
ਨਿਧੜਕ ਸਿੰਘ ਬਰਾੜ ਦੇ ਆਉਣ ਨਾਲ ਪੰਜਾਬ 'ਚ ਨਵਾਂ ਉਭਾਰ ਆਏਗਾ : ਢੀਂਡਸਾ
ਮੋਗਾ, 16 ਜੂਨ : ਰਾਜ ਸਭਾ ਮੈਂਬਰ ਸੁਖਦੇਵ ਸਿੰਘ ਢੀਂਡਸਾ ਵਲੋਂ ਸ਼੍ਰੋਮਣੀ ਅਕਾਲੀ ਦਲ ਨੂੰ ਮੁੜ ਅਸਲ ਲੀਹਾਂ ਤੇ ਲਿਆਉਣ ਲਈ ਚਲਾਈ ਜਾ ਰਹੀ ਮੁਹਿੰਮ ਤਹਿਤ ਅੱਜ ਜਿਲ੍ਹਾ ਮੋਗਾ ਦੀ ਸਿਆਸਤ ਵਿਚ ਵੱਡਾ ਧਮਾਕਾ ਹੋਇਆ ਹੈ ਜਦੋਂ ਸਾਬਕਾ ਸੂਚਨਾ ਕਮਿਸ਼ਨਰ ਨਿਧੜਕ ਸਿੰਘ ਬਰਾੜ ਨੇ ਪ੍ਰਸ਼ਾਸਕੀ ਅਹੁੱਦੇ ਤੋਂ ਸੇਵਾ ਮੁਕਤ ਹੁੰਦਿਆਂ ਹੀ ਮੁੜ ਸਿਆਸਤ ਵਿਚ ਨਵੀਂ ਪਾਰੀ ਖੇਡਣ ਲਈ ਸੁਖਦੇਵ ਸਿੰਘ ਢੀਂਡਸਾ ਨਾਲ ਹੱਥ ਮਿਲਾ ਲਏ। ਨਿਧੜਕ ਸਿੰਘ ਬਰਾੜ ਪੰਜਾਬ ਦੀ ਸਿਆਸਤ ਵਿਚ ਸਾਫ ਸੁਥਰੀ ਛਵੀ ਅਤੇ ਜੋੜ-ਤੋੜ ਦੀ ਰਾਜਨੀਤੀ ਲਈ ਮੰਨਿਆ ਜਾਂਦਾ ਚਿਹਰਾ ਹੈ।
ਮਹਿਰੂਮ ਗੁਰਚਰਨ ਸਿੰਘ ਟੌਹੜਾ ਦੀ ਸ਼ਖਸ਼ੀਅਤ ਤੋਂ ਪ੍ਰਭਾਵਤ ਨਿਧੜਕ ਸਿੰਘ ਬਰਾੜ ਨੇ ਹਮੇਸ਼ਾ ਬੇਦਾਗ ਰਹਿ ਕੇ ਆਲ ਇੰਡੀਆ ਸਿੱਖ ਸਟੂਡੈਂਟ ਫੈਡਰੇਸ਼ਨ ਦੇ ਜਿਲ੍ਹਾ ਪ੍ਰਧਾਨ, ਸ਼੍ਰੋਮਣੀ ਅਕਾਲੀ ਦਲ ਯੂਥ ਵਿੰਗ ਅਤੇ ਸ਼੍ਰੋਮਣੀ ਅਕਾਲੀ ਦਲ ਦੇ ਮੀਤ ਪ੍ਰਧਾਨ ਅਤੇ ਮੁੱਖ ਬੁਲਾਰੇ ਤੱਕ ਦੇ ਅਹਿਮ ਅਹੁੱਦਿਆਂ ਤੱਕ ਕੰਮ ਕੀਤਾ। ਸੁਖਬੀਰ ਸਿੰਘ ਬਾਦਲ ਦੇ ਕਾਫੀ ਨਜਦੀਕੀ ਮੰਨੇ ਜਾਂਦੇ ਨਿਧੱੜਕ ਸਿੰਘ ਬਰਾੜ ਵੱਲੋਂ ਸੁਖਦੇਵ ਸਿੰਘ ਢੀਂਡਸਾ ਦਾ ਸਾਥ ਦੇਣਾ ਪੰਜਾਬ ਦੀ ਸਿਆਸਤ ਵਿੱਚ ਨਵਾਂ ਉਭਾਰ ਲਿਆਵੇਗਾ।
File
