
ਪੰਜਾਬ ਵਿਚ ਅੱਜ ਰਸਮੀਂ ਤੌਰ ’ਤੇ ਭਗਵੰਤ ਮਾਨ ਦੀ ਅਗਵਾਈ ਵਿਚ ਆਮ ਆਦਮੀ ਪਾਰਟੀ ਦੀ ਸਰਕਾਰ ਬਣ ਗਈ ਹੈ।
ਚੰਡੀਗੜ੍ਹ: ਪੰਜਾਬ ਵਿਚ ਅੱਜ ਰਸਮੀਂ ਤੌਰ ’ਤੇ ਭਗਵੰਤ ਮਾਨ ਦੀ ਅਗਵਾਈ ਵਿਚ ਆਮ ਆਦਮੀ ਪਾਰਟੀ ਦੀ ਸਰਕਾਰ ਬਣ ਗਈ ਹੈ। ਭਗਵੰਤ ਮਾਨ ਨੇ ਸ਼ਹੀਦ-ਏ-ਆਜ਼ਮ ਭਗਤ ਸਿੰਘ ਦੇ ਜੱਦੀ ਪਿੰਡ ਖਟਕੜ ਕਲਾਂ ਵਿਖੇ ਮੁੱਖ ਮੰਤਰੀ ਅਹੁਦੇ ਦੀ ਸਹੁੰ ਚੁੱਕੀ। ਸਿਆਸੀ ਮਾਹਰਾਂ ਦਾ ਕਹਿਣਾ ਹੈ ਕਿ ਪੰਜਾਬ ਦੇ ਲੋਕਾਂ ਨੇ ਸੂਬੇ ਦੀਆਂ ਰਵਾਇਤੀ ਪਾਰਟੀਆਂ ਨੂੰ ਪਾਸੇ ਕਰਦੇ ਹੋਏ ਇਕ ਬਦਲਾਅ ਦੀ ਉਮੀਦ ਨਾਲ ਆਮ ਆਦਮੀ ਪਾਰਟੀ ਉੱਤੇ ਭਰੋਸਾ ਜਤਾਇਆ ਹੈ। ਕਈ ਵਿਸ਼ਲੇਸ਼ਕ ਆਮ ਆਦਮੀ ਪਾਰਟੀ ਦੀ ਇਸ ਜਿੱਤ ਦੀ ਸਾਲ 2014 ਦੀ ਕੇਂਦਰੀ ਸਿਆਸਤ ਵਿਚ ਆਈ ‘ਮੋਦੀ ਲਹਿਰ’ ਨਾਲ ਤੁਲਨਾ ਕਰ ਰਹੇ ਹਨ। ਮਾਹਰਾਂ ਦਾ ਕਹਿਣਾ ਹੈ ਕਿ ਲੋਕਾਂ ਨੇ ਪਾਰਟੀ ਨੂੰ ਨਹੀਂ ਸਗੋਂ ਭਗਵੰਤ ਮਾਨ ਲਈ ਵੋਟ ਪਾਈ ਹੈ। ਭਗਵੰਤ ਮਾਨ ਤੋਂ ਪੰਜਾਬ ਦੇ ਲੋਕਾਂ ਨੂੰ ਬਹੁਤ ਉਮੀਦਾਂ ਹਨ।
Arvind Kejriwal and Bhagwant Mann
ਆਮ ਆਦਮੀ ਪਾਰਟੀ ਦੇ ਸਿਆਸੀ ਸਫ਼ਰ ’ਤੇ ਇਕ ਨਜ਼ਰ
