
ਸ਼੍ਰੋਮਣੀ ਕਮੇਟੀ ਦੇ ਸਾਬਕਾ ਮੈਂਬਰ ਨੇ ‘ਜਥੇਦਾਰਾਂ’ ਅਤੇ ਬਾਦਲਾਂ ਨੂੰ ਕੀਤੇ ਤਿੱਖੇ ਸਵਾਲ
ਕੋਟਕਪੂਰਾ (ਗੁਰਿੰਦਰ ਸਿੰਘ) : ਬਾਦਲਾਂ ਦੇ ਰਾਜ ਵੇਲੇ ਗੁਰੂ ਗ੍ਰੰਥ ਸਾਹਿਬ ਦੇ ਪਾਵਨ ਸਰੂਪਾਂ ਦੀ ਹੋਈ ਬੇਅਦਬੀ ਅਤੇ ਉਸ ਵਿਰੁਧ ਸ਼ਾਂਤਮਈ ਰੋਸ ਪ੍ਰਗਟਾ ਰਹੀ ਸੰਗਤ ’ਤੇ ਗੋਲੀਬਾਰੀ ਕਾਰਨ ਸ਼ਹੀਦ ਹੋਏ ਦੋ ਸਿੱਖ ਨੌਜਵਾਨਾਂ ਵਾਲੇ ਕਾਂਡ ਦੀ ਜਾਂਚ ਪੜਤਾਲ ਲਈ ਬਣੀ ਐਸ.ਆਈ.ਟੀ (ਸਿੱਟ) ਦੀ ਰਿਪੋਰਟ ਨੂੰ ਬੀਤੇ ਦਿਨੀਂ ਹਾਈ ਕੋਰਟ ਵਲੋਂ ਰੱਦ ਕੀਤੇ ਜਾਣ ਕਾਰਨ ਸਾਰੇ ਸਿੱਖ ਜਗਤ ਵਿਚ ਤਾਂ ਇਕ ਤਰ੍ਹਾਂ ਦੀ ਹਾਹਾਕਾਰ ਮਚੀ ਹੋਈ ਹੈ ਪਰ ਅਤਿ ਹੈਰਾਨੀ ਦੀ ਗੱਲ ਹੈ ਕਿ ਅਕਾਲ ਤਖ਼ਤ ਦੇ ਜਥੇਦਾਰ ਸਮੇਤ ਸ਼੍ਰੋਮਣੀ ਕਮੇਟੀ ਖਾਮੋਸ਼ ਹਨ।
SIT
ਅਜਿਹੀ ਹੈਰਤ ਅੰਗੇਜ਼ ਚੁੱਪੀ ’ਤੇ ਸਵਾਲ ਉਠਾਉਂਦਿਆਂ ਸ਼੍ਰੋਮਣੀ ਕਮੇਟੀ ਦੇ ਸਾਬਕਾ ਮੈਂਬਰ ਜਥੇਦਾਰ ਤਰਲੋਚਨ ਸਿੰਘ ਦੁਪਾਲਪੁਰ ਨੇ ਪੁੱਛਿਆ ਹੈ ਕਿ ਕੀ ‘ਜਥੇਦਾਰ’ ਅਤੇ ਸ਼੍ਰੋਮਣੀ ਕਮੇਟੀ ਨੂੰ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਅਤੇ ਦੋ ਸਿੱਖਾਂ ਦੇ ਮਾਰੇ ਜਾਣ ਦੀ ਹੋਈ ਜਾਂਚ-ਪੜਤਾਲ ਮੁੜ ਠੰਢੇ ਬਸਤੇ ਪੈ ਜਾਣ ਦਾ ਕੋਈ ਦੁੱਖ ਨਹੀਂ ਹੈ? ਕੇਵਲ ਸਿੱਖ ਹੀਂ ਨਹੀਂ ਸਗੋਂ ਹਰ ਗੁਰੂ ਨਾਨਕ ਨਾਮਲੇਵਾ ਮਾਈ ਭਾਈ ਜੋ ਗੁਰਬਾਣੀ ਨੂੰ ਪਿਆਰਦੇ-ਸਤਿਕਾਰਦੇ ਹਨ, ਉਹ ਸਾਰੇ ਹੀ ਹਾਈ ਕੋਰਟ ਦੇ ਫ਼ੈਸਲੇ ਤੋਂ ਬਾਅਦ ਸੋਸ਼ਲ ਮੀਡੀਏ ’ਤੇ ਲਹੂ ਦੇ ਹੰਝੂ ਕੇਰਦਿਆਂ ਜ਼ਬਰਦਸਤ ਰੋਸ ਦਾ ਪ੍ਰਗਟਾਵਾ ਕਰ ਰਹੇ ਹਨ।
