
ਪੰਜਾਬ ਵਿਚ ਕਣਕ ਦੀ ਬਿਜਾਈ ਪੂਰੇ ਜ਼ੋਰਾਂ 'ਤੇ ਚੱਲ ਰਹੀ ਹੈ। ਕਣਕ ਦੀ ਬਿਜਾਈ 85 ਲੱਖ ਏਕੜ ਵਿਚ ਹੋਣੀ ਹੈ ਜਿਸ...
ਚੰਡੀਗੜ੍ਹ (ਸਸਸ) : ਪੰਜਾਬ ਵਿਚ ਕਣਕ ਦੀ ਬਿਜਾਈ ਪੂਰੇ ਜ਼ੋਰਾਂ 'ਤੇ ਚੱਲ ਰਹੀ ਹੈ। ਕਣਕ ਦੀ ਬਿਜਾਈ 85 ਲੱਖ ਏਕੜ ਵਿਚ ਹੋਣੀ ਹੈ ਜਿਸ ਵਿਚੋਂ 55 ਲੱਖ ਏਕੜ ਵਿਚ ਬਿਜਾਈ ਹੁਣ ਤੱਕ ਮੁਕੰਮਲ ਹੋ ਚੁੱਕੀ ਹੈ ਜੋ ਕਿ ਪਿਛਲੇ ਸਾਲ ਦੇ ਮੁਕਾਬਲੇ 4 ਫੀਸਦੀ ਵੱਧ ਹੈ। ਇਸ ਬਾਰੇ ਜਾਣਕਾਰੀ ਦਿੰਦਿਆਂ ਖੇਤੀਬਾੜੀ ਵਿਭਾਗ ਦੇ ਡਾਇਰੈਕਟਰ ਜਸਬੀਰ ਸਿੰਘ ਬੈਂਸ ਨੇ ਦੱਸਿਆ
ਕਿ ਇਸ ਸਾਲ ਸਰਕਾਰ ਨੇ ਪਹਿਲੀ ਵਾਰ ਬਹੁਤ ਵੱਡੇ ਪੱਧਰ 'ਤੇ ਕਣਕ ਦੀ ਸਿੱਧੀ ਬਿਜਾਈ ਕਰਨ ਵਾਲੀਆਂ 11844 ਮਸ਼ੀਨਾਂ 50% ਤੋਂ 80% ਸਬਸਿਡੀ 'ਤੇ ਕਿਸਾਨਾਂ ਨੂੰ ਦਿਤੀਆਂ ਹਨ ਜਿਨ੍ਹਾਂ ਦਾ ਕਿਸਾਨ ਭਰਪੂਰ ਫਾਇਦਾ ਉਠਾ ਰਹੇ ਹਨ। ਸ੍ਰੀ ਬੈਂਸ ਨੇ ਅੱਗੇ ਦੱਸਿਆ ਕਿ ਸਰਕਾਰ ਵਲੋਂ ਇਸ ਸਾਲ ਪਰਾਲੀ ਦੀ ਸੰਭਾਲ ਲਈ ਕੁਲ 25922 ਮਸ਼ੀਨਾਂ ਸਬਸਿਡੀ 'ਤੇ ਦਿਤੀਆਂ ਗਈਆਂ ਹਨ
ਜਿਨ੍ਹਾਂ ਨਾਲ ਕਿਸਾਨ ਖੇਤ ਦੀ ਪਰਾਲੀ ਨੂੰ ਬਿਨਾਂ ਵਾਹੇ ਜਾਂ ਬਿਨਾਂ ਅੱਗ ਲਗਾਏ ਸਿੱਧੀ ਕਣਕ ਬੀਜ ਸਕਦੇ ਹਨ ਜਿਸ ਨਾਲ ਨਾ ਸਿਰਫ਼ ਸਮੇਂ ਦੀ ਬੱਚਤ ਹੁੰਦੀ ਹੈ ਸਗੋਂ ਖਰਚਾ ਵੀ ਘੱਟ ਹੁੰਦਾ ਹੈ। ਉਨ੍ਹਾਂ ਦੱਸਿਆ ਕਿ ਪੰਜਾਬ ਵਿਚ ਇਸ ਸਾਲ ਕਣਕ ਦੀ ਬਿਜਾਈ ਸਮੇਂ ਸਿਰ ਹੋਣ ਨਾਲ ਕਣਕ ਦਾ ਝਾੜ ਵੀ ਵਧੀਆ ਹੋਣ ਦੀ ਸੰਭਾਵਨਾ ਹੈ।