
ਪੰਚਕੂਲਾ ਦੀ ਸੀ.ਬੀ.ਆਈ. ਅਦਾਲਤ ਨੇ ਬੀਤੇ ਦਿਨੀਂ ਪੱਤਰਕਾਰ ਰਾਮਚੰਦਰ ਛਤਰਪਤੀ ਕਤਲ ਮਾਮਲੇ 'ਚ ਡੇਰਾ ਮੁਖੀ ਰਾਮ ਰਹੀਮ ਸਮੇਤ ਚਾਰਾਂ ਨੂੰ ਦੋਸ਼ੀ ਕਰਾਰ ਦੇ ਦਿਤਾ ਸੀ.....
ਪੰਚਕੂਲਾ (ਨੀਲ, ਪੀ ਪੀ ਵਰਮਾ) : ਪੰਚਕੂਲਾ ਦੀ ਸੀ.ਬੀ.ਆਈ. ਅਦਾਲਤ ਨੇ ਬੀਤੇ ਦਿਨੀਂ ਪੱਤਰਕਾਰ ਰਾਮਚੰਦਰ ਛਤਰਪਤੀ ਕਤਲ ਮਾਮਲੇ 'ਚ ਡੇਰਾ ਮੁਖੀ ਗੁਰਮੀਤ ਰਾਮ ਰਹੀਮ ਸਮੇਤ ਚਾਰਾਂ ਨੂੰ ਦੋਸ਼ੀ ਕਰਾਰ ਦੇ ਦਿਤਾ ਸੀ। ਉਸ ਦਿਨ ਸਜ਼ਾ ਸੁਣਾਉਣ ਲਈ 17 ਜਨਵਰੀ ਮੁਕਰਰ ਕੀਤੀ ਗਈ ਸੀ। ਸੀ.ਬੀ.ਆਈ. ਦੀ ਵਿਸ਼ੇਸ਼ ਅਦਾਲਤ ਦੇ ਜੱਜ ਜਗਦੀਪ ਸਿੰਘ ਨੇ ਇਸ ਮਾਮਲੇ 'ਚ ਸਜ਼ਾ ਸੁਣਾਉਂਦਿਆਂ ਡੇਰਾ ਮੁਖੀ ਅਤੇ ਬਾਕੀ ਤਿੰਨਾਂ ਦੋਸ਼ੀਆਂ ਨੂੰ ਉਮਰ ਕੈਦ ਦੀ ਸਜ਼ਾ ਸੁਣਾਈ ਹੈ।
ਸਜ਼ਾ ਲਈ ਸੁਨਾਰੀਆ ਅਤੇ ਅੰਬਾਲਾ ਜੇਲ 'ਚ ਬਕਾਇਦਾ ਕਟਹਿਰੇ ਬਣਾਏ ਗਏ ਸਨ
ਜਿਥੇ ਖੜਾ ਕਰ ਕੇ ਦੋਸ਼ੀਆਂ ਨੂੰ ਸਜ਼ਾ ਸੁਣਾਈ ਗਈ। ਦਸਿਆ ਜਾ ਰਿਹਾ ਹੈ ਕਿ ਜਿਸ ਵੇਲੇ ਅਦਾਲਤ ਦੀ ਕਾਰਵਾਈ ਚੱਲ ਰਹੀ ਸੀ ਉਸ ਵੇਲੇ ਡੇਰਾ ਮੁਖੀ ਹੱਥ ਜੋੜ ਕੇ ਖੜਾ ਸੀ ਅਤੇ ਉਸ ਦੇ ਚਿਹਰੇ 'ਤੇ ਉਦਾਸੀ ਛਾਈ ਹੋਈ ਸੀ। ਉਸ ਦਾ ਵਕੀਲ ਵਾਰ-ਵਾਰ ਉਸ ਨੂੰ ਕੁੱਝ ਸਮਝਾ ਰਿਹਾ ਸੀ। ਅਦਾਲਤ ਨੇ ਡੇਰਾ ਮੁਖੀ ਅਤੇ ਬਾਕੀ ਦੋਸ਼ੀਆਂ ਨੂੰ ਵੀਡੀਉ ਕਾਨਫ਼ਰੰਸਿੰਗ ਰਾਹੀਂ ਸਜ਼ਾ ਸੁਣਾਈ। ਇਸ ਮੌਕੇ ਪੂਰੇ ਹਰਿਆਣਾ ਅਤੇ ਪੰਜਾਬ ਸਮੇਤ ਪੰਚਕੂਲਾ ਦੀ ਸੀ.ਬੀ.ਆਈ. ਅਦਾਲਤ ਦੇ ਬਾਹਰ ਸੁਰੱਖਿਆ ਦਾ ਪ੍ਰਬੰਧ ਪੁਖ਼ਤਾ ਸੀ।
