
ਦੋਸ਼ੀ ਪੁਲਿਸ ਅਧਿਕਾਰੀਆਂ ਵਿਰੁਧ ਜਲਦ ਤੋਂ ਜਲਦ ਸਖ਼ਤ ਕਾਰਵਾਈ ਕਰਨ ਲਈ ਵੀ ਕਿਹਾ
ਨਵੀਂ ਦਿੱਲੀ: ਪੰਜਾਬ ਦੇ ਮੋਹਾਲੀ ’ਚ ਇਕ ਬਲਾਤਕਾਰ ਪੀੜਤਾ ਦੀ ਸ਼ਿਕਾਇਤ ਦਰਜ ਨਾ ਕਰਨ ਨੂੰ ਲੈ ਕੇ ਰਾਸ਼ਟਰੀ ਮਹਿਲਾ ਕਮਿਸ਼ਨ ਨੇ ਸੂਬਾ ਪੁਲਿਸ ਨੂੰ ਨੋਟਿਸ ਜਾਰੀ ਕੀਤਾ ਹੈ। ਮਹਿਲਾ ਕਮਿਸ਼ਨ ਨੇ ਦੱਸਿਆ ਕਿ ਅਖ਼ਬਾਰਾਂ ਵਿਚ ਛਪੀਆਂ ਖ਼ਬਰਾਂ ’ਤੇ ਕਮਿਸ਼ਨ ਨੇ ਨੋਟਿਸ ਲਿਆ ਹੈ ਤੇ ਪੰਜਾਬ ਪੁਲਿਸ ਦੇ ਡੀਜੀਪੀ ਨੂੰ ਨੋਟਿਸ ਜਾਰੀ ਕਰਕੇ ਪੂਰੀ ਜਾਣਕਾਰੀ ਮੰਗੀ ਹੈ। ਖ਼ਬਰਾਂ ਮੁਤਾਬਕ, 2 ਥਾਣਿਆਂ ਵਲੋਂ 22 ਸਾਲਾਂ ਬਲਾਤਕਾਰ ਪੀੜਤ ਕੁੜੀ ਦੀ ਸ਼ਿਕਾਇਤ ਦਰਜ ਨਹੀਂ ਕੀਤੀ ਗਈ ਅਤੇ ਦੋਵੇਂ ਥਾਣੇ ਇਕ-ਦੂਜੇ ’ਤੇ ਜ਼ਿੰਮੇਵਾਰੀ ਟਾਲਦੇ ਰਹੇ।
Punjab Police
ਕਮਿਸ਼ਨ ਨੇ ਦੋਸ਼ੀ ਪੁਲਿਸ ਅਧਿਕਾਰੀਆਂ ਵਿਰੁਧ ਜਲਦ ਤੋਂ ਜਲਦ ਸਖ਼ਤ ਕਾਰਵਾਈ ਕਰਨ ਲਈ ਵੀ ਕਿਹਾ ਹੈ ਤੇ ਕਾਰਵਾਈ ਰਿਪੋਰਟ ਮੰਗੀ ਹੈ। ਦੱਸ ਦਈਏ ਕਿ ਸੋਮਵਾਰ ਨੂੰ ਮੋਹਾਲੀ ਦੇ ਇਕ ਕਾਲ ਸੈਂਟਰ ਵਿਚ ਕੰਮ ਕਰਨ ਵਾਲੀ ਹਿਮਾਚਲ ਦੀ ਕੁੜੀ ਨਾਲ ਬਲਾਤਕਾਰ ਕੀਤਾ ਗਿਆ ਸੀ। ਕੁੜੀ ਨੇ ਇਕ ਕਾਰ ’ਚ ਲਿਫ਼ਟ ਲਈ ਪਰ ਕਾਰ ਚਾਲਕ ਉਸ ਨੂੰ ਸੁੰਨਸਾਨ ਜਗ੍ਹਾ ’ਤੇ ਲੈ ਗਿਆ, ਜਿੱਥੇ ਉਸ ਨੇ ਕੁੜੀ ਨਾਲ ਸ਼ਰਮਨਾਕ ਕਾਰਾ ਕੀਤਾ।
Rape Case
ਪੀੜਤ ਕੁੜੀ ਨੇ ਸੋਹਾਣਾ ਥਾਣੇ ਦੇ ਐਸ.ਐਚ.ਓ. ਨੂੰ ਇਸ ਮਾਮਲੇ ਦੀ ਸ਼ਿਕਾਇਤ ਦਿਤੀ ਪਰ ਉਸ ਨੇ ਕੋਈ ਕਾਰਵਾਈ ਨਹੀਂ ਕੀਤੀ। ਬਾਅਦ ਵਿਚ ਇਹ ਮਾਮਲਾ ਉੱਚ ਅਧਿਕਾਰੀਆਂ ਤੱਕ ਪੁੱਜਿਆ ਤਾਂ ਡਿਊਟੀ ’ਚ ਲਾਪਰਵਾਹੀ ਵਰਤਣ ਅਤੇ ਉੱਚ ਅਧਿਕਾਰੀਆਂ ਨੂੰ ਸੂਚਨਾ ਨਾ ਦੇਣ ’ਤੇ ਉਕਤ ਐਸ.ਐਚ.ਓ. ਨੂੰ ਮੁਅੱਤਲ ਕਰ ਦਿਤਾ ਗਿਆ। ਫ਼ਿਲਹਾਲ ਬਲਾਤਕਾਰ ਕਰਨ ਵਾਲਾ ਦੋਸ਼ੀ ਫ਼ਰਾਰ ਹੈ ਤੇ ਪੁਲਿਸ ਵਲੋਂ ਉਸ ਦੀ ਭਾਲ ਕੀਤੀ ਜਾ ਰਹੀ ਹੈ।