
ਅੰਮ੍ਰਿਤਸਰ ਪੁਲਿਸ ਵੱਲੋਂ ਰੂਟ ਪਲਾਨ ਕੀਤਾ ਗਿਆ ਤਿਆਰ
ਸ਼ਹਿਰ ਵਾਸੀਆਂ ਨੂੰ ਕਿਸੇ ਤਰ੍ਹਾਂ ਦੀ ਕੋਈ ਵੀ ਸਮੱਸਿਆ ਨਹੀਂ ਆਵੇਗੀ- ਡੀਸੀਪੀ ਭੰਡਾਲ
ਅੰਮ੍ਰਿਤਸਰ : ਅੰਮ੍ਰਿਤਸਰ ਵਿਖੇ 19 ਅਤੇ 20 ਮਾਰਚ ਨੂੰ ਹੋਣ ਵਾਲੇ L-20 ਸਿਖਰ ਸੰਮੇਲਨ ਵਿਚ ਭਾਗ ਲੈਣ ਲਈ ਡੇਲੀਗੇਟਸ ਕੱਲ ਅੰਮ੍ਰਿਤਸਰ ਪਹੁੰਚ ਰਹੇ ਹਨ ਜਿਸ ਨੂੰ ਲੈ ਕੇ ਅੰਮ੍ਰਿਤਸਰ ਪੁਲਿਸ ਵੱਲੋਂ ਰੂਟ ਪਲਾਨ ਤਿਆਰ ਕਰ ਲਿਆ ਗਿਆ ਹੈ।
ਇਸ ਸਬੰਧ ਵਿਚ ਅੱਜ ਸਵੇਰੇ ਤੜਕਸਾਰ ਅੰਮ੍ਰਿਤਸਰ ਲਾਅ ਐਂਡ ਆਰਡਰ ਦੇ ਇੰਚਾਰਜ ਡੀਸੀਪੀ ਪਰਮਿੰਦਰ ਸਿੰਘ ਭੰਡਾਲ ਵੱਲੋਂ ਸੁਰੱਖਿਆ ਬਲਾਂ ਦੇ ਨਾਲ ਇੱਕ ਵਿਸ਼ੇਸ਼ ਮੀਟਿੰਗ ਬੁਲਾਈ ਗਈ। ਇਸ ਮੌਕੇ ਪੱਤਰਕਾਰਾਂ ਦੇ ਨਾਲ ਗੱਲਬਾਤ ਕਰਦੇ ਹੋਏ ਡੀਸੀਪੀ ਪਰਮਿੰਦਰ ਸਿੰਘ ਭੰਡਾਲ ਨੇ ਕਿਹਾ ਕਿ ਕਲ ਆ ਰਹੇ ਡੈਲੀਗੇਟਸ ਨੂੰ ਏਅਰ ਪੋਰਟ ਤੋਂ ਲੈ ਕੇ ਆਉਣ ਲਈ ਰੂਟ ਪਲਾਨ ਤਿਆਰ ਕਰ ਲਿਆ ਗਿਆ ਹੈ।
ਉਨ੍ਹਾਂ ਦੱਸਿਆ ਕਿ ਭਲਕੇ ਕਰੀਬ 5 ਤੋਂ 8 ਵਜੇ ਤੱਕ ਉਨ੍ਹਾਂ ਦੇ ਆਉਣ ਅਤੇ ਵਾਪਸੀ ਦਾ ਸਮਾਂ ਰਹੇਗਾ ਜਿਸ ਦੌਰਾਨ ਕਰੀਬ ਦਸ-ਦਸ ਮਿੰਟ ਲਈ ਹੀ ਟ੍ਰੈਫ਼ਿਕ ਰੋਕੀ ਜਾਵੇਗੀ। ਉਨ੍ਹਾਂ ਕਿਹਾ ਕਿ ਇਸ ਨਾਲ ਅੰਮ੍ਰਿਤਸਰ ਵਾਸੀਆਂ ਨੂੰ ਟ੍ਰੈਫ਼ਿਕ ਦੇ ਸਬੰਧ ਵਿੱਚ ਕੋਈ ਵੀ ਸਮੱਸਿਆ ਨਹੀਂ ਆਉਣ ਦਿੱਤੀ ਜਾਵੇਗੀ। ਡੀਸੀਪੀ ਭੰਡਾਲ ਨੇ ਕਿਹਾ ਕਿ ਟ੍ਰੈਫ਼ਿਕ ਨੂੰ ਸਿਰਫ ਕੁੱਝ ਸਮੇਂ ਲਈ ਰੋਕਿਆ ਜਾਵੇਗਾ। ਉਨ੍ਹਾਂ ਸ਼ਹਿਰ ਵਾਸੀਆਂ ਨੂੰ ਵੀ ਸਹਿਯੋਗ ਦੀ ਅਪੀਲ ਕੀਤੀ ਹੈ।