ਦਸ ਦਈਏ ਕਿ ਸਾਲ 2002 ਵਿਚ ਪੱਤਰਕਾਰ ਛਤਰਪਤੀ ਦੀ ਸਿਰਸਾ ਵਿਖੇ ਹਤਿਆ ਕਰ ਦਿਤੀ ਗਈ ਸੀ ਅਤੇ ਉਸ ਤੋਂ ਬਾਅਦ ਉਸ ਦੇ ਬੇਟੇ ਅੰਸ਼ੁਲ ਛਤਰਪਤੀ ਅਤੇ ਬਾਕੀ ਪਰਵਾਰ ਨੇ 16 ਸਾਲ ਦੀ ਲੰਮੀ ਲੜਾਈ ਲੜੀ ਅਤੇ ਅੱਜ ਪਰਵਾਰਕ ਮੈਂਬਰ ਡੇਰਾ ਮੁਖੀ ਨੂੰ ਸਜ਼ਾ ਮਿਲਣ 'ਤੇ ਸੰਤੁਸ਼ਟ ਹਨ। ਸੌਦਾ ਸਾਧ ਅਤੇ ਉਸ ਦੇ ਤਿੰਨ ਸਾਥੀਆਂ ਕੁਲਦੀਪ, ਨਿਰਮਲ ਅਤੇ ਕਿਸ਼ਨ ਲਾਲ ਨੂੰ ਅੱਜ ਪੰਚਕੂਲਾ ਸਥਿਤ ਸੀਬੀਆਈ ਮਾਮਲਿਆਂ ਦੀ ਵਿਸ਼ੇਸ਼ ਅਦਾਲਤ ਦੇ ਜੱਜ ਜਗਦੀਪ ਸਿੰਘ ਨੇ ਉਮਰਕੈਦ ਦੀ ਸਜ਼ਾ ਸੁਣਾਈ। ਇਨ੍ਹਾਂ ਨੂੰ 50-50 ਹਜ਼ਾਰ ਦਾ ਜੁਰਮਾਨਾ ਵੀ ਕੀਤਾ ਗਿਆ।
ਜੱਜ ਜਗਦੀਪ ਸਿੰਘ ਦੀ ਅਦਾਲਤ ਵਿਚ ਇਹ ਵੀਡਿਉ ਕਾਨਫ਼ਰੰਸਿੰਗ ਰਾਹੀਂ ਪੇਸ਼ ਹੋਏ। ਸੌਦਾ ਸਾਧ ਨੂੰ ਰੋਹਤਕ ਦੀ ਸੁਨਾਰੀਆ ਜੇਲ ਤੋਂ ਵੀਡਿਉ ਕਾਨਫ਼ਰੰਸਿੰਗ ਰਾਹੀਂ ਪੇਸ਼ ਕੀਤਾ ਗਿਆ ਅਤੇ ਕੁਲਦੀਪ ਸਿੰਘ, ਨਿਰਮਲ ਅਤੇ ਕਿਸ਼ਨ ਲਾਲ ਨੂੰ ਅੰਬਾਲਾ ਜੇਲ ਤੋਂ ਵੀਡੀਉ ਕਾਂਨਫਰੰਸਿੰਗ ਰਾਹੀਂ ਪੇਸ਼ ਕੀਤਾ ਗਿਆ। ਇਨ੍ਹਾਂ ਨੂੰ ਸਿਰਸਾ ਦੇ ਵਸਨੀਕ ਪੱਤਰਕਾਰ ਰਾਮ ਚੰਦਰ ਛਤਰਪਤੀ ਦੀ ਹੱਤਿਆ ਦੇ ਮਾਮਲੇ ਵਿਚ ਸਜ਼ਾ ਸੁਣਾਈ। ਪੀੜਤ ਪਰਵਾਰ 