- 2014 ਦੀਆਂ ਲੋਕ ਸਭਾ ਚੋਣਾਂ ਤੋਂ ਪਹਿਲਾਂ ਪੰਜਾਬ ਵਿਚ ਉੱਭਰੀ ਆਮ ਆਦਮੀ ਪਾਰਟੀ ਪੰਜਾਬ ਦੀ ਸਿਆਸਤ ਵਿਚ ਤੀਜੀ ਧਿਰ ਵਜੋਂ ਸਾਹਮਣੇ ਆਈ ਸੀ। 'ਆਪ' ਨੇ ਰਵਾਇਤੀ ਪਾਰਟੀਆਂ ਨੂੰ ਚੰਗੀ ਟੱਕਰ ਦਿੱਤੀ। ਲੋਕ ਸਭਾ ਚੋਣਾਂ 2014 ਵਿਚ ‘ਆਪ’ ਨੇ 4 ਲੋਕ ਸਭਾ ਸੀਟਾਂ ਜਿੱਤੀਆਂ ਅਤੇ 2017 ਦੀਆਂ ਵਿਧਾਨ ਸਭਾ ਚੋਣਾਂ ਵਿਚ 20 ਸੀਟਾਂ ਨਾਲ ਮੁੱਖ ਵਿਰੋਧੀ ਧਿਰ ਬਣੀ। 'ਆਪ' ਨੇ 100 ਸਾਲ ਪੁਰਾਣੇ ਅਕਾਲੀ ਦਲ ਨੂੰ ਪਿੱਛੇ ਛੱਡ ਦਿੱਤਾ।
Bhagwant Mann and Arvind Kejriwal
- ਅਰਵਿੰਦ ਕੇਜਰੀਵਾਲ ਨੇ ਸਾਲ 2012 'ਚ 'ਆਪ' ਦਾ ਗਠਨ ਕੀਤਾ ਸੀ। ਪਾਰਟੀ ਨੇ ਦਿੱਲੀ ਵਿਧਾਨ ਸਭਾ ਦੀਆਂ 70 ਵਿਚੋਂ 28 ਸੀਟਾਂ ਜਿੱਤ ਕੇ ਚੋਣ ਰਾਜਨੀਤੀ ਵਿਚ ਆਪਣੀ ਸ਼ੁਰੂਆਤ ਕੀਤੀ। 2013 ਵਿਚ ਦਿੱਲੀ ਵਿਚ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਦੀ ਅਗਵਾਈ ਵਿਚ ‘ਆਪ’ ਦੀ ਸਰਕਾਰ ਬਣੀ ਸੀ। ਕੇਜਰੀਵਾਲ ਨੇ ਫਰਵਰੀ 2014 ਵਿਚ ਮੁੱਖ ਮੰਤਰੀ ਦੇ ਅਹੁਦੇ ਤੋਂ ਅਸਤੀਫਾ ਦੇ ਦਿੱਤਾ ਸੀ ਕਿਉਂਕਿ ਦਿੱਲੀ ਵਿਧਾਨ ਸਭਾ ਗਿਣਤੀ ਦੀ ਘਾਟ ਕਾਰਨ ਜਨ ਲੋਕਪਾਲ ਬਿੱਲ ਪਾਸ ਕਰਨ ਵਿਚ ਅਸਫਲ ਰਹੀ ਸੀ। ਦਿੱਲੀ ਵਿਧਾਨ ਸਭਾ ਲਈ ਦੁਬਾਰਾ ਚੋਣ ਲੜਨ ਤੋਂ ਪਹਿਲਾਂ 'ਆਪ' ਨੇ 2014 ਦੀਆਂ ਲੋਕ ਸਭਾ ਚੋਣਾਂ ਲੜੀਆਂ ਅਤੇ ਪੰਜਾਬ ਦੀਆਂ ਚਾਰ ਸੀਟਾਂ ਜਿੱਤੀਆਂ। ਇਸ ਤੋਂ ਬਾਅਦ 2015 ਦੀਆਂ ਦਿੱਲੀ ਵਿਧਾਨ ਸਭਾ ਚੋਣਾਂ ਵਿਚ ਪਾਰਟੀ ਨੇ 70 ਵਿਚੋਂ 67 ਸੀਟਾਂ ਜਿੱਤੀਆਂ ਸਨ। 