
ਮੰਤਰੀਆਂ ਤੇ ਮੁੱਖ ਸਕੱਤਰ ਦੇ ਵਿਵਾਦ ਦੇ ਹੱਲ ਲਈ ਕੋਈ ਵਿਚਕਾਰਲਾ ਰਾਹ ਲੱਭਣ ਦੇ ਯਤਨ
ਚੰਡੀਗੜ੍ਹ- ਮੰਤਰੀ ਮੰਡਲ ਵਿਚ ਮੰਤਰੀਆਂ ਵਲੋਂ ਮੁੱਖ ਸਕੱਤਰ ਦੇ ਬਾਈਕਾਟ ਦਾ ਮਤਾ ਪਾਸ ਕੀਤੇ ਜਾਣ ਦੇ ਬਾਵਜੂਦ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਫ਼ਿਲਹਾਲ ਇਕਦਮ ਕਰਨ ਅਵਤਾਰ ਸਿੰਘ ਨੂੰ ਮੁੱਖ ਸਕੱਤਰ ਦੇ ਅਹੁਦੇ ਤੋਂ ਹਟਾਉਣ ਦੇ ਰੌਂਅ ਵਿਚ ਨਹੀਂ। ਮਿਲੀ ਜਾਣਕਾਰੀ ਮੁਤਾਬਕ ਮੁੱਖ ਮੰਤਰੀ ਸੂਬੇ ਵਿਚ ਚੱਲ ਰਹੇ ਕੋਰੋਨਾ ਦੇ ਗੰਭੀਰ ਸੰਕਟ ਦੇ ਮੱਦੇਨਜ਼ਰ ਜਲਦਬਾਜ਼ੀ ਵਿਚ ਕੋਈ ਲਜਿਹਾ ਫ਼ੈਸਲਾ ਨਹੀਂ ਲੈਣਾ ਚਾਹੁੰਦੇ ਜਿਸ ਨਾਲ ਕਿਸੇ ਤਰ੍ਹਾਂ ਦੀ ਪ੍ਰਸ਼ਾਸਨਿਕ ਮੁਸ਼ਕਲ ਖੜ੍ਹੀ ਹੋ ਜਾਵੇ।
Captain Amrinder Singh
ਪਤਾ ਲੱਗਾ ਹੈ ਕਿ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਮੰਤਰੀਆਂ ਤੇ ਮੁੱਖ ਸਕੱਤਰ ਕਰਨ ਅਵਤਾਰ ਸਿੰਘ ਵਿਚਕਾਰ ਪੈਦਾ ਹੋਏ ਟਕਰਾਅ ਦੇ ਹਲ ਲਈ ਕੋਈ ਵਿਚਕਾਰਲਾ ਰਾਹ ਲੱਭ ਰਹੇ ਹਨ ਜਿਸ ਨਾਲ ਮੰਤਰੀ ਵੀ ਸ਼ਾਂਤ ਹੋ ਜਾਣ ਅਤੇ ਅਫ਼ਸਰ ਲਾਬੀ ਨੂੰ ਵੀ ਕੋਈ ਨਾਰਾਜ਼ਗੀ ਪੈਦਾ ਨਾ ਹੋਵੇ। ਭਾਵੇਂ ਕੁੱਝ ਕੁ ਮੰਤਰੀਆਂ ਦਾ ਰੁਖ ਹੁਣ ਨਰਮ ਪੇ ਗਿਆ ਹੈ ਅਤੇ ਉਹ ਮਸਲੇ ਦਾ ਕੋਈ ਸਨਮਾਨਯੋਗ ਹਲ ਚਾਹੁੰਦੇ ਹਨ ਪਰ ਬਹੁਤੇ ਮੰਤਰੀ ਅਜੇ ਵੀ ਅਪਣੇ ਰੁਖ 'ਤੇ ਕਾਇਮ ਹਨ ਅਤੇ ਉਹ ਮੁੱਖ ਸਕੱਤਰ ਨੂੰ ਹਟਾਉਣ ਦੇ ਹੱਕ ਵਿਚ ਹਨ।
Captain Amrinder Singh