16 ਸਾਲ ਤੋਂ ਇਨਸਾਫ਼ ਦੀ ਮੰਗ ਕਰ ਰਿਹਾ ਸੀ। ਪੱਤਰਕਾਰ ਰਾਮ ਚੰਦਰ ਛਤਰਪਤੀ ਦੇ ਬੇਟੇ ਅੰਸ਼ੁਲ ਛਤਰਪਤੀ ਨੇ ਕਿਹਾ ਹੈ ਕਿ ਉਨ੍ਹਾਂ ਨੇ ਇਕ ਤਾਕਤਵਰ ਦੁਸ਼ਮਣ ਵਿਰੁਧ ਲੜਾਈ ਲੜੀ ਹੈ।
ਉਨ੍ਹਾਂ ਕਿਹਾ ਕਿ ਉਹਨਾਂ ਨੂੰ ਅੱਜ 16 ਸਾਲਾਂ ਬਾਅਦ ਅਪਣੇ ਪਿਤਾ ਦੀ ਹੱਤਿਆ ਦੇ ਮਾਮਲੇ ਵਿਚ ਇਨਸਾਫ਼ ਮਿਲਿਆ ਹੈ। ਅੰਸ਼ੁਲ ਨੇ ਕਿਹਾ ਕਿ ਇਹ ਇੰਨਸਾਫ ਸੀਬੀਆਈ ਨੇ ਅਤੇ ਕੋਰਟ ਨੇ ਦੁਆਇਆ ਹੈ। ਉਸ ਨੇ ਕਿਹਾ ਕਿ ਉਹ ਧਨਵਾਦ ਕਰਦਾ ਹੈ ਸੀਬੀਆਈ ਦਾ ਜਿਨ੍ਹਾਂ ਨੇ ਇਹ ਮਾਮਲਾ ਸੁਣਿਆ, ਪੜ੍ਹਿਆ ਅਤੇ ਕੋਰਟ ਵਿਚ ਪੇਸ਼ ਕੀਤਾ। ਅੱਜ ਸੀਬੀਆਈ ਦੇ ਵਕੀਲ ਵਲੋਂ ਬਾਬੇ ਨੂੰ ਫਾਂਸੀ ਦੀ ਸਜ਼ਾ ਦੀ ਮੰਗ ਕੀਤੀ ਗਈ ਸੀ। ਇਸ ਮੌਕੇ 'ਤੇ ਅਹਿਮ ਗਵਾਹ ਖੱਟਾ ਸਿੰਘ ਵੀ ਹਾਜ਼ਰ ਸੀ।
ਵਰਨਣਯੋਗ ਹੈ ਬਾਬਾ ਪਹਿਲਾਂ ਹੀ ਸਾਧਵੀਆਂ ਦੇ ਯੋਨ ਸ਼ੋਸ਼ਣ ਦੇ ਮਾਮਲੇ ਵਿੱਚ 20 ਸਾਲ ਦੀ ਸਜ਼ਾ ਰੋਹਤਕ ਦੀ ਸੁਨਾਰੀਆ ਜੇਲ ਵਿਚ ਕੱਟ ਰਿਹਾ ਹੈ
ਅਤੇ ਅੱਜ ਉਸ ਨੂੰ ਉਮਰ ਕੈਦ ਦੀ ਸਜ਼ਾ ਫਿਰ ਸੁਣਾਈ ਗਈ। ਮਿਲੀ ਜਾਣਕਾਰੀ ਅਨੁਸਾਰ ਇਸ ਮਾਮਲੇ ਵਿਚ ਬਾਬੇ ਦੇ ਵਿਰੋਧੀ ਵਕੀਲ ਅਤੇ ਗਵਾਹ ਬਾਬੇ 'ਤੇ ਭਾਰੀ ਪਏ ਜਿਸ ਕਾਰਣ ਅੱਜ ਬਾਬੇ ਨੂੰ ਉਮਰ ਕੈਦ ਦੀ ਸਜ਼ਾ ਸੁਣਾਈ ਗਈ। ਪੱਤਰਕਾਰ ਰਾਮ ਚੰਦਰ ਛਤਰਪਤੀ ਦੀ ਧੀ ਸ੍ਰੇਅਸੀ ਜਿਹੜੀ ਪੰਚਕੂਲਾ ਦੇ ਸਰਕਾਰੀ ਕਾਲਜ ਵਿਚ ਅਧਿਆਪਕ ਹੈ, ਨੇ ਕਿਹਾ ਕਿ ਉਸ ਦਾ ਭਰਾ ਅੰਸ਼ੁਲ ਹੀਰੋ ਹੈ ਜੋ ਇਨਸਾਫ਼ ਲਈ ਨਾ ਥੱਕਿਆ ਨਾ ਡਰਿਆ। ਉਸ ਨੇ ਕਿਹਾ ਉਸ ਦਾ ਭਰਾ ਅੰਸ਼ੁਲ ਦਲੇਰ ਵਿਅਕਤੀ ਹੈ। ਜਿਸ ਨੇ ਅਪਣੇ ਪਿਤਾ ਦੀ ਮੌਤ ਲਈ ਇਨਸਾਫ ਮੰਗਿਆ ਅਤੇ ਬਾਬੇ ਵਲੋਂ ਦਿੱਤੀਆਂ ਗਈਆਂ ਧਮਕੀਆਂ ਤੋਂ ਨਹੀਂ ਡਰਿਆ।
ਅੱਜ ਪੰਚਕੂਲਾ ਪੁਲਿਸ ਨੇ ਵਿਆਪਕ ਪ੍ਰਬੰਧ ਕੀਤੇ ਹੋਏ ਸਨ। ਪੱਤਰਕਾਰਾਂ ਨੂੰ ਅਦਾਲਤ ਤੋਂ 200 ਮੀਟਰ ਦੂਰ ਰੱਖਿਆ ਗਿਆ ਸੀ। 17 ਨਾਕੇ ਲਗਾਏ ਗਏ ਸਨ ਆਸ ਪਾਸ। ਪੂਰੇ ਸ਼ਹਿਰ ਵਿੱਚ 1200 ਪੁਲਿਸ ਮੁਲਾਜ਼ਮ ਤੈਨਾਤ ਕੀਤੇ ਗਏ ਸਨ। ਅੱਧੀ ਦਰਜਨ ਡਿਊਟੀ ਮੈਜਿਸਟ੍ਰੇਟ ਅਤੇ 114 ਬਟਾਲੀਅਨ ਆਰਪੀਐਫ ਦੀ ਕੰਪਨੀ ਨੂੰ ਬੁਲਾਇਆ ਹੋਇਆ ਸੀ, ਇਸ ਤੋਂ ਇਲਾਵਾ ਹਰਿਆਣਾ ਦੇ ਅੱਧੇ ਜ਼ਿਲ੍ਹੇ ਦੇ ਪੁਲਿਸ ਮੁਲਾਜ਼ਮ ਵੀ ਬੁਲਾਏ ਹੋਏ ਸਨ। ਇਸ ਤੋਂ ਇਲਾਵਾ ਪ੍ਰਸ਼ਾਸ਼ਨ ਅਤੇ ਪੁਲਿਸ ਨੇ ਫਾਇਰ ਬ੍ਰਿਗੇਡ, ਜਲ ਤੌਪਾਂ ਅਤੇ ਹੋਰ ਵੀ ਕਈ ਤਰ੍ਹਾਂ ਦੇ ਪ੍ਰਬੰਧ ਕੀਤੇ ਹੋਏ ਸਨ।
ਇੱਥੇ ਵਰਨਣਯੋਗ ਹੈ ਕਿ ਪੱਤਰਕਾਰ ਰਾਮ ਚੰਦਰ ਛਤਰਪਤੀ ਨੂੰ 24 ਅਕਤੂਬਰ 2002 ਨੂੰ ਸਿਰਸਾ ਵਿਖੇ ਉਸ 'ਤੇ ਹਮਲਾ ਕਰ ਕੇ ਗੋਲੀਆਂ ਨਾਲ ਮੌਤ ਦੇ ਘਾਟ ਉਤਾਰ ਦਿਤਾ ਗਿਆ ਸੀ। 