“ਪਾਰਟੀ ਨੀਤੀਆਂ ਤੋਂ ਤੰਗ ਆ ਕੇ ਦਿੱਤਾ ਅਸਤੀਫਾ”
ਚੰਡੀਗੜ੍ਹ: 2022 ਦੀਆਂ ਚੋਣਾਂ ਤੋਂ ਪਹਿਲਾਂ ਦਲ ਬਦਲੀ ਦਾ ਸਿਲਸਿਲਾ ਜਾਰੀ ਹੈ ਤੇ ਅੱਜ ਆਮ ਆਦਮੀ ਪਾਰਟੀ ਨੂੰ ਫਿਰੋਜ਼ਪੁਰ ਦਿਹਾਤੀ ਹਲਕੇ ਤੋਂ ਉਦੋਂ ਵੱਡਾ ਝਟਕਾ ਲੱਗਾ, ਜਦੋਂ ਪਾਰਟੀ ਦੇ ਉਮੀਦਵਾਰ ਆਸ਼ੂ ਬੰਗੜ ਨੇ ਪਾਰਟੀ ਦੀ ਉਮੀਦਵਾਰੀ ਅਤੇ ਸਾਰੇ ਅਹੁਦਿਆਂ ਸਮੇਤ ਮੁਢਲੀ ਮੈਂਬਰਸ਼ਿਪ ਤੋਂ ਅਸਤੀਫਾ ਦੇਣ ਦਾ ਐਲਾਨ ਕਰ ਦਿੱਤਾ ਹੈ। ਉਨ੍ਹਾਂ ਇਸ ਸਬੰਧੀ ਪਾਰਟੀ ਨੂੰ ਪੱਤਰ ਰਾਹੀਂ ਜਾਣੂ ਕਰਵਾਇਆ ਹੈ। ਇਸ ਸਬੰਧੀ 'ਆਪ' ਉਮੀਦਵਾਰ ਆਸ਼ੂ ਬੰਗੜ ਵੱਲੋਂ ਫਿਰੋਜ਼ਪੁਰ ਪ੍ਰੈਸ ਕਲੱਬ ਵਿਚ ਬਾਕਾਇਦਾ ਪ੍ਰੈਸ ਕਾਨਫਰੰਸ ਕਰਕੇ ਪਾਰਟੀ ਦੇ ਸਮੂਹ ਅਹੁਦਿਆਂ ਅਤੇ ਮੁਢਲੀ ਮੈਂਬਰਸ਼ਿਪ ਤੋਂ ਅਸਤੀਫ਼ਾ ਦਿੱਤਾ ਹੈ।
ਉਨ੍ਹਾਂ 'ਆਪ' ਦੇ ਕੌਮੀ ਕਨਵੀਨਰ ਅਰਵਿੰਦ ਕੇਜਰੀਵਾਲ ਨੂੰ ਇਸ ਸਬੰਧੀ ਦੋ ਪੰਨਿਆਂ ਦਾ ਪੱਤਰ ਵੀ ਲਿਖਿਆ ਗਿਆ ਹੈ ਅਤੇ ਦੱਸਿਆ ਹੈ ਕਿ ਉਨ੍ਹਾਂ ਨੇ ਪਾਰਟੀ ਛੱਡਣ ਦਾ ਫੈਸਲਾ ਕਿਉਂ ਕੀਤਾ ਹੈ। ਆਸ਼ੂ ਬੰਗੜ ਵੱਲੋਂ ਜਾਰੀ ਆਪਣੇ ਬਿਆਨ ਵਿਚ ਕਿਹਾ ਹੈ ਕਿ ਉਹ ਜਦੋਂ ਆਮ ਆਦਮੀ ਪਾਰਟੀ ਵਿਚ ਸ਼ਾਮਲ ਹੋਏ ਸੀ ਤਾਂ ਬਹੁਤ ਖੁਸ਼ ਸੀ ਅਤੇ ਉਮੀਦ ਸੀ ਕਿ ਇਹ ਪਾਰਟੀ ਪੰਜਾਬ ਵਿਚ ਨਵੀਂ ਸੋਚ ਨੂੰ ਹੁੰਗਾਰਾ ਅਤੇ ਸਿਆਸਤ ਵਿਚ ਬਦਲਾਅ ਲਿਆਵੇਗੀ ਪਰੰਤੂ ਉਹ ਜਿਵੇਂ ਜਿਵੇਂ ਪਾਰਟੀ ਵਿਚ ਸਰਗਰਮ ਹੁੰਦੇ ਗਏ ਉੇਵੇਂ ਉਵੇਂ ਉਨ੍ਹਾਂ ਦੇ ਚਾਅ ਅਤੇ ਉਮੀਦਾਂ ਟੁੱਟ ਗਈਆਂ ਅਤੇ ਅੱਜ ਉਨ੍ਹਾਂ ਨੂੰ ਇਹ ਕਦਮ ਚੁੱਕਣਾ ਪਿਆ।