ਜਿਥੇ ਬਹੁਤੇ ਲੋਕ ਕੈਪਟਨ ਸਰਕਾਰ ਦੀ ਅਦਾਲਤ ’ਚ ਢਿੱਲੀ ਕਾਰਗੁਜ਼ਾਰੀ ਨੂੰ ਬਾਦਲਾਂ ਦੀ ਅੰਦਰੂਨੀ ਯਾਰੀ ਨਾਲ ਜੋੜ ਕੇ ਮਨ ਦੀ ਭੜਾਸ ਕੱਢ ਰਹੇ ਹਨ, ਉਥੇ ਹੀ ਪੰਥਕ ਪਾਰਟੀ ਕਹਾਉਂਦੇ ਅਕਾਲੀ ਦਲ ਦੇ ਕਈ ਆਗੂਆਂ ਵਲੋਂ ਜਸ਼ਨ ਮਨਾਏ ਜਾਣ ਦੀ ਕਰੜੀ ਨਿਖੇਧੀ ਵੀ ਕੀਤੀ ਜਾ ਰਹੀ ਹੈ। ਹੋਰ ਤਾਂ ਹੋਰ ਕਲ ਦੇ ‘ਖ਼ਾਲਿਸਤਾਨੀ’ ਤੇ ਹੁਣ ਬਾਦਲ ਪ੍ਰਵਾਰ ਦੇ ਚਹੇਤੇ ਬਣੇ ਹੋਏ ਇਕ ਵਿਧਾਇਕ ਵਲੋਂ ਨਿਧੜਕ ਅਤੇ ਬੇਬਾਕ ਪੁਲਿਸ ਅਫ਼ਸਰ ਆਈ.ਜੀ. ਕੁੰਵਰਵਿਜੈ ਪ੍ਰਤਾਪ ਸਿੰਘ ਦੀ ਨਿਜੀ ਭੰਡੀ ਕਰਨ ਦਾ ਸਿੱਖ ਸੰਗਤ ਨੇ ਬਹੁਤ ਬੁਰਾ ਮਨਾਇਆ ਹੈ।
Giani Harpreet Singh
ਅਪਣੇ ਲਿਖਤੀ ਬਿਆਨ ’ਚ ਜਥੇਦਾਰ ਦੁਪਾਲਪੁਰ ਨੇ ਅਕਾਲ ਤਖ਼ਤ ਦੇ ਜਥੇਦਾਰ ਅਤੇ ਸ਼੍ਰੋਮਣੀ ਕਮੇਟੀ ਦੇ ਆਗੂਆਂ ਨੂੰ ਸਵਾਲ ਕੀਤਾ ਹੈ ਕਿ ਕੀ ਉਹ ਨਹੀਂ ਚਾਹੁੰਦੇ ਕਿ ਬੇਅਦਬੀਆਂ ਅਤੇ ਉਸ ਤੋਂ ਬਾਅਦ ਦੋ ਸਿੱਖ ਮਾਰੇ ਜਾਣ ਦੀ ਸੱਚਾਈ ਬਾਹਰ ਆਵੇ? ਨਿਆਂਕਾਰ ਵਜੋਂ ਜਾਣੇ ਜਾਂਦੇ ਕੁੰਵਰਵਿਜੇ ਪ੍ਰਤਾਪ ਸਿੰਘ ਜਿਹੇ ਅਫ਼ਸਰ ਦੀ ਰਿਪੋਰਟ ਦੀ ਬਜਾਇ ਕੀ ਉਹ ਜਸਟਿਸ ਜ਼ੋਰਾ ਸਿੰਘ ਦੀ ਬਣਾਈ ਹੋਈ ਗੋਂਗਲੂਆਂ ਤੋਂ ਮਿੱਟੀ ਝਾੜਨ ਵਰਗੀ ਰਿਪੋਰਟ ਚਾਹੁੰਦੇ ਸਨ?
