਉਨਾਂ ਨੇ ਪ੍ਰਕਾਸ਼ ਸਿੰਘ ਬਾਦਲ ’ਤੇ ਦੋਸ਼ ਲਾਇਆ ਕਿ ਉਨਾਂ ਦੇ ਪੁੱਤਰ-ਮੋਹ ਦੀ ਮਜਬੂਰੀ ਹੀ ਅੱਜ ਸੁਖਬੀਰ ਨੂੰ ਬਚਾਉਣ ’ਤੇ ਪੂਰੀ ਤਾਕਤ ਝੋਕੀ ਬੈਠੀ ਹੈ। ਉਨਾਂ ਕਿਹਾ ਕਿ ਹਮੇਸ਼ਾ ਪੰਥ ਨੂੰ ਖਤਰੇ ’ਚ ਦੱਸਣ ਵਾਲੇ ਬਾਦਲਾਂ ਲਈ ਇਸ ਵਾਰ ਪੰਥ ਨਹੀਂ ਸਗੋਂ ਉਨਾਂ ਦਾ ਆਪਣਾ ਪਰਿਵਾਰ ਕੀਤੇ ਪਾਪਾਂ ਲਈ ਖਤਰੇ ’ਚ ਹੈ। ਉਨਾਂ ਲੋਕਾਂ ਨੂੰ ਸੱਦਾ ਦਿੱਤਾ ਕਿ ਉਹ ਐਸ. ਜੀ.ਪੀ.ਸੀ. ਨੂੰ ਬਾਦਲਾਂ ਦੇ ਕਬਜ਼ੇ ’ਚੋਂ ਛੁਡਾ ਕੇ ਧਾਰਮਿਕ ਸਥਾਨਾਂ ਦੀ ਰਾਜਨੀਤਕ ਵਰਤੋਂ ਅਤੇ ਸੋਸ਼ਣ ਨੂੰ ਠੱਲ ਪਾਉਣ।
ਨਰਿੰਦਰ ਮੋਦੀ ਸਰਕਾਰ ’ਤੇ ਹਮਲਾ ਕਰਿਦਆਂ ਉਨਾਂ ਕਿਹਾ ਕਿ ਤੇਲ ਤੇ ਹੋਰ ਜ਼ਰੂਰੀ ਵਸਤਾਂ ਦੀਆਂ ਕੀਮਤਾਂ ਦੇ ਅਸਮਾਨ ਛੂੰਹਦੇ ਭਾਅ ਨੇ ਲੋਕਾਂ ਦਾ, ਖਾਸ ਕਰ ਕਿਸਾਨੀ ਦਾ ਲੱਕ ਤੋੜ ਦਿੱਤਾ ਹੈ। ਗਿੱਦੜਬਾਹਾ ਦੇ ਐਮ.ਐਲ.ਏ. ਅਮਰਿੰਦਰ ਸਿੰਘ ਰਾਜਾ ਵੜਿੰਗ ਨੇ ਬਾਦਲਾਂ ਨੂੰ ਕਰੜੇ ਹੱਥੀ ਲੈਂਦਿਆਂ ਕਿਹਾ ਕਿ ਉਹ ਸੂਬੇ ’ਚ ਬੇਅਦਬੀ ਦੀਆਂ ਘਟਨਾਵਾਂ ਦੇ ਜ਼ਿੰਮੇਵਾਰਾਂ ਖਿਲਾਫ਼ ਕੋਈ ਵੀ ਕਾਰਵਾਈ ਕਰਨੋਂ ਅਸਫ਼ਲ ਰਹੇ। ਉਨਾਂ ਕਿਹਾ ਕਿ ਇਸ ਦੇ ਉਲਟ ਕੈਪਟਨ ਅਮਰਿੰਦਰ ਸਿੰਘ ਨੇ ਹਮੇਸ਼ਾ ਵਾਂਗ ਸਿੱਖ ਕੌਮ ਦੇ ਹਿੱਤਾਂ ਦੀ ਰਾਖੀ ਪ੍ਰਤੀ ਜ਼ਿੰਮੇਂਵਾਰੀ ਨਿਭਾਈ ਹੈ।
ਉਨਾਂ ਐਲਾਨ ਕੀਤਾ ਕਿ ਪੰਜਾਬ ਦੇ ਲੋਕਾਂ ਨਾਲ ਜ਼ਿਆਦਤੀ ਕਰਨ ਵਾਲਾ ਕੋਈ ਵੀ, ਚਾਹੇ ਉਹ ਸੁਖਬੀਰ ਹੋਵੇ ਜਾਂ ਫ਼ਿਰ ਬਿਕਰਮ ਮਜੀਠੀਆ, ਬਖਸ਼ਿਆ ਨਹੀਂ ਜਾਵੇਗਾ। ਉਨਾਂ ਕਿਹਾ ਕਿ ਇਹ ਰੈਲੀ ਅਕਾਲੀਆਂ ਦੇ ਕਫ਼ਨ ’ਚ ਕਿੱਲ ਸਾਬਿਤ ਹੋਵੇਗੀ। ਕੁੱਲ ਹਿੰਦ ਕਾਂਗਰਸ ਕਮੇਟੀ ਦੇ ਸਕੱਤਰ ਹਰੀਸ਼ ਚੌਧਰੀ ਨੇ ਲੰਬੀ ਦੇ ਲੋਕਾਂ ਨੂੰ ਇਕੱਠ ਪੱਖੋਂ ਪਿਛਲੀਆਂ ਸਾਰੀਆਂ ਰੈਲੀਆਂ ਦੇ ਰਿਕਾਰਡ ਤੋੜਨ ਲਈ ਵਧਾਈ ਦਿੱਤੀ। ਉਨਾਂ ਨੇ ਕੈਪਟਨ ਅਮਰਿੰਦਰ ਸਿੰਘ ਸਰਕਾਰ ਵੱਲੋਂ ਪਿਛਲੇ 18 ਮਹੀਨਿਆਂ ’ਚ ਰਾਜ ’ਚ ਲਿਆਂਦੀ ਹਾਂ-ਪੱਖੀ ਤਬਦੀਲੀ ਲਈ ਵੀ ਵਧਾਈ ਦਿੱਤੀ।
ਉਨਾਂ ਲੋਕਾਂ ਨੂੰ ਵਿਸ਼ਵਾਸ ਦਿਵਾਇਆ ਕਿ ਅਗਲੇ ਤਿੰਨ ਸਾਲਾਂ ’ਚ ਕੈਪਟਨ ਅਮਰਿੰਦਰ ਸਿੰਘ ਦੀ ਅਗਵਾਈ ’ਚ ਪੰਜਾਬ ਤਰੱਕੀ ਦੀਆਂ ਨਵੀਂਆਂ ਮੰਜ਼ਿਲਾਂ ਛੋਹੇਗਾ।ਇਸ ਤੋਂ ਪਹਿਲਾਂ ਬਿਜਲੀ ਮੰਤਰੀ ਗੁਰਪ੍ਰੀਤ ਸਿੰਘ ਕਾਂਗੜ ਨੇ ਮੁੱਖ ਮੰਤਰੀ ਦਾ ਰੈਲੀ ਸਥਾਨ ’ਤੇ ਪੁੱਜਣ ’ਤੇ ਸਵਾਗਤ ਕੀਤਾ। ਕੈਪਟਨ ਅਮਰਿੰਦਰ ਸਿੰਘ ਸਰਕਾਰ ਦੀਆਂ ਪ੍ਰਾਪਤੀਆਂ ਦਰਸਾਉਂਦਾ ਵੀਡਿਓ ਵੀ ਲੋਕਾਂ ਨੂੰ ਦਿਖਾਇਆ ਗਿਆ। ਰੈਲੀ ’ਚ ਪੁੱਜੀਆਂ ਅਹਿਮ ਸਖਸ਼ੀਅਤਾਂ ’ਚ ਪੇਂਡੂ ਵਿਕਸਾ ਤੇ ਪੰਚਾਇਤ ਮੰਤਰੀ ਤਿ੍ਰਪਤ ਰਜਿੰਦਰ ਸਿੰਘ ਰੰਧਾਵਾ, ਸਹਿਕਾਰਤਾ ਮੰਤਰੀ ਸੁਖਜਿੰਦਰ ਸਿੰਘ ਰੰਧਾਵਾ,
ਮਾਲ ਮੰਤਰੀ ਸੁਖਬਿੰਦਰ ਸਿੰਘ ਸਰਕਾਰੀਆ, ਖੁਰਾਕ ਤੇ ਸਿਵਲ ਸਪਲਾਈ ਮੰਤਰੀ ਭਾਰਤ ਭੂਸ਼ਣ ਆਸ਼ੂ, ਉਦਯੋਗ ਮੰਤਰੀ ਸੁੰਦਰ ਸ਼ਾਮ ਅਰੋੜਾ, ਖੇਡ ਮੰਤਰੀ ਰਾਣਾ ਗੁਰਮੀਤ ਸਿੰਘ ਸੋਢੀ, ਪਸ਼ੂ ਪਾਲਣ ਮੰਤਰੀ ਬਲਬੀਰ ਸਿੰਘ ਸਿੱਧੂ, ਡਿਪਟੀ ਸਪੀਕਰ ਪੰਜਾਬ ਵਿਧਾਨ ਸਭਾ ਅਜਾਇਬ ਸਿੰਘ ਭੱਟੀ, ਮੁੱਖ ਮੰਤਰੀ ਦੇ ਮੀਡੀਆ ਸਲਾਹਕਾਰ ਰਵੀਨ ਠੁਕਰਾਲ, ਲੋਕ ਸਭਾ ਮੈਂਬਰ ਰਵਨੀਤ ਸਿੰਘ ਬਿੱਟੂ ਤੇ ਗੁਰਜੀਤ ਸਿੰਘ ਔਜਲਾ, ਮਾਰਕਫ਼ੈਡ ਦੇ ਚੇਅਰਮੈਨ ਅਮਰਜੀਤ ਸਿੰਘ ਸਮਰਾ, ਮੰਡੀ ਬੋਰਡ ਦੇ ਚੇਅਰਮੈਨ ਲਾਲ ਸਿੰਘ ਤੋਂ ਇਲਾਵਾ ਵੱਡੀ ਗਿਣਤੀ ’ਚ ਕਾਂਗਰਸ ਵਿਧਾਇਕ ਸ਼ਾਮਲ ਸਨ।
                    
                