
ਚੋਣ ਜ਼ਾਬਤੇ ਦੀ ਉਲੰਘਣਾ ਕਰਨ ਵਾਲੇ ’ਤੇ 100 ਮਿੰਟਾਂ ਦੇ ਅੰਦਰ ਹੋਵੇਗੀ ਕਾਰਵਾਈ
ਚੰਡੀਗੜ : ਲੋਕਸਭਾ ਚੋਣਾਂ ਦੇ ਦੌਰਾਨ ਉਮੀਦਵਾਰਾਂ ਵਲੋਂ ਚੋਣ ਜ਼ਾਬਤੇ ਦਾ ਉਲੰਘਣ ਕਰਨ ਦੀ ਸੂਰਤ ਵਿਚ ਕੇਵਲ ਚੋਣ ਕਮਿਸ਼ਨ ਹੀ ਨਜ਼ਰ ਨਹੀਂ ਰੱਖੇਗਾ ਸਗੋਂ ਚੋਣ ਕਮਿਸ਼ਨ ਦੁਆਰਾ ਤਿਆਰ ਕੀਤੀ ਜਾ ਰਹੀ ਇਕ ਵਿਸ਼ੇਸ਼ ਸੈਨਾ ਵੀ ਨਜ਼ਰ ਰੱਖੇਗੀ। ਅਪਣੀ ਇਸ ਸੈਨਾ ਦੇ ਜ਼ਰੀਏ ਚੋਣ ਕਮਿਸ਼ਨ ਦੇ ਅਧਿਕਾਰੀਆਂ ਨੂੰ ਅਪਣੇ ਦਫ਼ਤਰ ਵਿਚ ਬੈਠੇ ਹੀ ਇਸ ਗੱਲ ਦੀ ਸਾਰੀ ਜਾਣਕਾਰੀ ਮਿਲ ਜਾਵੇਗੀ ਕਿ ਕਿੱਥੇ ਚੋਣ ਜ਼ਾਬਤੇ ਦੀ ਉਲੰਘਣਾ ਕੀਤਾ ਜਾ ਰਿਹਾ ਹੈ।
CVigil
ਇਸ ਤੋਂ ਬਾਅਦ ਅਪਣੀ ਸੈਨਾ ਵਲੋਂ ਭੇਜੀ ਗਈ ਜਾਣਕਾਰੀ ਉਤੇ ਸਿਰਫ਼ ਇਕ ਘੰਟਾ 40 ਮਿੰਟ ਦੇ ਅੰਦਰ ਕਾਰਵਾਈ ਕਰ ਦਿਤੀ ਜਾਵੇਗੀ। ਇਸ ਦੇ ਲਈ ਚੋਣ ਕਮਿਸ਼ਨ ਵਲੋਂ ਸੈਨਾ ਦਾ ਵਿਸਥਾਰ ਕਰਨ ਲਈ ਕਾਫ਼ੀ ਤੇਜੀ ਨਾਲ ਕੰਮ ਕੀਤਾ ਜਾ ਰਿਹਾ ਹੈ। ਦਰਅਸਲ, ਚੋਣ ਕਮਿਸ਼ਨ ਨੇ ‘ਸੀ-ਵਿਜਿਲ’ ਮੋਬਾਇਲ ਐਪ ਨੂੰ ਖਪਤਕਾਰਾਂ ਦੇ ਸਮਾਰਟਫ਼ੋਨ ਵਿਚ ਡਾਊਨਲੋਡ ਕਰਵਾਉਣ ਦਾ ਅਭਿਆਨ ਸ਼ੁਰੂ ਕਰ ਦਿਤਾ ਹੈ।