ਮੰਤਰੀ ਤ੍ਰਿਪਤ ਬਾਜਵਾ ਅਤੇ ਚਰਨਜੀਤ ਚੰਨੀ ਵਿਚਕਾਰ ਪੈਦਾ ਹੋਈ ਤਲਖ਼ੀ ਦੇ ਮਾਮਲੇ ਵਿਚ ਵੀ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਅਤੇ ਪੰਜਾਬ ਪ੍ਰਦੇਸ਼ ਕਾਂਗਰਸ ਪ੍ਰਧਾਨ ਸੁਨੀਲ ਜਾਖੜ ਨੇ ਦਖ਼ਲ ਦੇ ਕੇ ਉਨ੍ਹਾਂ ਨੂੰ ਇਕ ਦੂਜੇ ਵਿਰੁਧ ਬਿਆਨਬਾਜ਼ੀ ਤੋਂ ਰੋਕ ਦਿਤਾ ਹੈ। ਮੰਤਰੀਆਂ ਦੀ ਅਗਵਾਈ ਕਰਨ ਵਾਲੇ ਕੈਬਨਿਟ ਮੰਤਰੀ ਮਨਪ੍ਰੀਤ ਸਿੰਘ ਬਾਦਲ ਦੇ ਪਿਤਾ ਗੁਰਦਾਸ ਸਿੰਘ ਬਾਦਲ ਦਾ ਅਚਾਨਕ ਦੇਹਾਂਤ ਹੋ ਜਾਣ ਕਾਰਨ ਵੀ ਫ਼ਿਲਹਾਲ ਵਿਵਾਦ ਕੁੱਝ ਦਿਨ ਲਈ ਠੰਢਾ ਪੈ ਜਾਵੇਗਾ, ਜਿਸ ਨਾਲ ਮੁੱਖ ਮੰਤਰੀ ਨੂੰ ਵੀ ਵਿਵਾਦ ਦਾ ਕੋਈ ਹਲ ਲੱਭਣ ਦਾ ਸਮਾਂ ਮਿਲ ਜਾਵੇਗਾ।
Captain Amrinder Singh
ਮੰਤਰੀ ਵੀ ਹੁਣ ਭਾਵੇਂ ਖੁੱਲ੍ਹ ਕੇ ਕੁੱਝ ਨਹੀਂ ਬੋਲ ਰਹੇ ਪਰ ਉਨ੍ਹਾਂ ਦੀਆਂ ਨਜ਼ਰਾਂ ਮੁੱਖ ਮੰਤਰੀ ਵਲੋਂ ਕੀਤੇ ਜਾਣ ਵਾਲੇ ਫ਼ੈਸਲੇ 'ਤੇ ਹੀ ਲੱਗੀਆਂ ਹੋਈਆਂ ਹਨ। ਜ਼ਿਕਰਯੋਗ ਹੈ ਕਿ ਕਈ ਵਿਧਾਇਕ ਵੀ ਹੁਣ ਖੁੱਲ੍ਹ ਕੇ ਮੰਤਰੀਆਂ ਦੀ ਹਮਾਇਤ 'ਚ ਆ ਚੁੱਕੇ ਹਨ ਅਤੇ ਪ੍ਰਦੇਸ਼ ਕਾਂਗਰਸ ਪ੍ਰਧਾਨ ਸੁਨੀਲ ਜਾਖੜ ਵੀ ਮੁੱਖ ਸਕੱਤਰ ਨੂੰ ਹਟਾਉਣ ਦੀ ਮੰਗ ਨੂੰ ਲੈ ਕੇ ਮੰਤਰੀਆਂ ਨਾਲ ਖੜ੍ਹੇ ਹਨ। ਜਿਥੋਂ ਤਕ ਮੁੱਖ ਸਕੱਤਰ ਤੇ ਮੰਤਰੀਆਂ ਵਿਚ ਪੈਦਾ ਹੋਏ ਟਕਰਾਅ ਦਾ ਮਾਮਲਾ ਹੈ, ਉਸ ਦੇ ਹੱਲ ਲਈ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਸਾਹਮਣੇ ਕਈ ਵਿਕਲਪ ਹਨ, ਜਿਨ੍ਹਾਂ ਬਾਰੇ ਵਿਚਾਰ ਵਟਾਂਦਰਾ ਵੀ ਹੋ ਰਿਹਾ ਹੈ।
Captain Amrinder Singh
