
ਪੰਜਾਬ ਪੁਲਿਸ ਵਲੋਂ ਕੀਤੇ ਜਾਂਦੇ ਸੁਰਖਿਆ ਪ੍ਰਬੰਧਾਂ ਤਹਿਤ ਵੱਖ ਵੱਖ ਥਾਵਾਂ ਤੇ ਲਗਾਏ ਜਾਣ ਵਾਲੇ ਬੈਰੀਕੇਡ ਦੇ ਸਟੈਂਡ..............
ਐਸਏਐਸ ਨਗਰ : ਪੰਜਾਬ ਪੁਲਿਸ ਵਲੋਂ ਕੀਤੇ ਜਾਂਦੇ ਸੁਰਖਿਆ ਪ੍ਰਬੰਧਾਂ ਤਹਿਤ ਵੱਖ ਵੱਖ ਥਾਵਾਂ ਤੇ ਲਗਾਏ ਜਾਣ ਵਾਲੇ ਬੈਰੀਕੇਡ ਦੇ ਸਟੈਂਡ ਅਸਲ ਵਿਚ ਵੱਖ-ਵੱਖ ਕੰਪਨੀਆਂ ਦੀ ਇਸ਼ਤਿਹਾਰਬਾਜ਼ੀ ਦਾ ਸਾਧਨ ਬਣ ਕੇ ਰਹਿ ਗਏ ਹਨ। ਇਸਦਾ ਕਾਰਨ ਇਹ ਹੈ ਕਿ ਪੁਲਿਸ ਵਲੋਂ ਇਹ ਬੈਰੀਕੇਡ ਸਟੈਂਡ ਵੱਖ-ਵੱਖ ਕੰਪਨੀਆਂ ਤੋਂ ਸਪਾਂਸਰ ਕਰਵਾਏ ਜਾਂਦੇ ਹਨ ਅਤੇ ਪੁਲੀਸ ਨੂੰ ਇਹ ਸਟੈਂਡ ਬਣਾ ਕੇ ਦੇਣ ਵਾਲੀਆਂ ਕੰਪਨੀਆਂ ਇਹਨਾਂ ਸਟੈਂਡਾਂ ਦੇ ਦੋਵੇਂ ਪਾਸੇ ਅਪਣੀ ਇਸ਼ਤਿਹਾਰਬਾਜ਼ੀ ਦੇ ਬੋਰਡ ਲਗਵਾ ਦਿੰਦੀਆਂ ਹਨ।
ਪੁਲਿਸ ਵਲੋਂ ਕੀਤੀ ਗਈ ਨਾਕੇਬੰਦੀ ਦੌਰਾਨ ਇਨ੍ਹਾਂ ਸਟੈਂਡਾਂ ਨੂੰ ਸੜਕਾਂ ਦੇ ਕਿਨਾਰੇ ਖੜ੍ਹਾ ਕਰ ਕੇ ਬੈਰੀਕੇਡ ਬਣਾਏ ਜਾਂਦੇ ਹਨ ਅਤੇ ਪੁਲਿਸ ਦੀ ਨਾਕੇਬੰਦੀ ਖ਼ਤਮ ਹੋਣ ਤੋਂ ਬਾਅਦ ਵੀ ਇਹ ਬੈਰੀਕੇਡ ਲੰਬੇ ਸਮੇਂ ਤਕ ਸੜਕਾਂ ਦੇ ਕਿਨਾਰੇ 'ਤੇ ਪਏ ਰਹਿੰਦੇ ਹਨ ਅਤੇ ਇਨ੍ਹਾਂ ਉਪਰ ਲੱਗੇ ਬੋਰਡਾਂ ਰਾਹੀਂ ਸਪਾਂਸਰ ਕੰਪਨੀਆਂ ਦੀ ਇਸ਼ਤਿਹਾਰਬਾਜੀ ਵੀ ਜਾਰੀ ਰਹਿੰਦੀ ਹੈ। ਇਸ ਸਬੰਧੀ ਮੋਹਾਲੀ ਵਿਕਾਸ ਮੰਚ ਦੇ ਪ੍ਰਧਾਨ ਵਿਨੀਤ ਵਰਮਾ ਵਲੋਂ ਪਿਛਲੇ ਕਾਫੀ ਸਮੇਂ ਤੋਂ ਪੁਲਿਸ ਅਤੇ ਪ੍ਰਸ਼ਾਸਨ ਦੇ ਸੀਨੀਅਰ ਅਧਿਕਾਰੀਆਂ ਨੂੰ ਪੱਤਰ ਲਿਖ ਕੇ ਇਸ ਤਰੀਕੇ ਨਾਲ ਕੀਤੀ ਜਾਂਦੀ ਇਸ਼ਤਿਹਾਰਬਾਜ਼ੀ ਨੂੰ ਬੰਦ ਕਰਵਾਉਣ ਦੀ ਮੰਗ ਕੀਤੀ ਜਾਂਦੀ ਰਹੀ ਹੈ।
ਸ੍ਰੀ ਵਰਮਾ ਦੱਸਦੇ ਹਨ ਕਿ ਕਾਨੂੰਨ ਅਨੁਸਾਰ ਸੁਰਖਿਆ ਪ੍ਰਬੰਧਾਂ ਲਈ ਮੁੱਖ ਸੜਕਾਂ ਤੇ ਬੈਰੀਕੇਡ ਬਣਾਉਣ ਲਈ ਵਰਤੇ ਜਾਂਦੇ ਇਨ੍ਹਾਂ ਸਟੈਂਡਾਂ 'ਤੇ ਇਸ਼ਤਿਹਾਰਬਾਜ਼ੀ ਦੇ ਬੋਰਡ ਨਹੀਂ ਲਗਾਏ ਜਾ ਸਕਦੇ ਅਤੇ ਇਸ ਸਬੰਧੀ ਅਦਾਲਤ ਦੀਆਂ ਸਪਸ਼ਟ ਹਦਾਇਤਾਂ ਦੇ ਬਾਵਜੂਦ ਇਹ ਕਾਰਵਾਈ ਲਗਾਤਾਰ ਜਾਰੀ ਹੈ। ਉਨ੍ਹਾਂ ਮੰਗ ਕੀਤੀ ਹੈ ਕਿ ਇਸ 'ਤੇ ਰੋਕ ਲਗਾਉਣ ਲਈ ਤੁਰਤ ਕਾਰਵਾਈ ਕੀਤੀ ਜਾਵੇ ਅਤੇ ਇਨ੍ਹਾਂ ਕੰਪਨੀਆਂ ਵਲੋਂ ਕੀਤੀ ਜਾ ਰਹੀ ਇਸ਼ਤਿਹਾਰਬਾਜ਼ੀ ਦੀ ਇਸ ਕਾਰਵਾਈ ਤੇ ਰੋਕ ਲਗਾਈ ਜਾਵੇ।