SGPC
ਭਾਵੇਂ ਸਾਰੇ ਜਾਣਦੇ ਹੀ ਹਨ ਕਿ ਸਮੁੱਚਾ ਪੰਥਕ ਕੇਂਦਰ ਬਾਦਲ ਪ੍ਰਵਾਰ ਦੇ ਕਬਜ਼ੇ ਵਿਚ ਹੈ ਪਰ ਕੀ ਉਕਤ ਆਗੂਆਂ ਦੀ ਜ਼ਮੀਰ ਅਪਣੇ ਇਸ਼ਟ ਨਾਲ ਹੋਈ ਅਣਹੋਣੀ ਤੋਂ ਵੀ ਨਹੀਂ ਜਾਗਣੀ? ਕੀ ਉਹ ਫਿਰ ਵੀ ਬਾਦਲ ਪ੍ਰਵਾਰ ਦੇ ਸਿਆਸੀ ਹਿਤਾਂ ਦੀ ਖ਼ਿਦਮਤ ਹੀ ਕਰਦੇ ਰਹਿਣਗੇ?
kunwar vijay Pratap
ਅਣਖ਼ ਤੇ ਸਵੈਮਾਣ ਦੇ ਸਬੂਤ ਵਜੋਂ ਕੈਪਟਨ ਦੇ ਮੂੰਹ ’ਤੇ ਅਪਣਾ ਅਸਤੀਫ਼ਾ ਮਾਰਨ ਤੋਂ ਬਾਅਦ ਕੁੰਵਰਵਿਜੈ ਪ੍ਰਤਾਪ ਸਿੰਘ ਵਲੋਂ ਅਪਣੀ ਪ੍ਰੋਫ਼ਾਈਲ ’ਤੇ ਲਿਖੀ ਪੋਸਟ ਦੇ ਹਵਾਲੇ ਨਾਲ ਸ. ਦੁਪਾਲਪੁਰ ਨੇ ਕੌਮ ਦੇ ਧਾਰਮਕ ਤੇ ਸਿਆਸੀ ਆਗੂਆਂ ਨੂੰ ਇਹ ਸਵਾਲ ਵੀ ਕੀਤਾ ਹੈ ਕਿ ਕੁੰਵਰਵਿਜੈ ਪ੍ਰਤਾਪ ਵਰਗਾ ਇਕ ਗ਼ੈਰ ਸਿੱਖ ਪੁਲਸੀਆ ਤਾਂ ਗੁਰੂ ਗੋਬਿੰਦ ਸਿੰਘ ਜੀ ਦੀ ਅਦਾਲਤ ’ਤੇ ਅਪਣੀ ਟੇਕ ਰੱਖ ਰਿਹਾ ਹੈ ਪਰ ਉੁਕਤ ਆਗੂਆਂ ਨੂੰ ਨਾ ਗੁਰੂ ਦਾ ਕੋਈ ਭੈਅ ਅਦਬ ਹੈ ਨਾ ਹੀ ਕੌਮ ਦਾ ਦਰਦ। ਅਖ਼ੀਰ ’ਚ ਦੁਪਾਲਪੁਰ ਨੇ ‘ਕਿਸਾਨ ਅੰਦੋਲਨ’ ਵਿਚ ਸੰਘਰਸ਼ਸ਼ੀਲ ਪੰਜਾਬੀਆਂ ਨੂੰ ਵੀ ਅਪੀਲ ਕੀਤੀ ਹੈ ਕਿ ਉਹ ਮੋਦੀ ਸਰਕਾਰ ਨਾਲ ਜੂਝਦੇ ਹੋਏ ਪੰਜਾਬ ਦੇ ਵਰਤਮਾਨ ਸਿਆਸੀ ਹਾਲਾਤ ਉਤੇ ਬਾਜ਼ ਨਜ਼ਰ ਰੱਖਣ।