ਜ਼ਿਕਰਯੋਗ ਹੈ ਕਿ ਮੁੱਖ ਸਕੱਤਰ ਦੀ ਸੇਵਾ ਮੁਕਤੀ ਵਿਚ ਸਾਢੇ 3 ਕੁ ਮਹੀਨੇ ਦਾ ਸਮਾਂ ਹੈ, ਜਿਸ ਕਰ ਕੇ ਮੁੱਖ ਮੰਤਰੀ ਕਿਸੇ ਤਰ੍ਹਾਂ ਉਨ੍ਹਾਂ ਨੂੰ ਬਿਨਾ ਹਟਾਏ ਇਹ ਸਮਾਂ ਲੰਘਾਉਣਾ ਚਾਹੁੰਦੇ ਹਨ। ਇਕ ਵਿਕਲਪ ਇਹ ਹੋ ਸਕਦਾ ਹੈ ਕਿ ਮੰਤਰੀ ਮੰਡਲ ਦੀਆਂ ਭਵਿੱਖ 'ਚ ਹੋਣ ਵਾਲੀਆਂ ਮੀਟਿੰਗਾਂ ਤੋਂ ਮੁੱਖ ਸਕੱਤਰ ਨੂੰ ਬਾਹਰ ਰੱਖਿਆ ਜਾਵੇ ਕਿਉਂÎਕਿ ਮੰਤਰੀਆਂ ਨੇ ਇਸ ਅਧਿਕਾਰੀ ਨਾਲ ਨਾ ਬੈਠਣ ਦਾ ਮਤਾ ਪਾਸ ਕੀਤਾ ਹੋਇਆ ਹੈ। ਉਨ੍ਹਾਂ ਦੀ ਥਾਂ ਐਡੀਸ਼ਨਲ ਮੁੱਖ ਸਕੱਤਰ ਮੰਤਰੀ ਮੰਡਲ ਦੀ ਮੀਟਿੰਗ ਸਮੇਂ ਕਾਰਵਾਈ ਚਲਾ ਸਕਦੇ ਹਨ। ਜਿਸ ਤਰ੍ਹਾਂ ਪਿਛਲੀ ਮੀਟਿੰਗ ਵਿਚ ਹੋਇਆ ਹੈ।
Captain Amrinder Singh
ਇਸ ਦੇ ਨਾਲ ਮੁੱਖ ਮੰਤਰੀ ਸਾਹਮਣੇ ਇਕ ਹੋਰ ਵਿਕਲਪ ਹੈ ਕਿ ਕਿਸੇ ਤਰੀਕੇ ਮੁੱਖ ਸਕੱਤਰ ਕਰਨ ਅਵਤਾਰ ਸਿੰਘ ਕੁੱਝ ਦਿਨਾਂ ਬਾਅਦ ਸਮੇਂ ਤੋਂ ਪਹਿਲਾਂ ਸੇਵਾ ਮੁਕਤੀ ਲੈ ਲੈ ਲੈਣ ਅਤੇ ਉਨ੍ਹਾਂ ਨੂੰ ਇਸ ਦੇ ਨਾਲ ਹੀ ਕੋਈ ਹੋਰ ਅਹੁਦਾ ਦੇ ਦਿਤਾ ਜਾਵੇ। ਇਸ ਲਈ ਪੰਜਾਬ ਵਾਟਰ ਕੰਟਰੋਲ ਅਥਾਰਟੀ ਦਾ ਚੇਅਰਮੈਨ ਕਰਨ ਅਵਤਾਰ ਸਿੰਘ ਨੂੰ ਲਾਉਣ ਬਾਰੇ ਵੀ ਵਿਚਾਰ ਕੀਤੀ ਜਾ ਰਹੀ ਹੈ। ਵਾਟਰ ਅਥਾਰਟੀ ਦੇ ਗਠਨ ਬਾਰੇ ਐਕਟ ਪਹਿਲਾਂ ਹੀ ਪਾਸ ਹੋ ਚੁੱਕਾ ਹੈ। ਇਸ ਕਰ ਕੇ ਹੁਣ ਮੰਤਰੀਆਂ ਦੀ ਨਜ਼ਰਾਂ ਮੁੱਖ ਮੰਤਰੀ ਦੇ ਫ਼ੈਸਲੇ 'ਤੇ ਲੱਗੀਆਂ ਹਨ। ਦੇਖਣਾ ਹੋਵੇਗਾ ਕਿ ਆਉਣ ਵਾਲੇ ਦਿਨਾਂ 'ਚ ਉਹ ਵਿਵਾਦ ਦੇ ਹੱਲ ਲਈ ਕੋਈ ਵਿਚਕਾਰਲਾ ਰਾਹ ਲੱਭ ਕੇ ਮੰਤਰੀਆਂ ਨੂੰ ਸ਼ਾਂਤ ਕਰਨ ਵਿਚ ਸਫ਼ਲ ਹੁੰਦੇ ਹਨ ਜਾਂ ਮੁੱਖ ਸਕੱਤਰ ਨੂੰ ਫ਼ਾਰਗ਼ ਕਰਦੇ ਹਨ।
Punjabi News ਨਾਲ ਜੁੜੀ ਹੋਰ ਅਪਡੇਟ ਲਗਾਤਾਰ ਹਾਸਲ ਕਰਨ ਲਈ ਸਾਨੂੰ Facebook ਤੇ ਲਾਈਕ Twitter ਤੇ follow ਕਰੋ।