
1984 ਸਿੱਖ ਕਤਲੇਆਮ ‘ਚ ਪੀੜਤਾ ਬੀਬੀ ਗੁਰਮੀਤ ਕੌਰ ਨੇ ਸਪੋਕਸਮੈਨ ਟੀਵੀ ਨੂੰ ਦਿਤੇ ਇੰਟਰਵਿਊ ਵਿਚ ਅਪਣਾ ਦਰਦ...
ਚੰਡੀਗੜ੍ਹ (ਸਸਸ) : 1984 ਸਿੱਖ ਕਤਲੇਆਮ ‘ਚ ਪੀੜਤਾ ਬੀਬੀ ਗੁਰਮੀਤ ਕੌਰ ਨੇ ਸਪੋਕਸਮੈਨ ਟੀਵੀ ਨੂੰ ਦਿਤੇ ਇੰਟਰਵਿਊ ਵਿਚ ਅਪਣਾ ਦਰਦ ਸਾਂਝਾ ਕੀਤਾ।ਬੀਬੀ ਗੁਰਮੀਤ ਕੌਰ ਨੇ ਦੱਸਿਆ ਕਿ ‘84 ‘ਚ ਦੰਗੇ ਨਹੀਂ ਹੋਏ ਸੀ ਸਗੋਂ ਸਿੱਖ ਕਤਲੇਆਮ ਹੋਇਆ ਸੀ, ਜਿਸ ਵਿਚ ਸਿੱਖਾਂ ਨੂੰ ਮਾਰਿਆ ਜਾ ਰਿਹਾ ਸੀ ਅਤੇ ਪੂਰੀ ਦਿੱਲੀ ਸਿੱਖਾਂ ਦੇ ਖ਼ੂਨ ਨਾਲ ਲਾਲ ਹੋ ਗਈ ਸੀ। ਉਨ੍ਹਾਂ ਨੇ ਦੱਸਿਆ ਕਿ ਜਦੋਂ ਇਹ ਕਤਲੇਆਮ ਹੋਇਆ ਉਸ ਸਮੇਂ ਉਨ੍ਹਾਂ ਦੇ ਪਤੀ ਘਰ ਤੋਂ ਕਿਤੇ ਬਾਹਰ ਗਏ ਸਨ ਪਰ ਅੱਜ ਤੱਕ ਉਨ੍ਹਾਂ ਦਾ ਪਤਾ ਨਹੀਂ ਲੱਗਿਆ।
ਉਨ੍ਹਾਂ ਨੇ ਦੱਸਿਆ ਕਿ ਸਿੱਖ ਕਤਲੇਆਮ ਦੌਰਾਨ ਕਈ ਛੋਟੇ ਸਿੱਖ ਬੱਚਿਆਂ ਨੂੰ ਅੱਗ ਵਿਚ ਸਾੜ ਦਿਤਾ ਗਿਆ। ਬੀਬੀ ਗੁਰਮੀਤ ਕੌਰ ਨੇ ਦੱਸਿਆ ਕਿ ਉਸ ਦਰਦਨਾਕ ਸਮੇਂ ਵਿਚ ਉਨ੍ਹਾਂ ਦੀ ਉਮਰ ਲਗਭੱਗ 19 ਸਾਲ ਦੀ ਸੀ ਜਿਸ ਸਮੇਂ ਉਨ੍ਹਾਂ ਨੂੰ ਅਪਣੇ ਕਈ ਰਿਸ਼ਤੇਦਾਰਾਂ ਅਤੇ ਅਪਣੇ ਸੱਕਿਆਂ ਨੂੰ ਗਵਾਉਣਾ ਪਿਆ। ਉਨ੍ਹਾਂ ਨੇ ਅਪਣਾ ਦਰਦ ਬਿਆਨ ਕਰਦੇ ਹੋਏ ਦੱਸਿਆ ਕਿ ਉਹ ਸਮਾਂ ਸਮਝ ਤੋਂ ਪਰ੍ਹੇ ਸੀ ਕਿਉਂਕਿ ਹਰ ਪਾਸੇ ਅੱਗ ਵਿਚ ਸੜ ਰਹੇ ਸਿੱਖ ਪਰਵਾਰ ਅਤੇ ਉਨ੍ਹਾਂ ਦੀਆਂ ਚੀਕਾਂ ਨਾਲ ਖ਼ੌਫ਼ਨਾਕ ਮਾਹੌਲ ਬਣ ਗਿਆ ਸੀ, ਦਿਲ ‘ਚ ਵੀ ਡਰ ਬਣ ਗਿਆ ਸੀ ਅਤੇ ਜਦੋਂ ਅੱਖਾਂ ਖੋਲ੍ਹਦੇ ਸੀ ਉਦੋਂ ਉਹੀ ਖੌਫ਼ਨਾਕ ਮਾਹੌਲ ਫਿਰ ਉਨ੍ਹਾਂ ਦੇ ਸਾਹਮਣੇ ਆਉਂਦਾ ਸੀ।
