
ਪੰਜਾਬ ਦੇ 11 ਜ਼ਿਲ੍ਹਿਆਂ ’ਚ ਅੱਜ ਰੇਲਾਂ ਦਾ ਚੱਕਾ ਜਾਮ ਕਰੇਗੀ ਕਿਸਾਨ-ਮਜ਼ਦੂਰ ਸੰਘਰਸ਼ ਕਮੇਟੀ
ਅੰਮ੍ਰਿਤਸਰ (ਸੁਰਜੀਤ ਸਿੰਘ ਖਾਲਸਾ): ਦੇਸ਼ ਪੱਧਰੀ ਰੇਲ ਰੋੋਕੋ ਅੰਦੋਲਨ ਕੇਂਦਰ ਦੀ ਮੋਦੀ ਸਰਕਾਰ ਦੇ ਸਾਰੇ ਵਹਿਮ ਭਰਮ ਦੂਰ ਕਰ ਦੇਵੇਗਾ। ਉਪਰੋਕਤ ਵਿਚਾਰਾਂ ਦਾ ਪ੍ਰਗਟਾਵਾ ਕਰਦਿਆਂ ਕਿਸਾਨ-ਮਜ਼ਦੂਰ ਸੰਘਰਸ਼ ਕਮੇਟੀ ਪੰਜਾਬ ਦੇ ਸੂਬਾ ਪ੍ਰਧਾਨ ਸਤਨਾਮ ਸਿੰਘ ਪੰਨੂੰ, ਜਰਨਲ ਸਕੱਤਰ ਸਰਵਣ ਸਿੰਘ ਪੰਧੇਰ, ਜਸਵੀਰ ਸਿੰਘ ਪਿਦੀ, ਗੁਰਲਾਲ ਸਿੰਘ ਪੰਡੋਰੀ ਰਣਸਿੰਘ, ਨੇ ਇਕੱਠ ਨੂੰ ਸੰਬੋਧਨ ਕਰਦਿਆਂ ਕੀਤਾ।
Farmers
ਉਹਨਾਂ ਕਿਹਾ ਕਿ ਖੇਤੀ ਕਾਨੂੰਨ ਰੱਦ ਕਰਵਾਉਣ, ਸਾਰੀਆਂ ਫ਼ਸਲਾਂ ਦੀ ਸਰਕਾਰੀ ਖ਼ਰੀਦ ਦੀ ਗਾਰੰਟੀ ਵਾਲਾ ਕਾਨੂੰਨ ਬਣਾਉਣ, ਬਿਜਲੀ ਸੋਧ ਬਿਲ 2020, ਪ੍ਰਦੂਸ਼ਣ ਐਕਟ ਰੱਦ ਕਰਵਾਉਣ, ਤੇਲ ਦੀ ਕੀਮਤਾਂ ਵਿਚ 50 ਫ਼ੀ ਸਦੀ ਕਟੌਤੀ ਕਰਨ ਦੀ ਮੰਗ ਦੀ ਆਵਾਜ਼ ਨੂੰ ਇਹ ਦੇਸ਼ ਵਿਆਪੀ ਰੇਲ ਰੋੋਕ ਅੰਦੋਲਨ ਹੋਰ ਬੁਲੰਦ ਕਰੇਗਾ।
Sarwan singh pandher
ਪੰਜਾਬ ਦੇ 11 ਜ਼ਿਲ੍ਹਿਆਂ ਦੀਆਂ 32 ਥਾਵਾਂ ਉਤੇ ਰੇਲ ਗੱਡੀਆਂ ਦਾ ਚੱਕਾ ਜਾਮ ਕਰਨ ਲਈ ਲੱਖਾਂ ਦੀ ਗਿਣਤੀ ਵਿਚ ਕਿਸਾਨ-ਮਜ਼ਦੂਰ ਬੀਬੀਆਂ ਅਤੇ ਨੌਜਵਾਨਾਂ ਸਮੇਤ ਹਰ ਵਰਗ ਦੇ ਲੋਕ ਸ਼ਾਮਲ ਹੋਣਗੇ। ਆਗੂਆਂ ਨੇ ਸਮੁਚੇ ਦੇਸ਼ ਵਾਸੀਆਂ ਨੂੰ ਵੀ ਅਪੀਲ ਕੀਤੀ ਕਿ ਜੀਓ ਸਿਮ ਸਮੇਤ ਅੰਬਾਨੀਆਂ/ਅਡਾਨੀਆਂ ਦੀਆਂ ਸਾਰੀਆਂ ਚੀਜ਼ਾਂ ਦਾ ਮੁਕੰਮਲ ਤੌਰ ਉਤੇ ਬਾਈਕਾਟ ਲਗਾਤਾਰ ਜਾਰੀ ਰਖਿਆ ਜਾਵੇ। ਕੇਂਦਰ ਦੀ ਸਰਕਾਰ ਗ੍ਰਿਫ਼ਤਾਰ ਕੀਤੇ ਗਏ ਕਿਸਾਨਾਂ ਨੂੰ ਤੁਰਤ ਰਿਹਾ ਕਰੇ।
Rail Roko Movement
ਦਿੱਲੀ ਦੇ ਕਿਸਾਨ ਅੰਦੋਲਨ ਵਿਚ ਸ਼ਾਮਲ ਹੋਣ ਲਈ 20 ਫ਼ਰਵਰੀ ਨੂੰ 7ਵਾਂ ਜਥਾ ਗੁਰਦਾਸਪੁਰ, ਹੁਸ਼ਿਆਰਪੁਰ, ਭੁਲੱਥ ਨਾਲ ਸਬੰਧਿਤ ਹਰਿਗੋਬਿੰਦਪੁਰ ਦੇ ਪੁਲ ਤੋਂ ਵੱਡੀ ਗਿਣਤੀ ਵਿਚ ਕਾਫ਼ਲੇ ਦੇ ਰੂਪ ਵਿਚ ਦਿਲੀ ਨੂੰ ਕੂਚ ਕਰੇਗਾ।