
ਦਲਾਈਲਾਮਾ ਦੀ ਲੱਦਾਖ਼ ਯਾਤਰਾ ਧਾਰਮਕ : ਸਰਕਾਰ
ਨਵੀਂ ਦਿੱਲੀ, 16 ਜੁਲਾਈ : ਤਿੱਬਤ ਦੇ ਅਧਿਆਤਮਕ ਆਗੂ ਦਲਾਈਲਾਮਾ ਦੀ ਲੱਦਾਖ ਯਾਤਰਾ ਪੂਰੀ ਤਰ੍ਹਾਂ ਧਾਰਮਕ ਹੈ ਅਤੇ ਕਿਸੇ ਨੂੰ ਵੀ ਇਸ ’ਤੇ ਕੋਈ ਇਤਰਾਜ਼ ਨਹੀਂ ਕਰਨਾ ਚਾਹੀਦਾ। ਇਕ ਚੋਟੀ ਦੇ ਸਰਕਾਰੀ ਅਧਿਕਾਰੀ ਨੇ ਇਹ ਜਾਣਕਾਰੀ ਦਿਤੀ। ਦਲਾਈਲਾਮਾ ਸ਼ੁੱਕਰਵਾਰ ਨੂੰ ਚੀਨ ਦੀ ਸਰਹੱਦ ਨਾਲ ਲਗਦੇ ਕੇਂਦਰ ਸ਼ਾਸਿਤ ਖੇਤਰ ਲੱਦਾਖ਼ ਪੁੱਜੇ ਸਨ। ਉਨ੍ਹਾਂ ਦੇ ਇਥੇ ਲਗਭਗ ਇਕ ਮਹੀਨਾ ਰਹਿਣ ਦੀ ਸੰਭਾਵਨਾ ਹੈ। ਸਰਕਾਰੀ ਅਧਿਕਾਰੀ ਨੇ ਕਿਹਾ ਕਿ ਇਹ ਪਹਿਲੀ ਵਾਰ ਨਹੀਂ ਜਦੋਂ ਦਲਾਈਲਾਮਾ ਤਿੱਬਤ ਦਾ ਦੌਰਾ ਕਰ ਰਹੇ ਹਨ। ਉਹ ਇਸ ਤੋਂ ਪਹਿਲਾਂ ਵੀ ਕਈ ਵਾਰ ਲੱਦਾਖ਼ ਅਤੇ ਅਰੁਣਾਚਲ ਪ੍ਰਦੇਸ਼ ਦਾ ਦੌਰਾ ਕਰ ਚੁਕੇ ਹਨ। ਦਲਾਈਲਾਮਾ ਇਕ ਅਧਿਆਤਮਕ ਆਗੂ ਹਨ ਅਤੇ ਉਨ੍ਹਾਂ ਦੀ ਲੱਦਾਖ਼ ਯਾਤਰਾ ਪੂਰੀ ਤਰ੍ਹਾਂ ਧਾਰਮਕ ਹੈ। (ਏਜੰਸੀ)