
ਸੰਘਣੀ ਧੁੰਦ ਅਤੇ ਪ੍ਰਦੂਸ਼ਣ ਨੇ ਦਿੱਲੀ ਦੇ ਲੋਕਾਂ ਦੀਆਂ ਮੁਸ਼ਕਲਾਂ ਵਧਾਈਆਂ
Cold Wave in Punjab: ਪੰਜਾਬ ਅਤੇ ਹਰਿਆਣਾ ’ਚ ਮੰਗਲਵਾਰ ਨੂੰ ਠੰਢ ਦਾ ਕਹਿਰ ਜਾਰੀ ਰਿਹਾ ਅਤੇ ਸ਼ਹੀਦ ਭਗਤ ਸਿੰਘ ਨਗਰ ਜ਼ਿਲ੍ਹੇ (ਨਵਾਂਸ਼ਹਿਰ) ਦੇ ਬਲੋਵਾਲ ਸੌਂਖੜੀ ’ਚ ਘੱਟੋ-ਘੱਟ ਤਾਪਮਾਨ ਸਿਫ਼ਰ ਤੋਂ ਵੀ 0.4 ਡਿਗਰੀ ਸੈਲਸੀਅਸ ਹੇਠਾਂ ਦਰਜ ਕੀਤਾ ਗਿਆ। ਮੋਹਾਲੀ, ਪਟਿਆਲਾ ਅਤੇ ਫਤਿਹਗੜ੍ਹ ਸਾਹਿਬ ਸਮੇਤ ਕਈ ਥਾਵਾਂ ’ਤੇ ਸੰਘਣੀ ਧੁੰਦ ਛਾਈ ਰਹੀ। ਪੰਜਾਬ ਦੇ ਅੰਮ੍ਰਿਤਸਰ ’ਚ ਘੱਟੋ-ਘੱਟ ਤਾਪਮਾਨ 5.4 ਡਿਗਰੀ ਸੈਲਸੀਅਸ ਦਰਜ ਕੀਤਾ ਗਿਆ, ਜਦਕਿ ਲੁਧਿਆਣਾ ’ਚ ਘੱਟੋ-ਘੱਟ ਤਾਪਮਾਨ 3.3 ਡਿਗਰੀ ਸੈਲਸੀਅਸ ਦਰਜ ਕੀਤਾ ਗਿਆ, ਜੋ ਆਮ ਨਾਲੋਂ 2.7 ਡਿਗਰੀ ਘੱਟ ਹੈ।
ਪਟਿਆਲਾ ’ਚ ਘੱਟੋ-ਘੱਟ ਤਾਪਮਾਨ 3.1 ਡਿਗਰੀ ਸੈਲਸੀਅਸ ਦਰਜ ਕੀਤਾ ਗਿਆ, ਜੋ ਆਮ ਨਾਲੋਂ 4.1 ਡਿਗਰੀ ਘੱਟ ਹੈ। ਪਠਾਨਕੋਟ, ਬਠਿੰਡਾ, ਫਰੀਦਕੋਟ ਅਤੇ ਗੁਰਦਾਸਪੁਰ ’ਚ ਘੱਟੋ ਘੱਟ ਤਾਪਮਾਨ ਕ੍ਰਮਵਾਰ 4.3 ਅਤੇ 3.5 ਡਿਗਰੀ ਸੈਲਸੀਅਸ ਦਰਜ ਕੀਤਾ ਗਿਆ। ਦੋਹਾਂ ਸੂਬਿਆਂ ਦੀ ਸਾਂਝੀ ਰਾਜਧਾਨੀ ਚੰਡੀਗੜ੍ਹ ’ਚ ਘੱਟੋ-ਘੱਟ ਤਾਪਮਾਨ 2.7 ਡਿਗਰੀ ਸੈਲਸੀਅਸ ਦਰਜ ਕੀਤਾ ਗਿਆ, ਜੋ ਆਮ ਨਾਲੋਂ 4.7 ਡਿਗਰੀ ਘੱਟ ਹੈ। ਹਰਿਆਣਾ ’ਚ ਹਿਸਾਰ 1.1 ਡਿਗਰੀ ਸੈਲਸੀਅਸ ਤਾਪਮਾਨ ਨਾਲ ਸੂਬੇ ਦਾ ਸੱਭ ਤੋਂ ਠੰਡਾ ਸਥਾਨ ਰਿਹਾ, ਜੋ ਆਮ ਨਾਲੋਂ 5.5 ਡਿਗਰੀ ਘੱਟ ਹੈ।
