
ਪੁਲਵਾਮਾ ਹਮਲੇ ਮਗਰੋਂ ਦੇਸ਼ ਦੇ ਵੱਖ-ਵੱਖ ਹਿੱਸਿਆ ਵਿਚ ਬੈਠੇ ਕਸ਼ਮੀਰੀ ਲੋਕਾਂ ਦੀਆਂ ਮੁਸੀਬਤਾਂ ਵਧਦੀਆਂ ਜਾ ਰਹੀਆਂ...
ਚੰਡੀਗੜ੍ਹ : ਪੁਲਵਾਮਾ ਹਮਲੇ ਮਗਰੋਂ ਦੇਸ਼ ਦੇ ਵੱਖ-ਵੱਖ ਹਿੱਸਿਆ ਵਿਚ ਬੈਠੇ ਕਸ਼ਮੀਰੀ ਲੋਕਾਂ ਦੀਆਂ ਮੁਸੀਬਤਾਂ ਵਧਦੀਆਂ ਜਾ ਰਹੀਆਂ ਹਨ। ਇਸ ਦੇ ਨਾਲ ਹੀ ਵਿਦਿਆਰਥੀਆਂ ਨੂੰ ਵੀ ਕਾਫ਼ੀ ਦਿੱਕਤਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਖ਼ਾਲਸਾ ਏਡ ਵਲੋਂ ਕਸ਼ਮੀਰੀਆਂ ਵਿਦਿਆਰਥੀਆਂ ਦਾ ਦੁੱਖ ਸਮਝਦੇ ਹੋਏ ਇਨ੍ਹਾਂ ਨੂੰ ਕਸ਼ਮੀਰ ਵਿਚ ਸਹੀ ਸਲਾਮਤ ਭੇਜਣ ਦਾ ਉਪਰਾਲਾ ਕੀਤਾ ਜਾ ਰਿਹਾ ਹੈ। ਜਿਸ ਵਿਚ ਦੇਸ਼ ਦੇ ਵੱਖ-ਵੱਖ ਹਿੱਸਿਆਂ ਵਿਚ ਪੜ੍ਹਦੇ ਵਿਦਿਆਰਥੀਆਂ ਨੂੰ ਮੋਹਾਲੀ ਦੇ ਇਕ ਗੁਰਦੁਆਰਾ ਸਾਹਿਬ ਵਿਖੇ ਇਕੱਠਾ ਕੀਤਾ ਜਾ ਰਿਹਾ ਹੈ। ਇਸ ਤੋਂ ਬਾਅਦ ਇਨ੍ਹਾਂ ਸਾਰੇ ਵਿਦਿਆਰਥੀਆਂ ਨੂੰ ਕਸ਼ਮੀਰ ਭੇਜ ਦਿਤਾ ਜਾਵੇਗਾ।
Kashmiri Student on Spokesman tv
‘ਸਪੋਕਸਮੈਨ ਟੀਵੀ’ ਤੇ ਗੱਲਬਾਤ ਕਰਦਿਆਂ ਇਨ੍ਹਾਂ ਕਸ਼ਮੀਰੀ ਵਿਦਿਆਰਥੀਆਂ ਨੇ ਦੱਸਿਆ ਕਿ ਉਹ ਦੇਹਰਾਦੂਨ ਵਿਚ ਪੜ੍ਹਦੇ ਹਨ। ਪੁਲਵਾਮਾ ਹਮਲੇ ਤੋਂ ਬਾਅਦ ਉੱਥੇ ਉਨ੍ਹਾਂ ਦਾ ਰਹਿਣਾ ਮੁਸ਼ਕਿਲ ਹੋ ਗਿਆ ਸੀ। ਮਕਾਨ ਮਾਲਕਾਂ ਵਲੋਂ ਵੀ ਸਲਾਹ ਦਿਤੀ ਗਈ ਕਿ ਉਹ ਕਸ਼ਮੀਰ ਵਾਪਸ ਚਲੇ ਜਾਣ ਕਿਉਂਕਿ ਕੁਝ ਸ਼ਰਾਰਤੀ ਅਨਸਰ ਮਾਹੌਲ ਖ਼ਰਾਬ ਕਰਨ ਦੀ ਫ਼ਿਰਾਕ ਵਿਚ ਹਨ। ਪੁਲਿਸ ਪ੍ਰਸ਼ਾਸਨ ਵਲੋਂ ਵੀ ਉਨ੍ਹਾਂ ਦੀ ਮਦਦ ਕੀਤੀ ਗਈ ਅਤੇ ਉਨ੍ਹਾਂ ਨੂੰ ਪੂਰੀ ਸੁਰੱਖਿਆ ਮੁਹੱਈਆ ਕਰਵਾਈ ਗਈ।
Khalsa Aid
