
ਕੈਬਨਿਟ ਮੰਤਰੀ ਨਵਜੋਤ ਸਿੰਘ ਸਿੱਧੂ ਵਲੋਂ ਪੁਲਵਾਮਾ ‘ਚ ਹੋਏ ਅਤਿਵਾਦੀ ਹਮਲੇ ‘ਤੇ ਦਿਤੇ ਬਿਆਨ ਤੋਂ ਬਾਅਦ...
ਲੁਧਿਆਣਾ : ਕੈਬਨਿਟ ਮੰਤਰੀ ਨਵਜੋਤ ਸਿੰਘ ਸਿੱਧੂ ਵਲੋਂ ਪੁਲਵਾਮਾ ‘ਚ ਹੋਏ ਅਤਿਵਾਦੀ ਹਮਲੇ ‘ਤੇ ਦਿਤੇ ਬਿਆਨ ਤੋਂ ਬਾਅਦ ਸਿਆਸਤ ਪੂਰੀ ਤਰ੍ਹਾਂ ਭਖ੍ਹ ਚੁੱਕੀ ਹੈ। ਇੱਥੋਂ ਤੱਕ ਕਿ ਖ਼ਬਰ ਸਾਹਮਣੇ ਆਈ ਹੈ ਅੱਜ ਭਾਜਪਾ ਵਲੋਂ ਨਵਜੋਤ ਸਿੰਘ ਸਿੱਧੂ ਦੇ ਪੋਸਟਰ ਉਤੇ ਕਾਲਖ਼ ਮਲ ਕੇ ਵਿਰੋਧ ਕੀਤਾ ਗਿਆ। ਕੈਬਨਿਟ ਮੰਤਰੀ ਨਵਜੋਤ ਸਿੰਘ ਸਿੱਧੂ ਸਨਿਚਰਵਾਰ ਨੂੰ ਨਗਰ ਨਿਗਮ ਦੇ ਇਕ ਪ੍ਰੋਗਰਾਮ ਵਿਚ ਸ਼ਮੂਲੀਅਤ ਕਰਨ ਲਈ ਪਹੁੰਚ ਰਹੇ ਸਨ।
ਇਸ ਦੌਰਾਨ ਭਾਜਪਾ ਵਰਕਰਾਂ ਵਲੋਂ ਸਿੱਧੂ ਦੇ ਪੋਸਟਰ ‘ਤੇ ਕਾਲਖ਼ ਮਲ ਦਿਤੀ ਗਈ ਅਤੇ ਸਿੱਧੂ ਵਿਰੁਧ ਪ੍ਰਦਰਸ਼ਨ ਵੀ ਕੀਤਾ ਗਿਆ। ਪ੍ਰਦਰਸ਼ਨਕਾਰੀਆਂ ਨੇ ਸਿੱਧੂ ਦੇ ਦੋਸ਼ ਲਗਾਉਂਦੇ ਹੋਏ ਕਿਹਾ ਕਿ ਭਾਰਤ ਦੇ 44 ਜਵਾਨਾਂ ਨੂੰ ਸ਼ਹੀਦ ਕਰਨ ਵਾਲੇ ਪਾਕਿਸਤਾਨ ਨਾਲ ਸਿੱਧੂ ਜੱਫ਼ੀਆਂ ਪਾ ਕੇ ਯਾਰੀਆਂ ਨਿਭਾ ਰਿਹਾ ਹੈ ਅਤੇ ਪਾਕਿਸਤਾਨ ਹਮੇਸ਼ਾ ਦੀ ਤਰ੍ਹਾਂ ਪਿੱਠ ਪਿੱਛੇ ਵਾਰ ਕਰਦਾ ਹੈ। ਮਿਲੀ ਜਾਣਕਾਰੀ ਮੁਤਾਬਕ ਸਿੱਧੂ ਦੇ ਸਵਾਗਤ ਲਈ ਕਾਲੀਆਂ ਝੰਡੀਆਂ ਲੈ ਕੇ ਵਿਰੋਧ ਕਰ ਰਹੇ ਭਾਜਪਾ ਵਰਕਰਾਂ ਨੇ ਕਿਹਾ ਕਿ ਸਿੱਧੂ ਉਤੇ ਵੀ ਕਾਲਖ਼ ਸੁੱਟੀ ਜਾਵੇਗੀ।
ਦੱਸ ਦਈਏ ਕਿ ਪੁਲਵਾਮਾ ਵਿਚ ਹੋਏ ਅਤਿਵਾਦੀ ਹਮਲੇ ਤੋਂ ਬਾਅਦ ਨਵਜੋਤ ਸਿੰਘ ਸਿੱਧੂ ਨੇ ਅਪਣੇ ਬਿਆਨ ਵਿਚ ਪਾਕਿ ਵਿਰੁਧ ਕੁਝ ਵੀ ਬੋਲਣ ਤੋਂ ਬਚਦੇ ਹੋਏ ਗੱਲਬਾਤ ਰਾਹੀਂ ਇਸ ਦਾ ਪੱਕਾ ਹੱਲ ਕੱਢਿਆ ਲਈ ਕਿਹਾ। ਸਿੱਧੂ ਨੇ ਸੰਜਮ ਤੋਂ ਕੰਮ ਲੈਣ ਦੀ ਸਲਾਹ ਦਿੰਦਿਆਂ ਕਿਹਾ ਕਿ ਕਿਸੇ ਨੂੰ ਗਾਲ਼ਾਂ ਕੱਢਣ ਨਾਲ ਕੋਈ ਹੱਲ ਨਹੀਂ ਹੋਣਾ।