
ਸਰਕਾਰ ਨੂੰ ਵੱਡੇ ਅਫ਼ਸਰਾਂ ਅਤੇ ਆਗੂਆਂ ਦੇ ਪੰਚਾਇਤੀ ਜ਼ਮੀਨਾਂ ’ਤੇ ਕੀਤੇ ਕਬਜ਼ੇ ਪਹਿਲ ਦੇ ਆਧਾਰ ’ਤੇ ਛੁਡਵਾਉਣੇ ਚਾਹੀਦੇ ਹਨ
ਚੰਡੀਗੜ੍ਹ: ਕਾਂਗਰਸੀ ਵਿਧਾਇਕ ਸੁਖਪਾਲ ਖਹਿਰਾ ਨੇ ਬੇਜ਼ਮੀਨੇ ਅਤੇ ਛੋਟੇ ਕਿਸਾਨਾਂ ਨੂੰ ਪੰਜਾਬ ਸਰਕਾਰ ਖ਼ਿਲਾਫ਼ 22 ਮਈ ਨੂੰ ਮੁਹਾਲੀ ਵਿਖੇ ਭਾਰੀ ਇਕੱਠ ਕਰਨ ਦਾ ਸੱਦਾ ਦਿੱਤਾ ਹੈ। ਸੁਖਪਾਲ ਖਹਿਰਾ ਨੇ ਕਿਹਾ ਕਿ ਜਿਨ੍ਹਾਂ ਵਿਅਕਤੀਆਂ ਕੋਲੋਂ ਪੰਜਾਬ ਸਰਕਾਰ ਨੇ ਪੰਚਾਇਤੀ ਜ਼ਮੀਨ ਦਾ ਕਬਜ਼ਾ ਛੁਡਵਾਇਆ ਹੈ, ਉਹ 22 ਮਈ ਨੂੰ ਮੁਹਾਲੀ ਦੇ ਗੁਰਦੁਆਰਾ ਅੰਬ ਸਾਹਿਬ ਵਿਖੇ ਪਹੁੰਚਣ। ਉਹਨਾਂ ਕਿਹਾ ਕਿ ਇਸ ਮੌਕੇ ਵਕੀਲ ਵੀ ਮੌਜੂਦ ਹੋਣਗੇ।
ਜੇਕਰ ਲੋੜ ਪਈ ਤਾਂ ਸਰਕਾਰ ਖ਼ਿਲਾਫ਼ ਹਾਈ ਕੋਰਟ ਜਾਂ ਸੁਪਰੀਮ ਕੋਰਟ ਤੱਕ ਜਾਵਾਂਗੇ। ਸੁਖਪਾਲ ਖਹਿਰਾ ਦਾ ਕਹਿਣਾ ਹੈ ਕਿ ਪੰਜਾਬ ਸਰਕਾਰ ਨੇ ਸਿਰਫ਼ ਛੋਟੇ ਕਿਸਾਨਾਂ ਜਾਂ ਗ਼ਰੀਬ ਵਰਗ ਦੇ ਲੋਕਾਂ ਜਾਂ ਜਿਨ੍ਹਾਂ ਕੋਲ ਤਿੰਨ ਏਕੜ ਤੋਂ ਵੀ ਘੱਟ ਦਾ ਰਕਬਾ ਪੰਚਾਇਤੀ ਹੈ, ਤੋਂ ਕਬਜ਼ੇ ਛੁਡਵਾਏ ਹਨ ਜਦਕਿ ਸਰਕਾਰ ਨੂੰ ਵੱਡੇ ਅਫ਼ਸਰਾਂ ਅਤੇ ਆਗੂਆਂ ਦੇ ਪੰਚਾਇਤੀ ਜ਼ਮੀਨਾਂ ’ਤੇ ਕੀਤੇ ਕਬਜ਼ੇ ਪਹਿਲ ਦੇ ਆਧਾਰ ’ਤੇ ਛੁਡਵਾਉਣੇ ਚਾਹੀਦੇ ਸਨ, ਜਿਨ੍ਹਾਂ ਨੇ ਮੁਹਾਲੀ ’ਚ ਹੀ 50 ਹਜ਼ਾਰ ਏਕੜ ਜ਼ਮੀਨ ’ਤੇ ਕਬਜ਼ਾ ਕੀਤਾ ਹੋਇਆ ਹੈ। ਖਹਿਰਾ ਨੇ ਪੰਚਾਇਤ ਮੰਤਰੀ ਨੂੰ ਸਲਾਹ ਦਿੱਤੀ ਕਿ ਪੰਜਾਬ ਸਰਕਾਰ ਇਕ ਸਲੈਬ ਸੈੱਟ ਕਰੇ, ਜਿਸ ’ਚ ਗ਼ਰੀਬ ਵਰਗ ਜਾਂ ਛੋਟੇ ਕਿਸਾਨਾਂ ਵੱਲੋਂ ਤਿੰਨ ਏਕੜ ਤੋਂ ਪੰਜ ਏਕੜ ਤੱਕ ਕੀਤੇ ਗਏ ਪੰਚਾਇਤ ਦੇ ਕਬਜ਼ਿਆਂ ਦੀ ਫੀਸ ਵਸੂਲ ਕੇ ਉਹਨਾਂ ਨੂੰ ਮਾਲਕਾਨਾ ਹੱਕ ਦਿੱਤਾ ਜਾਵੇ।
ਖਹਿਰਾ ਨੇ ਕਿਹਾ ਕਿ ਇਹ ਸੱਦਾ ਮੇਰਾ ਨਿੱਜੀ ਸੱਦਾ ਹੈ, ਕਾਂਗਰਸ, ਅਕਾਲੀ ਦਲ ਜਾਂ ਆਮ ਆਦਮੀ ਪਾਰਟੀ ਦੇ ਲੋਕ ਵੀ ਇਸ ਇਕੱਠ ਵਿਚ ਪਹੁੰਚ ਸਕਦੇ ਹਨ। ਉਹਨਾਂ ਦੱਸਿਆ ਕਿ ਇਸ ਦੇ ਲਈ ਵਕੀਲਾਂ ਦਾ ਇਕ ਪੈਨਲ ਵੀ ਤਿਆਰ ਕੀਤਾ ਗਿਆ ਹੈ। ਉਹਨਾਂ ਕਿਹਾ ਕਿ ਆਮ ਆਦਮੀ ਪਾਰਟੀ ਦੋਹਰਾ ਮਾਪਦੰਡ ਅਪਣਾ ਰਹੀ ਹੈ। ਇਸ ਪਾਸੇ ਮੁਹਾਲੀ ’ਚ ‘ਆਪ’ ਸਰਕਾਰ ਬੁਲਡੋਜ਼ਰ ਚਲਾਉਂਦੀ ਹੈ ਉਧਰ ਦਿੱਲੀ ’ਚ ਅਰਵਿੰਦ ਕੇਜਰੀਵਾਲ ਇਸ ਦਾ ਵਿਰੋਧ ਕਰਦੇ ਹਨ।