'ਆਪ' ਨੇ 2020 ਦੀਆਂ ਦਿਲੀ ਵਿਧਾਨ ਸਭਾ ਚੋਣਾਂ 'ਚ 70 'ਚੋਂ 62 ਸੀਟਾਂ ਜਿੱਤ ਕੇ ਇਕ ਵਾਰ ਫਿਰ ਰਿਕਾਰਡ ਕਾਇਮ ਕੀਤਾ ਹੈ।
-ਆਮ ਆਦਮੀ ਪਾਰਟੀ ਇਕ ਅੰਦੋਲਨ ਵਿਚੋਂ ਨਿਕਲੀ ਪਾਰਟੀ ਹੈ। 5 ਅਪ੍ਰੈਲ 2011 ਨੂੰ ਭਾਰਤ ਦੀ ਰਾਜਧਾਨੀ ਦਿੱਲੀ ਵਿਚ ਇਕ ਬਜ਼ੁਰਗ ਗਾਂਧੀਵਾਦੀ ਕਿਸ਼ਨ ਬਾਬੂਰਾਓ ਹਜ਼ਾਰੇ (ਅੰਨਾ ਹਜ਼ਾਰੇ) ਨੇ ਮਰਨ ਵਰਤ ਸ਼ੁਰੂ ਕੀਤਾ। ਇਹ ਭਾਰਤ ਦੀਆਂ ਕਈ ਗੈਰ-ਸਰਕਾਰੀ ਸੰਸਥਾਵਾਂ ਦੀ ਮੁਲਕ ਵਿਚ ਸਿਆਸੀ ਭ੍ਰਿਸ਼ਟਾਚਾਰ ਖ਼ਿਲਾਫ਼ ਸ਼ੁਰੂ ਕੀਤੀ ਗਈ ਲਹਿਰ ਦੀ ਸ਼ੁਰੂਆਤ ਸੀ। ਜਿਸ ਜਥੇਬੰਦੀ ਦੇ ਨਾਂ ਹੇਠ ਇਸ ਲਹਿਰ ਨੂੰ ਸ਼ੁਰੂ ਕੀਤਾ ਗਿਆ ਸੀ, ਉਹ ਸੀ 'ਇੰਡੀਆ ਅਗੇਂਸਟ ਕੁਰੱਪਸ਼ਨ' ਅਤੇ ਇਹ ਲਹਿਰ 'ਅੰਨਾ ਹਜ਼ਾਰੇ ਲਹਿਰ' ਦੇ ਨਾਂ ਨਾਲ ਮਸ਼ਹੂਰ ਹੋਈ।
- ਪੰਜਾਬ ਵਿਚ ਪਾਰਟੀ ਦਾ ਪਹਿਲਾ ਕਨਵੀਨਰ ਨੌਜਵਾਨ ਆਗੂ ਹਰਜੋਤ ਸਿੰਘ ਬੈਂਸ ਨੂੰ ਬਣਾਇਆ ਗਿਆ, ਜਦਕਿ ਸਮਾਜਿਕ ਤੇ ਸਿਆਸੀ ਕਾਰਕੁਨ ਸੁਮੇਲ ਸਿੰਘ ਸਿੱਧੂ ਨੂੰ ਪ੍ਰਚਾਰ ਕਮੇਟੀ ਦਾ ਮੁਖੀ ਬਣਾਇਆ ਗਿਆ। ਇਸ ਦੇ ਚਿਹਰੇ ਬਣੇ ਸੀਨੀਅਰ ਆਗੂ ਸੁੱਚਾ ਸਿੰਘ ਛੋਟੇਪੁਰ, ਸਮਾਜਿਕ ਕਾਰਕੁਨ ਧਰਮਵੀਰ ਗਾਂਧੀ ਅਤੇ ਗਲੈਮਰ ਜਗਤ ਛੱਡ ਕੇ ਸਿਆਸਤ ਵਿਚ ਆਉਣ ਵਾਲੇ ਭਗਵੰਤ ਮਾਨ। 2014 ਵਿਚ ਆਮ ਆਦਮੀ ਪਾਰਟੀ ਨੇ ਜਿਨ੍ਹਾਂ ਆਗੂਆਂ ਨੂੰ ਚੋਣ ਮੈਦਾਨ ਵਿਚ ਉਤਾਰਿਆ ਉਹ ਆਪੋ-ਆਪਣੇ ਖੇਤਰ ਦੇ ਮਹਾਰਥੀ ਸਨ।