ਇਸ ਐਪ ਨੂੰ ਲੋਕਾਂ ਦੇ ਮੋਬਾਇਲ ਵਿਚ ਡਾਊਨਲੋਡ ਕਰਵਾਉਣ ਤੋਂ ਬਾਅਦ ਆਮ ਨਾਗਰਿਕ ਵੀ ਚੋਣ ਜ਼ਾਬਤਾ ਨੂੰ ਤੋੜਨ ਵਾਲਿਆਂ ਦੀ ਵੀਡੀਓ ਜਾਂ ਫੋਟੋ ਲੈ ਕੇ ਸਿੱਧਾ ਕਮਿਸ਼ਨ ਦੇ ਕੋਲ ਭੇਜ ਸਕਣਗੇ। ਉਲੰਘਣਾ ਦੀ ਵੀਡੀਓ ਜਾਂ ਫੋਟੋ ਮਿਲਣ ਦੇ 100 ਮਿੰਟ ਵਿਚ ਕਾਰਵਾਈ ਕਰਨੀ ਹੋਵੇਗੀ। ਪੰਜਾਬ ਦੇਸ਼ ਭਰ ਵਿਚ ਸਮਾਰਟਫ਼ੋਨ ਦੀ ਗਿਣਤੀ ਵਿਚ ਤੀਜੇ ਨੰਬਰ ਉਤੇ ਆਉਂਦਾ ਹੈ। ਇਸ ਐਪ ਦੇ ਜ਼ਰੀਏ ਰਾਜਨੀਤਕ ਤੌਰ ’ਤੇ ਇਸ ਦੀ ਗਲਤ ਵਰਤੋਂ ਨਾ ਹੋਵੇ, ਇਸ ਦਾ ਵੀ ਪੂਰਾ ਖ਼ਿਆਲ ਰੱਖਿਆ ਗਿਆ ਹੈ।
cVIGIL
ਤਾਂਕਿ ਚੋਣਾਂ ਦੇ ਦੌਰਾਨ ਇਸ ਐਪ ਨੂੰ ਇਕ ਰਾਜਨੀਤਕ ਹਥਿਆਰ ਦੇ ਤੌਰ ਉਤੇ ਇਸਤੇਮਾਲ ਨਾ ਕੀਤਾ ਜਾ ਸਕੇ। ਇਸ ਦੇ ਲਈ ਮੋਬਾਇਲ ਐਪ ਪਹਿਲਾਂ ਤੋਂ ਹੀ ਰਿਕਾਰਡ ਵੀਡੀਓ ਨੂੰ ਨਹੀਂ ਲੈਂਦਾ ਅਤੇ ਇਕ ਵਾਰ ਵੀਡੀਓ ਜਾਂ ਫੋਟੋ ਨੂੰ ਰਿਕਾਰਡ ਕਰਨ ਤੋਂ ਬਾਅਦ ਸ਼ਿਕਾਇਤਕਰਤਾ ਨੂੰ ਘਟਨਾ ਦੀ ਰਿਪੋਰਟ ਲਈ ਪੰਜ ਮਿੰਟ ਦਾ ਸਮਾਂ ਦਿਤਾ ਜਾਂਦਾ ਹੈ।
‘ਸੀ-ਵਿਜਿਲ’ ਮੋਬਾਇਲ ਐਪ ਦਾ ਟਰਾਇਲ 2018 ਵਿਚ ਹੋਈਆਂ ਪੰਜ ਰਾਜਾਂ ਮੱਧ ਪ੍ਰਦੇਸ਼, ਛੱਤੀਸਗੜ, ਰਾਜਸਥਾਨ, ਤਿਲੰਗਾਨਾ ਅਤੇ ਮਿਜ਼ੋਰਮ ਦੀਆਂ ਵਿਧਾਨ ਸਭਾ ਚੋਣਾਂ ਵਿਚ ਕੀਤਾ ਗਿਆ ਸੀ। ਇਨ੍ਹਾਂ ਚੋਣਾਂ ਵਿਚ ਇਸ ਐਪ ਦੇ ਜ਼ਰੀਏ ਲਗਭੱਗ 28 ਹਜ਼ਾਰ ਸ਼ਿਕਾਇਤਾਂ ਚੋਣ ਜ਼ਾਬਤੇ ਦੀ ਉਲੰਘਣਾ ਦੀਆਂ ਆਈਆਂ ਸਨ। ਇਨ੍ਹਾਂ ਸ਼ਿਕਾਇਤਾਂ ਵਿਚ 75 ਫ਼ੀਸਦੀ ਸ਼ਿਕਾਇਤਾਂ ਸਹੀ ਪਾਈਆਂ ਗਈਆਂ ਸਨ।