ਅੰਬਾਲਾ ਅਤੇ ਕਰਨਾਲ ’ਚ ਘੱਟੋ ਘੱਟ ਤਾਪਮਾਨ 4.4 ਅਤੇ 3.2 ਡਿਗਰੀ ਸੈਲਸੀਅਸ ਦਰਜ ਕੀਤਾ ਗਿਆ, ਜਦਕਿ ਨਾਰਨੌਲ, ਭਿਵਾਨੀ ਅਤੇ ਸਿਰਸਾ ’ਚ ਘੱਟੋ ਘੱਟ ਤਾਪਮਾਨ ਕ੍ਰਮਵਾਰ 3.9 ਅਤੇ 4.2 ਡਿਗਰੀ ਸੈਲਸੀਅਸ ਦਰਜ ਕੀਤਾ ਗਿਆ। ਕੌਮੀ ਰਾਜਧਾਨੀ ਦਿੱਲੀ ਦੇ ਕਈ ਹਿੱਸਿਆਂ ’ਚ ਸੰਘਣੀ ਧੁੰਦ ਕਾਰਨ ਮੰਗਲਵਾਰ ਸਵੇਰੇ ਘੱਟੋ-ਘੱਟ ਤਾਪਮਾਨ 3.5 ਡਿਗਰੀ ਸੈਲਸੀਅਸ ਦਰਜ ਕੀਤਾ ਗਿਆ, ਜਿਸ ਨਾਲ ਰੇਲ ਅਤੇ ਸੜਕ ਆਵਾਜਾਈ ਪ੍ਰਭਾਵਤ ਹੋਈ।
ਤਾਜ਼ਾ ਅਪਡੇਟਸ ਲਈ ਸਾਡੇ Whatsapp Broadcast Channel ਨਾਲ ਜੁੜੋ।
ਕੇਂਦਰੀ ਪ੍ਰਦੂਸ਼ਣ ਕੰਟਰੋਲ ਬੋਰਡ (ਸੀ.ਪੀ.ਸੀ.ਬੀ.) ਦੇ ਅੰਕੜਿਆਂ ਮੁਤਾਬਕ ਦਿੱਲੀ ਦਾ ਹਵਾ ਕੁਆਲਿਟੀ ਸੂਚਕ ਅੰਕ (ਏ.ਕਿਊ.ਆਈ.) ਸਵੇਰੇ 9 ਵਜੇ ਮਾਮੂਲੀ ਸੁਧਾਰ ਨਾਲ 351 ’ਤੇ ਪਹੁੰਚ ਗਿਆ। ਇਹ ਅਜੇ ਵੀ ਬਹੁਤ ਖਰਾਬ ਸ਼੍ਰੇਣੀ ’ਚ ਹੈ। ਗੁਆਂਢੀ ਨੋਇਡਾ ’ਚ ਮੰਗਲਵਾਰ ਸਵੇਰੇ ਸੰਘਣੀ ਧੁੰਦ ਅਤੇ ਵਧਦੇ ਹਵਾ ਪ੍ਰਦੂਸ਼ਣ ਕਾਰਨ ਮੁਸਾਫ਼ਰਾਂ ਨੂੰ ਮੁਸ਼ਕਲਾਂ ਦਾ ਸਾਹਮਣਾ ਕਰਨਾ ਪਿਆ। ਮੌਸਮ ਵਿਭਾਗ ਨੇ ‘ਰੈੱਡ ਅਲਰਟ’ ਜਾਰੀ ਕੀਤਾ ਹੈ। ਇਸ ਸਮੇਂ ਦੌਰਾਨ, ਐਕਸਪ੍ਰੈਸਵੇਅ ’ਤੇ ਵਿਜ਼ੀਬਿਲਟੀ ਰਾਤ ਅਤੇ ਸਵੇਰ ਦੇ ਸਮੇਂ ਲਗਭਗ ਜ਼ੀਰੋ ਰਹੇਗੀ। ਇਸ ਦੇ ਨਾਲ ਹੀ ਦਿਨ ਵੇਲੇ ਪਾਰਾ ਡਿੱਗਣ ਕਾਰਨ ਠੰਢ ਬਣੀ ਰਹੇਗੀ। ਅਜਿਹੇ ’ਚ ਲੋਕਾਂ ਨੂੰ ਅਪਣੇ ਆਪ ਨੂੰ ਸੁਰੱਖਿਅਤ ਰੱਖਣ ਲਈ ਵੀ ਅਲਰਟ ਕਰ ਦਿਤਾ ਗਿਆ ਹੈ।
