
ਪੰਜਾਬ ਮੰਤਰੀ ਮੰਡਲ ਦੀ ਮੀਟਿੰਗ ਵਿਚ ਬਰਗਾੜੀ ਮੋਰਚਾ ਚਰਚਾ ਦਾ ਵਿਸ਼ਾ ਬਣਿਆ ਰਿਹਾ..........
ਚੰਡੀਗੜ੍ਹ : ਪੰਜਾਬ ਮੰਤਰੀ ਮੰਡਲ ਦੀ ਮੀਟਿੰਗ ਵਿਚ ਬਰਗਾੜੀ ਮੋਰਚਾ ਚਰਚਾ ਦਾ ਵਿਸ਼ਾ ਬਣਿਆ ਰਿਹਾ। ਮੀਟਿੰਗ ਖ਼ਤਮ ਹੁੰਦਿਆਂ ਹੀ ਅੱਧੀ ਦਰਜਨ ਮੰਤਰੀਆ ਨੇ ਇਨਸਾਫ਼ ਮੋਰਚੇ ਦੇ ਧਾਰਮਕ ਮੁੱਦੇ ਤੋਂ ਹਟ ਕੇ ਹੋਰ ਪਾਸੇ ਵੱਲ ਨੂੰ ਤੁਰਨ 'ਤੇ ਚਿੰਤਾ ਪ੍ਰਗਟ ਕੀਤੀ ਹੈ। ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਹਾਲ ਦੀ ਘੜੀ ਇਨਸਾਫ਼ ਮੋਰਚੇ ਦੀ ਮੰਗ 'ਤੇ ਸ੍ਰੀ ਗੁਰੂ ਗੰ੍ਰਥ ਸਾਹਿਬ ਦੀ ਬੇਅਦਬੀ ਦੇ ਦੋਸ਼ੀਆਂ ਨੂੰ ਗ੍ਰਿਫ਼ਤਾਰ ਕਰਨ ਤੋਂ ਨਾਂਹ ਕਰ ਦਿਤੀ ਹੈ।
ਉਚ ਭਰੋਸੇਯੋਗ ਸੂਤਰਾਂ ਦਾ ਕਹਿਣਾ ਹੈ ਕਿ ਕੈਬਨਿਟ ਮੰਤਰੀ ਤ੍ਰਿਪਤ ਰਜਿੰਦਰ ਸਿੰਘ ਬਾਜਵਾ ਅਤੇ ਸੁਖਜਿੰਦਰ ਸਿੰਘ ਰੰਧਾਵਾ ਦਾ ਸਾਂਝੇ ਤੌਰ 'ਤੇ ਕਹਿਣਾ ਸੀ ਕਿ ਇਨਸਾਫ਼ ਮੋਰਚਾ ਧਾਰਮਕ ਮੰਗਾਂ ਨੂੰ ਲੈ ਕੇ ਸ਼ੁਰੂ ਹੋਇਆ ਸੀ ਪਰ ਇਸ ਨੇ ਹੋਰ ਪਾਸੇ ਨੂੰ ਮੋੜ ਕੱਟ ਲਿਆ ਹੇ। ਸੁਖਜਿੰਦਰ ਸਿੰਘ ਰੰਧਾਵਾ ਨੇ ਇਨਸਾਫ਼ ਮੋਰਚੇ ਵਿਚ ਪੜ੍ਹੀਆਂ ਜਾ ਰਹੀਆਂ ਕਵਿਤਾਵਾਂ (ਖ਼ਾਲਿਸਤਾਨੀ) ਉਤੇ ਫ਼ਿਕਰ ਜ਼ਾਹਰ ਕੀਤਾ ਕਿ ਬਰਗਾੜੀ ਦੀ ਸ਼ਹਿ ਹੇਠ ਗਰਮਖ਼ਿਆਲੀ ਸਰਗਰਮ ਹੋ ਰਹੇ ਹਨ। ਇਕ ਹੋਰ ਮੰਤਰੀ ਦਾ ਕਹਿਣਾ ਸੀ ਕਿ ਇਨਸਾਫ਼ ਮੋਰਚਾ ਸਿਆਸੀ ਤੌਰ 'ਤੇ ਵੀ ਮਜ਼ਬੂਤ ਹੋ ਰਿਹਾ ਹੈ
ਜਿਸ ਨੂੰ ਗੰਭੀਰਤਾ ਨਾਲ ਲਏ ਜਾਣ ਦੀ ਲੋੜ ਹੈ। ਕਈ ਹੋਰ ਮੰਤਰੀਆਂ ਨੇ ਵੀ ਇਨਸਾਫ਼ ਮੋਰਚੇ ਵਿਚ ਹੋ ਰਹੇ ਇਕੱਠ ਨੂੰ ਭਵਿੱਖ ਲਈ ਖ਼ਤਰੇ ਦੇ ਸੰਕੇਤ ਵਜੋਂ ਪੇਸ਼ ਕੀਤਾ ਹੈ। ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਕਿਹਾ ਕਿ ਗੁਰੂ ਗੰ੍ਰਥ ਸਾਹਿਬ ਦੀ ਬੇਅਦਬੀ ਦਾ ਮਾਮਲਾ ਪੰਜਾਬ ਅਤੇ ਹਰਿਆਣਾ ਹਾਈ ਕੋਰਟ ਵਿਚ ਹੈ ਤੇ ਇਸ ਹਾਲਤ ਵਿਚ ਕਿਸੇ ਨੂੰ ਹੱਥ ਨਹੀਂ ਪਾਇਆ ਜਾ ਸਕਦਾ। ਉਨ੍ਹਾਂ ਇਹ ਵੀ ਕਿਹਾ ਕਿ ਮਾਮਲੇ ਦੀ ਜਾਂਚ ਲਈ ਸਿਟ ਕੰਮ ਕਰ ਰਹੀ ਹੈ ਅਤੇ ਉਨ੍ਹਾਂ ਦੀ ਰੀਪੋਰਟ ਦੀ ਉਡੀਕ ਕੀਤੇ ਬਗ਼ੈਰ ਕੋਈ ਚਾਰਾ ਨਹੀਂ ਹੈ।