
ਲਖਨੌਰ-ਲਾਂਡਰਾਂ ਸੜਕ ਦੀ ਮੁਰੰਮਤ ਲਈ ਪਿੰਡ ਲਖਨੌਰ ਜਿੱਥੇ ਇਸ ਸੜਕ 'ਤੇ ਸੈਕਟਰ-75 ਅਤੇ 76 ਨੂੰ ਵੰਡਦੀ ਸੜਕ ਮਿਲਦੀ ਹੈ...
ਐਸ.ਏ.ਐਸ.ਨਗਰ, 14 ਦਸੰਬਰ (ਕੁਲਦੀਪ ਸਿੰਘ) : ਲਖਨੌਰ-ਲਾਂਡਰਾਂ ਸੜਕ ਦੀ ਮੁਰੰਮਤ ਲਈ ਪਿੰਡ ਲਖਨੌਰ ਜਿੱਥੇ ਇਸ ਸੜਕ 'ਤੇ ਸੈਕਟਰ-75 ਅਤੇ 76 ਨੂੰ ਵੰਡਦੀ ਸੜਕ ਮਿਲਦੀ ਹੈ ਤੋਂ ਲਾਂਡਰਾ ਜੰਕਸ਼ਨ ਵਾਲੇ ਪਾਸੇ ਜਾਣ ਵਾਲੀ ਆਵਾਜਾਈ ਅਤੇ ਲਾਂਡਰਾਂ ਜੰਕਸ਼ਨ ਤੋਂ ਲਖਨੌਰ-ਸੋਹਾਣਾ ਵਾਲੇ ਪਾਸੇ ਆਉਣ ਵਾਲੀ ਆਵਾਜਾਈ ਮਿਤੀ 17-12-2018 ਤੋਂ 23-12-2018 ਤੱਕ ਮੁਕੰਮਲ ਤੌਰ 'ਤੇ ਬੰਦ ਰਹੇਗੀ। ਇਹ ਜਾਣਕਾਰੀ ਦਿੰਦਿਆਂ ਡਿਪਟੀ ਕਮਿਸ਼ਨਰ ਸ੍ਰੀਮਤੀ ਗੁਰਪ੍ਰੀਤ ਕੌਰ ਸਪਰਾ ਨੇ ਦੱਸਿਆ ਕਿ ਗਮਾਡਾ ਵੱਲੋਂ ਸੈਕਟਰ 78-79 ਨੂੰ ਵੰਡਦੀ ਚਹੁੰਮਾਰਗੀ ਸੜਕ ਮੁਕੰਮਲ ਕਰ ਕੇ ਆਵਾਜਾਈ ਲਈ ਖੋਲ੍ਹ ਦਿੱਤੀ ਗਈ ਹੈ।
ਇਸ ਲਈ ਸੈਕਟਰ 75-76 (ਪਿੰਡ ਲਖਨੌਰ) ਅਤੇ ਚੰਡੀਗੜ੍ਹ/ਮੋਹਾਲੀ ਤੋਂ ਆਉਣ ਵਾਲੀ ਟਰੈਫਿਕ ਰਾਧਾ ਸਵਾਮੀ ਸਤਸੰਗ ਘਰ ਨੇੜਲੀਆਂ ਲਾਈਟਾਂ ਤੋਂ ਲਾਂਡਰਾ ਚੌਕ ਨੂੰ ਜਾਣ ਲਈ ਸੈਕਟਰ 78-79 ਵਾਲੀ ਚਹੁੰਮਾਰਗੀ ਸੜਕ ਦੀ ਵਰਤੋਂ ਕਰੇਗੀ। ਡਿਪਟੀ ਕਮਿਸ਼ਨਰ ਨੇ ਦੱਸਿਆ ਕਿ ਲਾਂਡਰਾ ਸਾਈਡ ਤੋਂ ਚੰਡੀਗੜ੍ਹ/ਮੋਹਾਲੀ ਨੂੰ ਆਉਣ ਵਾਲੀ ਟਰੈਫਿਕ ਵੀ ਸੈਕਟਰ 78-79 ਨੂੰ ਵੰਡਦੀ ਚਹੁੰਮਾਰਗੀ ਸੜਕ ਰਾਹੀਂ ਆਵੇਗੀ। ਉਨ੍ਹਾਂ ਦੱਸਿਆ ਕਿ ਇਸ ਸੜਕ ਨੂੰ ਬੰਦ ਕਰਨ ਅਤੇ ਡਾਇਵਰਜਨ ਸਬੰਧੀ ਸਾਰੀਆਂ ਢੁਕਵੀਆਂ ਥਾਵਾਂ 'ਤੇ ਸਾਈਨ ਬੋਰਡ ਲਾਏ ਜਾਣਗੇ ਤਾਂ ਜੋ ਡਾਇਵਰਜਨ ਸਮੇਂ ਕਿਸੇ ਨੂੰ ਕੋਈ ਦਿੱਕਤ ਨਾ ਆਵੇ।
ਡਾਇਵਰਜਨ ਵਾਲੀਆਂ ਸੜਕਾਂ 'ਤੇ ਟਰੈਫਿਕ ਪੁਲਿਸ ਮੁਲਾਜ਼ਮ ਤਾਇਨਾਤ ਰਹਿਣਗੇ ਤਾਂ ਜੋ ਟਰੈਫਿਕ ਨੂੰ ਸੰਚਾਰੂ ਢੰਗ ਨਾਲ ਚਲਾਇਆ ਜਾ ਸਕੇ। ਇਸ ਸਬੰਧੀ ਸਾਰੇ ਸਬੰਧਿਤ ਅਧਿਕਾਰੀਆਂ ਨੂੰ ਲੋੜੀਂਦੇ ਦਿਸ਼ਾ ਨਿਰਦੇਸ਼ ਜਾਰੀ ਕਰ ਦਿੱਤੇ ਗਏ ਹਨ।