21 ਨਵੰਬਰ 2002 ਨੂੰ ਦਿੱਲੀ ਦੇ ਅਪੋਲੋ ਹਸਪਤਾਲ ਵਿਖੇ ਰਾਮਚੰਦਰ ਛਤਰਪਤੀ ਦੀ ਮੌਤ ਹੋ ਗਈ ਸੀ, ਪਰ ਉਸ ਦੇ ਬੇਟੇ ਅੰਸ਼ੁਲ ਛਤਰਪਤੀ ਨੇ ਸੀਬੀਆਈ ਜਾਂਚ ਦੀ ਮੰਗ ਲਈ ਪੰਜਾਬ ਐਂਡ ਹਰਿਆਣਾ ਹਾਈਕੋਰਟ ਵਿੱਚ ਅਰਜ਼ੀ ਲਗਾਈ। ਨਵੰਬਰ 2003 ਵਿਚ ਹਾਈਕੋਰਟ ਦੇ ਆਦੇਸ਼ਾਂ 'ਤੇ ਸੀਬੀਆਈ ਨੇ ਐਫਆਈਆਰ ਦਰਜ ਕੀਤੀ ਅਤੇ ਦਸੰਬਰ ਨੂੰ ਇਸ ਕੇਸ ਦੀ ਜਾਂਚ ਸ਼ੁਰੂ ਹੋ ਗਈ।
ਜਦਕਿ 2004 ਵਿਚ ਡੇਰਾ ਸੱਚਾ ਸੌਦਾ ਨੇ ਇਹ ਜਾਂਚ ਰੁਕਵਾਉਣ ਲਈ ਸੁਪਰੀਮ ਕੋਰਟ ਵਿਚ ਅਪੀਲ ਕੀਤੀ ਸੀ ਪਰੰਤੂ ਸੁਪਰੀਮ ਕੋਰਟ ਨੇ ਉਸ ਦੀ ਅਪੀਲ ਖ਼ਾਰਿਜ ਕਰ ਦਿਤੀ। ਇਸ ਕੇਸ ਦੀ ਸੁਣਵਾਈ ਸੀਬੀਆਈ ਦੀ ਅਦਾਲਤ ਵਿਚ ਚੱਲੀ । ਇਕ ਹੋਰ ਕਤਲ ਦੇ ਮਾਮਲੇ 'ਚ ਉਸ ਨੂੰ 20 ਹੋਰ ਸਾਲ ਦੀ ਸਜ਼ਾ ਹੋ ਸਕਦੀ
ਸੌਦਾ ਸਾਧ ਨੂੰ ਲੰਮੇ ਸਮੇਂ ਤਕ ਜੇਲ ਦੀਆਂ ਸਲਾਖਾਂ ਪਿੱਛੇ ਰਹਿਣਾ ਪਵੇਗਾ। ਬਲਾਤਕਾਰ ਦੇ ਜੁਰਮ 'ਚ ਉਸ ਨੂੰ ਪਹਿਲਾਂ ਹੀ 20 ਸਾਲ ਦੀ ਸਜ਼ਾ ਹੋ ਚੁੱਕੀ ਹੈ। ਹੁਣ ਛੱਤਰਪਤੀ ਕਤਲ ਮਾਮਲੇ 'ਚ ਵੀ 20 ਸਾਲ ਦੀ ਸਜ਼ਾ ਹੋ ਗਈ ਹੈ।
ਇਕ ਹੋਰ ਕਤਲ ਦੇ ਮਾਮਲੇ 'ਚ ਉਸ ਨੂੰ 20 ਹੋਰ ਸਾਲ ਦੀ ਸਜ਼ਾ ਹੋ ਸਕਦੀ ਹੈ। ਇਸ ਤੋਂ ਬਾਅਦ ਨਪੁੰਸਕ ਬਣਾਉਣ ਦੇ ਮਾਮਲੇ 'ਚ 10 ਸਾਲ ਦੀ ਸਜ਼ਾ ਹੋ ਸਕਦੀ ਹੈ। ਇਸ ਤੋਂ ਬਾਅਦ ਵੀ ਗੁਰੂ ਗੋਬਿੰਦ ਸਿੰਘ ਜੀ ਦਾ ਸਵਾਂਗ ਧਾਰਨ 'ਤੇ ਉਸ ਵਿਰੁਧ ਕੇਸ ਹਾਈ ਕੋਰਟ 'ਚ ਚੱਲ ਰਿਹਾ ਹੈ।