ਬੰਗੜ ਨੇ ਪੱਤਰ ਵਿੱਚ ਕੇਜਰੀਵਾਲ ਨੂੰ ਕਿਹਾ, ''ਤੁਹਾਡਾ ਪੰਜਾਬੀਆਂ 'ਤੇ ਬਿਲਕੁਲ ਭਰੋਸਾ ਨਹੀਂ ਹੈ ਅਤੇ ਇਸ ਵਾਰ ਵੀ ਪਿਛਲੀਆਂ ਚੋਣਾਂ ਦੀ ਤਰ੍ਹਾਂ ਪੰਜਾਬ ਲੀਡਰਸ਼ਿਪ 'ਤੇ ਰਾਘਵ ਚੱਢਾ ਥੋਪਿਆ ਹੋਇਆ ਹੈ ਅਤੇ ਪੰਜਾਬ ਵਿਚ ਪ੍ਰਧਾਨ ਦੀ ਤਰ੍ਹਾਂ ਵਿਚਰ ਰਿਹਾ ਹੈ। ਉਨ੍ਹਾਂ ਪੱਤਰ ਵਿੱਚ ਆਮ ਆਦਮੀ ਪਾਰਟੀ 'ਤੇ ਕਿਸਾਨਾਂ ਨੂੰ ਚੋਣਾਂ ਲੜਨ ਲਈ ਉਕਸਾਉਣ ਦਾ ਵੀ ਦੋਸ਼ ਲਾਇਆ ਅਤੇ ਰਾਘਵ ਚੱਢਾ ਨੂੰ ਭਾਜਪਾ ਨਾਲ ਰਲੇ ਹੋਏ ਦੱਸਿਆ। ਬੰਗੜ ਨੇ ਇਸ ਦੌਰਾਨ ਆਮ ਆਦਮੀ ਪਾਰਟੀ 'ਤੇ ਟਿਕਟਾਂ ਦੀ ਵੰਡ ਨੂੰ ਲੈ ਕੇ ਵੀ ਉਂਗਲ ਚੁੱਕੀ ਅਤੇ ਕਿਹਾ ਕਿ ਪਾਰਟੀ ਵੱਲੋਂ ਕੁੱਝ ਦਿਨਾਂ ਜਾਂ ਹਫਤੇ ਪਹਿਲਾਂ ਸ਼ਾਮਲ ਹੋਣ ਵਾਲਿਆਂ ਨੂੰ ਹੀ ਟਿਕਟਾਂ ਦਿੱਤੀਆਂ ਗਈਆਂ, ਜਿਸ ਨਾਲ ਪਾਰਟੀ ਬਦਲਵੀ ਸੋਚ ਵਾਲੀ ਸਿਆਸਤ ਕਿਵੇਂ ਕਰ ਸਕਦੀ ਹੈ।
ਉਨ੍ਹਾਂ ਕੇਜਰੀਵਾਲ ਨੂੰ ਕਿਹਾ ਕਿ ਤੁਹਾਡੀ ਪਾਰਟੀ ਹੁਣ ਆਮ ਆਦਮੀ ਦੀ ਨਹੀਂ ਰਹੀ ਸਗੋਂ ਖਾਸ, ਸਰਮਾਏਦਾਰਾਂ ਅਤੇ ਦਲ ਬਦਲੂਆਂ ਵਾਲੀ ਹੋ ਗਈ ਹੈ ਅਤੇ ਇਸ ਤੋਂ ਹੁਣ ਉਨ੍ਹਾਂ ਨੂੰ ਕੋਈ ਉਮੀਦ ਨਹੀਂ ਹੈ। ਉਹਨਾਂ ਕਿਹਾ ਕਿ ਪਾਰਟੀ ਨੂੰ ਇਕ ਕੰਪਨੀ ਵਾਂਗ ਚਲਾਇਆ ਜਾ ਰਿਹਾ ਹੈ। ਉਹਨਾਂ ਨੇ ਇਲਜ਼ਾਮ ਲਗਾਇਆ ਕਿ ਉਮੀਦਵਾਰਾਂ ਨੂੰ ਧਮਕੀਆਂ ਦੇ ਕੇ ਦਬਾਅ ਪਾਇਆ ਜਾਂਦਾ ਹੈ ਕਿ ਉਨ੍ਹਾਂ ਦੀ ਟਿਕਟ ਕੱਟ ਦਿੱਤੀ ਜਾਵੇਗੀ, ਇਸ ਲਈ ਕੋਈ ਨਹੀਂ ਬੋਲਦਾ।