
ਮਾਪਿਆਂ ਦਾ ਇਲਕੌਤਾ ਪੁੱਤਰ ਸੀ ਮ੍ਰਿਤਕ
ਨਵਾਂ ਸ਼ਹਿਰ: ਪੰਜਾਬ 'ਚ ਹੜ੍ਹਾਂ ਕਾਰਨ ਸਰਕਾਰ ਵਲੋਂ ਸਕੂਲਾਂ 'ਚ 16 ਜੁਲਾਈ ਤਕ ਛੁੱਟੀਆਂ ਦਾ ਐਲਾਨ ਕੀਤਾ ਗਿਆ ਹੈ ਪਰ ਸ਼ਨੀਵਾਰ ਨੂੰ ਸਕੂਲ 'ਚ ਖੇਡਣ ਗਏ ਇਕ ਵਿਦਿਆਰਥੀ ਨਾਲ ਦਰਦਨਾਕ ਹਾਦਸਾ ਵਾਪਰ ਗਿਆ। 7ਵੀਂ ਜਮਾਤ ਦੇ 13 ਸਾਲਾ ਵਿਦਿਆਰਥੀ ਹਰੀਸ਼ ਭੱਟੀ ਦੀ ਕਰੰਟ ਲੱਗਣ ਨਾਲ ਮੌਤ ਹੋ ਗਈ।
ਇਹ ਵੀ ਪੜ੍ਹੋ: ਮੌਸਮ ਵਿਭਾਗ ਵਲੋਂ ਅੱਜ ਪੰਜਾਬ 'ਚ ਯੈਲੋ ਅਲਰਟ ਜਾਰੀ, ਹੜ੍ਹ ਦੀ ਲਪੇਟ 'ਚ ਆਏ ਸੂਬੇ ਦੇ14 ਜ਼ਿਲ੍ਹੇ
ਪ੍ਰਾਪਤ ਜਾਣਕਾਰੀ ਅਨੁਸਾਰ ਪਿੰਡ ਕਾਹਮਾ ਵਿਚ ਸਥਿਤ ਸਰਕਾਰੀ ਸੀਨੀਅਰ ਸੈਕੰਡਰੀ ਸਮਾਰਟ ਸਕੂਲ ਵਿਚ 16 ਜੁਲਾਈ ਤਕ ਛੁੱਟੀਆਂ ਚੱਲ ਰਹੀਆਂ ਹਨ। ਹਰੀਸ਼ ਭੱਟੀ ਸਕੂਲ ਦਾ ਹੀ ਵਿਦਿਆਰਥੀ ਸੀ। ਉਹ ਸ਼ਨੀਵਾਰ ਨੂੰ ਅਪਣੇ ਦੋਸਤਾਂ ਨਾਲ ਖੇਡਣ ਲਈ ਸਕੂਲ ਪਹੁੰਚਿਆ। ਇਸ ਦੌਰਾਨ ਬੱਚੇ ਲੋਹੇ ਦੀ ਰਾਡ ਨਾਲ ਅੰਬ ਤੋੜ ਰਹੇ ਸਨ ਅਤੇ ਹੇਠਾਂ ਪਾਣੀ ਸੀ। ਉੱਪਰੋਂ ਹਾਈ ਵੋਲਟੇਜ ਦੀਆਂ ਤਾਰਾਂ ਲੰਘ ਰਹੀਆਂ ਸਨ, ਜੋ ਕਿ ਲੋਹੇ ਦੀਆਂ ਸਲਾਖਾਂ ਨੂੰ ਛੂਹ ਗਈਆਂ ਅਤੇ ਹਰੀਸ਼ ਨੂੰ ਕਰੰਟ ਲੱਗ ਗਿਆ, ਜਿਸ ਕਾਰਨ ਉਸ ਦੀ ਮੌਕੇ 'ਤੇ ਹੀ ਮੌਤ ਹੋ ਗਈ।
ਬੱਚਿਆਂ ਨੇ ਹਰੀਸ਼ ਦੇ ਪ੍ਰਵਾਰਕ ਮੈਂਬਰਾਂ ਨੂੰ ਦਸਿਆ ਤਾਂ ਉਹ ਮੌਕੇ 'ਤੇ ਪਹੁੰਚੇ। ਹਰੀਸ਼ ਮਾਪਿਆਂ ਦਾ ਇਕਲੌਤਾ ਪੁੱਤਰ ਸੀ। ਉਸ ਦੇ ਪਿਤਾ ਦਾ ਕਹਿਣਾ ਹੈ ਕਿ ਉਹ ਖੁਦ ਬੀਮਾਰ ਰਹਿੰਦਾ ਹੈ ਅਤੇ ਕੋਈ ਕੰਮ ਨਹੀਂ ਕਰਦਾ। ਉਸ ਦੀ ਪਤਨੀ ਘਰਾਂ ਵਿਚ ਖਾਣਾ ਬਣਾਉਣ ਦਾ ਕੰਮ ਕਰਦੀ ਹੈ ਜਿਸ ਨਾਲ ਉਨ੍ਹਾਂ ਦੇ ਪ੍ਰਵਾਰ ਦਾ ਗੁਜ਼ਾਰਾ ਚਲਦਾ ਹੈ।