ਗ੍ਰੇਟਰ ਨੋਇਡਾ ’ਚ ਸੰਘਣੀ ਧੁੰਦ ਕਾਰਨ ਮੰਗਲਵਾਰ ਨੂੰ ਕਈ ਗੱਡੀਆਂ ਦੀ ਆਪਸ ’ਚ ਟੱਕਰ ਹੋ ਗਈ, ਜਿਸ ’ਚ 4 ਲੋਕ ਜ਼ਖਮੀ ਹੋ ਗਏ। ਅਧਿਕਾਰੀਆਂ ਨੇ ਦਸਿਆ ਕਿ ਇਹ ਹਾਦਸਾ ਦਾਦਰੀ ਥਾਣੇ ਦੇ ਅਧੀਨ ਬਾਈਪਾਸ ਰੋਡ ’ਤੇ ਸਵੇਰੇ ਕਰੀਬ 8:45 ਵਜੇ ਵਾਪਰਿਆ। ਅੰਡਰਪਾਸ ਪਾਰ ਕਰਨ ਤੋਂ ਤੁਰਤ ਬਾਅਦ ਇਕ ਟਰੱਕ ਖੱਬੇ ਮੋੜ ਲੈਂਦੇ ਸਮੇਂ ਦੂਜੇ ਟਰੱਕ ਨਾਲ ਟਕਰਾ ਗਿਆ। ਇਸ ਤੋਂ ਬਾਅਦ ਪਿੱਛੇ ਤੋਂ ਆ ਰਹੇ 10 ਹੋਰ ਗੱਡੀਆਂ ਦੀ ਵੀ ਟੱਕਰ ਹੋ ਗਈ। ਇਸ ਹਾਦਸੇ ’ਚ ਚਾਰ ਲੋਕ ਜ਼ਖਮੀ ਹੋ ਗਏ। ਜ਼ਖਮੀਆਂ ਦੀ ਪਛਾਣ ਕੈਲਾਸ਼, ਪ੍ਰਸ਼ਾਂਤ, ਅਪੂਰਵਾ ਪਰਮਾਰ, ਕੇਸ਼ਵ ਸਿੰਘ ਅਤੇ ਮੋਹਨ ਸਵਰੂਪ ਵਜੋਂ ਹੋਈ ਹੈ।
ਮੌਸਮ ਵਿਭਾਗ ਨੇ ਕਿਹਾ ਕਿ ਉੱਤਰੀ ਭਾਰਤ ਦੇ ਮੈਦਾਨੀ ਇਲਾਕਿਆਂ ’ਚ 140-150 ਨੌਟ ਦੀ ਰਫਤਾਰ ਨਾਲ ‘ਜੈੱਟ ਸਟ੍ਰੀਮ ਹਵਾਵਾਂ’ ਚੱਲ ਰਹੀਆਂ ਹਨ ਅਤੇ ਇਸ ਨਾਲ ਬੁਧਵਾਰ ਨੂੰ ਜੰਮੂ-ਕਸ਼ਮੀਰ, ਲੱਦਾਖ, ਗਿਲਗਿਤ ਬਾਲਟਿਸਤਾਨ, ਮੁਜ਼ੱਫਰਾਬਾਦ, ਹਿਮਾਚਲ ਪ੍ਰਦੇਸ਼ ਅਤੇ ਉਤਰਾਖੰਡ ’ਚ ਵੱਖ-ਵੱਖ ਥਾਵਾਂ ’ਤੇ ਹਲਕੀ ਬਾਰਸ਼/ਬਰਫਬਾਰੀ ਹੋਣ ਦੀ ਸੰਭਾਵਨਾ ਹੈ।
(For more Punjabi news apart from Cold Wave in Punjab: Temperature of Nawanshahr recorded at 0.4 degrees, stay tuned to Rozana Spokesman)