-2017 ਦੀਆਂ ਵਿਧਾਨ ਸਭਾ ਚੋਣਾਂ ਤੋਂ ਪਹਿਲਾਂ ਪਾਰਟੀ ਦੀ ਕਮਾਂਡ ਸੁੱਚਾ ਸਿੰਘ ਛੋਟੇਪੁਰ ਨੂੰ ਦਿੱਤੀ ਗਈ। 2017 ਦੀਆਂ ਵਿਧਾਨ ਸਭਾ ਚੋਣਾਂ ਦੇ ਆਖ਼ਰੀ ਮੌਕੇ ਭ੍ਰਿਸ਼ਟਾਚਾਰ ਦੇ ਇਲਜ਼ਾਮ ਲਗਾ ਕੇ ਛੋਟੇਪੁਰ ਨੂੰ ਮੁਅੱਤਲ ਕਰਕੇ ਗੁਰਪ੍ਰੀਤ ਸਿੰਘ ਘੁੱਗੀ ਨੂੰ ਪਾਰਟੀ ਪ੍ਰਧਾਨ ਬਣਾ ਦਿੱਤਾ ਗਿਆ। ਗੁਰਪ੍ਰੀਤ ਸਿੰਘ ਘੁੱਗੀ ਦੇ ਪਾਰਟੀ ਛੱਡਣ ਤੋਂ ਬਾਅਦ ਪੰਜਾਬ ਦੀ ਕਮਾਂਡ ਭਗਵੰਤ ਮਾਨ ਦੇ ਹੱਥ ਆ ਗਈ। ਜਿਨ੍ਹਾਂ ਨੇ ਬਿਕਰਮ ਮਜੀਠੀਆ ਤੋਂ ਮਾਣਹਾਨੀ ਮਾਮਲੇ ਵਿਚ ਅਰਵਿੰਦ ਕੇਜਰੀਵਾਲ ਵਲੋਂ ਮਾਫ਼ੀ ਮੰਗਣ ਕਾਰਨ ਭਗਵੰਤ ਮਾਨ ਨੇ ਪ੍ਰਧਾਨਗੀ ਛੱਡ ਦਿੱਤੀ ਪਰ 2019 ਦੀਆਂ ਚੋਣਾਂ ਤੋਂ ਪਹਿਲਾਂ ਭਗਵੰਤ ਮਾਨ ਮੁੜ ਪ੍ਰਧਾਨ ਬਣ ਗਏ। ਫਰਵਰੀ 2017 ਦੀਆਂ ਚੋਣਾਂ ਵਿਚ ਪਾਰਟੀ ਨੂੰ 20 ਸੀਟਾਂ ਮਿਲੀਆਂ ਅਤੇ ਵਿਰੋਧੀ ਧਿਰ ਦੇ ਆਗੂ ਐਚਐੱਸ ਫੂਲਕਾ ਬਣਾਏ ਗਏ । ਇਸ ਤੋਂ ਬਾਅਦ ਸੁਖਪਾਲ ਸਿੰਘ ਖਹਿਰਾ ਵਿਰੋਧੀ ਧਿਰ ਦੇ ਆਗੂ ਬਣ ਗਏ। ਖਹਿਰਾ ਤੇ ਪਾਰਟੀ ਦੇ ਮਤਭੇਦ ਹੋਣ ਕਾਰਨ ਪਾਰਟੀ ਨੇ ਖਹਿਰਾ ਦੀ ਛੁੱਟੀ ਕਰ ਕੇ ਇਹ ਅਹੁਦਾ ਹਰਪਾਲ ਸਿੰਘ ਚੀਮਾ ਨੂੰ ਦੇ ਦਿੱਤਾ।