ਉਨ੍ਹਾਂ ਦੱਸਿਆ ਕਿ ਉੱਥੋਂ ਦੇ ਸਥਾਨਕ ਲੋਕਾਂ ਵਲੋਂ ਉਨ੍ਹਾਂ ਦਾ ਪੁਲਵਾਮਾ ਹਮਲੇ ਮਗਰੋਂ ਕਈ ਵਾਰ ਵਿਰੋਧ ਵੀ ਕਰਨ ਦੀ ਕੋਸ਼ਿਸ਼ ਕੀਤੀ ਅਤੇ ਉਨ੍ਹਾਂ ਨੂੰ ਕਸ਼ਮੀਰ ਵਾਪਸ ਚਲੇ ਜਾਣ ਲਈ ਧਮਕੀਆਂ ਵੀ ਦਿਤੀਆਂ ਗਈਆਂ। ਇਸ ਦੌਰਾਨ ਕੁਝ ਕਸ਼ਮੀਰੀ ਵਿਦਿਆਰਥੀਆਂ ਨਾਲ ਕੁੱਟ-ਮਾਰ ਵੀ ਕੀਤੀ ਗਈ ਜਿਸ ਕਰਕੇ ਉਨ੍ਹਾਂ ਦੇ ਅੰਦਰ ਵੀ ਡਰ ਬੈਠ ਗਿਆ ਅਤੇ ਉਹ ਅਪਣੀ ਜਾਨ ਬਚਾਉਣ ਲਈ ਇੱਥੇ ਪਹੁੰਚੇ।
Khalsa Aid
ਵਿਦਿਆਰਥੀਆਂ ਨੇ ਦੱਸਿਆ ਕਿ ਉਹ ਪਿਛਲੇ ਕਈ ਸਾਲਾਂ ਤੋਂ ਦੇਹਰਾਦੂਨ ਵਿਚ ਪੜ੍ਹਾਈ ਕਰ ਰਹੇ ਹਨ ਪਰ ਪਹਿਲਾਂ ਕਦੀ ਵੀ ਉਨ੍ਹਾਂ ਨਾਲ ਅਜਿਹਾ ਨਹੀਂ ਹੋਇਆ। ਉਨ੍ਹਾਂ ਕਿਹਾ ਕਿ ਜਿਹੜੇ ਜਵਾਨ ਪੁਲਵਾਮਾ ਹਮਲੇ ਵਿਚ ਸ਼ਹੀਦ ਹੋਏ ਹਨ, ਉਨ੍ਹਾਂ ਦਾ ਉਨ੍ਹਾਂ ਨੂੰ ਵੀ ਉਨਾ ਹੀ ਅਫ਼ਸੋਸ ਹੈ ਜਿੰਨਾ ਕਿ ਇਕ ਭਾਰਤੀ ਨੂੰ ਹੋਣਾ ਚਾਹੀਦਾ ਹੈ ਪਰ ਸਾਡੇ ਲਈ ਅਸੁਰੱਖਿਅਤ ਮਾਹੌਲ ਦਾ ਸਿਰਜਿਆ ਜਾਣਾ ਇਹ ਸਭ ਮਾੜੀ ਸਿਆਸਤ ਦਾ ਸੰਕੇਤ ਹੈ।
Kashmiri Student
ਉਨ੍ਹਾਂ ਇਹ ਵੀ ਕਿਹਾ ਕਿ ਸਾਨੂੰ ਆਮ ਜਨਤਾ ਤੋਂ ਕਿਸੇ ਪ੍ਰਕਾਰ ਦੀ ਕੋਈ ਤਕਲੀਫ਼ ਨਹੀਂ ਹੈ ਅਤੇ ਉਹ ਪਿਛਲੇ ਲੰਮੇ ਸਮੇਂ ਤੋਂ ਸੁਤੰਤਰਤਾ ਪੂਰਵਕ ਅਪਣੀ ਪੜ੍ਹਾਈ ਕਰ ਰਹੇ ਸਨ। ਗੱਲਬਾਤ ਦੌਰਾਨ ਵਿਦਿਆਰਥੀਆਂ ਨੇ ਦੱਸਿਆ ਖ਼ਾਲਸਾ ਏਡ ਵਲੋਂ ਉਨ੍ਹਾਂ ਨੂੰ ਹਰ ਇਕ ਸੁਵਿਧਾ ਮੁਹੱਈਆ ਕਰਵਾਈ ਜਾ ਰਹੀ ਹੈ। ਵਿਦਿਆਰਥੀਆਂ ਨੇ ਖ਼ਾਲਸਾ ਏਡ ਦਾ ਸ਼ੁਕਰਾਨਾ ਕਰਦੇ ਹੋਏ ਦੱਸਿਆ ਕਿ ਉਨ੍ਹਾਂ ਦੀ ਪੂਰੀ ਸਾਂਭ ਸੰਭਾਲ ਕੀਤੀ ਜਾ ਰਹੀ ਹੈ ਅਤੇ ਉਹ ਹੁਣ ਪੂਰੀ ਤਰ੍ਹਾਂ ਖ਼ੁਦ ਨੂੰ ਸੁਰੱਖਿਅਤ ਮਹਿਸੂਸ ਕਰ ਰਹੇ ਹਨ। ਹੁਣ ਉਨ੍ਹਾਂ ਨੂੰ ਇਕ ਉਮੀਦ ਜਾਗੀ ਹੈ ਕਿ ਉਹ ਜਲਦੀ ਹੀ ਅਪਣੇ ਘਰਾਂ ਨੂੰ ਪਰਤ ਸਕਣਗੇ।