ਗੱਲਬਾਤ ਦੌਰਾਨ ਉਨ੍ਹਾਂ ਨੇ ਦੱਸਿਆ ਕਿ ਉਨ੍ਹਾਂ ਦਾ ਇਕ ਭਰਾ ਸੀ ਜੋ ’84 ਸਿੱਖ ਕਤਲੇਆਮ ‘ਚ ਬਚ ਗਿਆ ਸੀ। ਤਿੰਨ ਦਿਨ ਭੁੱਖਾ ਲੁਕਿਆ ਰਹਿਣ ਕਾਰਨ ਉਸ ਦੇ ਦਿਮਾਗ ਨੂੰ ਗਹਿਰਾ ਸਦਮਾ ਲੱਗਿਆ ਅਤੇ ਉਹ ਉਸ ਸਦਮੇ ਵਿਚੋਂ ਅੱਜ ਤੱਕ ਬਾਹਰ ਨਹੀਂ ਨਿਕਲਿਆ। ਇਸ ਦੌਰਾਨ ਉਨ੍ਹਾਂ ਨੇ ਦੱਸਿਆ ਕਿ ਅੱਜ ਜਿੰਨੇ ਵੀ ਸਿੱਖ ਆਗੂ ਹਨ ਸਭ ’84 ਦੇ ਪੀੜਤਾ ਦੇ ਨਾਮ ‘ਤੇ ਸਿਆਸਤ ਦੀਆਂ ਰੋਟੀਆਂ ਸੇਕਦੇ ਹਨ ਪਰ ਸੱਚ ਇਹ ਹੈ ਕਿ ਕਿਸੇ ਨੇ ਅੱਜ ਤੱਕ ਕੁਝ ਨਹੀਂ ਕੀਤਾ।
ਉਨ੍ਹਾਂ ਨੇ ਕਿਹਾ ਕਿ ਐਸਜੀਪੀਸੀ ਨੂੰ ਵੀ ਮਦਦ ਦੇ ਲਈ ਚਿੱਠੀਆਂ ਲਿਖੀਆਂ ਸਨ ਪਰ ਕਿਸੇ ਨੇ ਮਦਦ ਲਈ ਹੁੰਗਾਰਾ ਨਹੀਂ ਭਰਿਆ ਪਰ ਉਲਟਾ ਉਨ੍ਹਾਂ ਦੇ ਪਤੀ ‘ਤੇ ਅਤਿਵਾਦੀ ਕੇਸ ਪਾ ਕੇ ਬਹੁਤ ਸਮਾਂ ਜੇਲ੍ਹ ‘ਚ ਕੈਦ ਰੱਖਿਆ। ਉਨ੍ਹਾਂ ਨੇ ਦੱਸਿਆ ਕਿ ਇਸ ਔਖੇ ਸਮੇਂ ਵਿਚ ਉਨ੍ਹਾਂ ਦੀ ਮਦਦ ਕਿਸੇ ਵੀ ਪਾਰਟੀ ਵਲੋਂ ਨਹੀਂ ਕੀਤੀ ਗਈ ਅਤੇ ਨਾ ਹੀ ਉਨ੍ਹਾਂ ਦਾ ਹਾਲ ਪੁੱਛਣ ਕਿਸੇ ਪਾਰਟੀ ਦਾ ਆਗੂ ਜਾਂ ਸਿੱਖ ਆਗੂ ਆਇਆ। ਉਨ੍ਹਾਂ ਨੇ ਦੱਸਿਆ ਕਿ 15 ਸਾਲ ਦੇ ਅਕਾਲੀਆਂ ਦੇ ਕਾਰਜਕਾਲ ਦੌਰਾਨ ਵੀ ਉਨ੍ਹਾਂ ਨੇ ਕਦੀ ਉਨ੍ਹਾਂ ਦੀ ਸਾਰ ਨਹੀਂ ਲਈ ਅਤੇ ਨਾਂ ਹੀ ਕਾਂਗਰਸ ਨੇ ਉਨ੍ਹਾਂ ਦਾ ਸਾਥ ਦਿਤਾ।
ਬੀਬੀ ਗੁਰਮੀਤ ਕੌਰ ਨੇ ਕਿਹਾ ਕਿ ਅਸੀਂ ਅੱਜ ਵੀ ਇਨਸਾਫ਼ ਦੀ ਉਮੀਦ ਰੱਖਦੇ ਹਾਂ, ਜਿਨ੍ਹਾਂ ਨੇ ਉਨ੍ਹਾਂ ਨਾਲ ਗਲਤ ਕੀਤਾ ਉਨ੍ਹਾਂ ਨੂੰ ਸਜ਼ਾ ਹੋਣ ਦੀ ਆਸ ਰੱਖਦੇ ਹਾਂ।