ਸ. ਸੁਖਦੇਵ ਸਿੰਘ ਢੀਂਡਸਾ ਨੇ ਅੱਜ ਨਿਧੱੜਕ ਸਿੰਘ ਬਰਾੜ ਦੇ ਗ੍ਰਹਿ ਵਿਖੇ ਸੰਬੋਧਨ ਕਰਦਿਆਂ ਕਿਹਾ ਕਿ ਪੰਜਾਬ ਦੇ ਸਾਬਕਾ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਤੇ ਸਾਡੇ ਪੁਰਾਣੇ ਸਾਥੀ ਸਭ ਬੇਵੱਸ ਹੋ ਗਏ ਹਨ। ਇਸ ਕਰਕੇ ਪਾਰਟੀ ਨੂੰ ਬਹੁਤ ਭਾਰੀ ਨੁਕਸਾਨ ਹੋਇਆ ਹੈ। ਮੈਂ ਇਹਨਾਂ ਗਲਤ ਫੈਸਲਿਆਂ ਖਿਲਾਫ ਪਹਿਲਾਂ ਪਾਰਟੀ ਅੰਦਰ ਰਹਿ ਕੇ ਵਿਰੋਧ ਕਰਦਾ ਰਿਹਾ ਹਾਂ ਪਰ ਹੁਣ ਪਾਰਟੀ ਦੀ ਮਜਬੂਤੀ ਅਤੇ ਜਮਹੂਰੀਅਤ ਨੂੰ ਬਹਾਲ ਕਰਾਉਣ ਲਈ ਅਤੇ ਸ਼ਹਿਰ-ਸ਼ਹਿਰ, ਪਿੰਡ-ਪਿੰਡ ਜਾ ਕੇ ਲੋਕਾਂ ਨੂੰ ਲਾਮਬੰਦ ਕਰ ਰਿਹਾ ਹਾਂ ਜਿਸ ਲਈ ਸਾਨੂੰ ਬਹੁਤ ਵੱਡਾ ਹੁੰਗਾਰਾ ਮਿਲ ਰਿਹਾ ਹੈ।
ਇਸ ਮੌਕੇ ਜੀ ਆਇਆਂ ਆਖਦਿਆਂ ਨਿਧੱੜਕ ਸਿੰਘ ਬਰਾੜ ਨੇ ਕਿਹਾ ਕਿ ਸੁਖਦੇਵ ਸਿੰਘ ਢੀਂਡਸਾ ਜੋ 60 ਸਾਲ ਤੋਂ ਅਕਾਲੀ ਸਿਆਸਤ ਵਿੱਚ ਬਹੁਤ ਅਹਿਮ ਅਹੁੱਦਿਆਂ ਤੇ ਰਹੇ ਹਨ ਜਿਹਨਾਂ ਨੇ ਅਕਾਲੀ ਦਲ ਦੀ ਮਜਬੂਤੀ ਵਾਸਤੇ ਸ. ਪ੍ਰਕਾਸ਼ ਸਿੰਘ ਬਾਦਲ ਦਾ ਸਾਥ ਦਿੱਤਾ ਪਰ ਸ਼੍ਰੋਮਣੀ ਅਕਾਲੀ ਦਲ ਅੰਦਰ ਆਏ ਨਿਘਾਰ ਖਿਲਾਫ਼ ਬੇ-ਬਾਕ ਹੋ ਕੇ ਅਵਾਜ ਉਠਾਈ ਅਤੇ ਖਤਮ ਹੋਈ ਜਮਹੂਰੀਅਤ ਨੂੰ ਮੁੜ ਬਹਾਲ ਕਰਨ ਦਾ ਬੀੜਾ ਚੁੱਕਿਆ ਹੋਇਆ ਹੈ। ਇਸ ਮੌਕੇ ਹਰਭੁਪਿੰਦਰ ਸਿੰਘ ਲਾਡੀ ਸੀਨੀਅਰ ਅਕਾਲੀ ਲੀਡਰ, ਜਰਨੈਲ ਸਿੰਘ ਰਾਮਾ, ਜਗਰੂਪ ਸਿੰਘ ਘੱਲਕਲਾਂ, ਅਜਾਇਬ ਸਿੰਘ ਬਹੌਨਾ, ਟੋਨੀ ਗਿੱਲ ਮੋਗਾ, ਸੁਰਜੀਤ ਸਿੰਘ ਡਰੋਲੀ ਭਾਈ, ਰਿੱਕੀ ਅਰੋੜਾ, ਦਵਿੰਦਰ ਸਿੰਘ ਹਰੀਏਵਾਲਾ, ਰਾਜਾ ਘੱਲਕਲਾਂ ਆਦਿ ਹਾਜ਼ਰ ਸਨ।