
ਪੁਲਿਸ ਤੇ ਲੀਡਰਾਂ ਦੀ ਸਰਪ੍ਰਸਤੀ ਦਾ ਪਰਦਾਫ਼ਾਸ਼
ਚੰਡੀਗੜ੍ਹ, 17 ਜੂਨ (ਜੀ.ਸੀ. ਭਾਰਦਵਾਜ) : ਅਦਾਲਤ ਵਲੋਂ ਭਗੌੜਾ ਕਰਾਰ ਦਿਤੇ ਗਏ ਇਕ ਅਸਰ-ਰਸੂਖ ਵਾਲੇ ਵਿਅਕਤੀ ਨੇ ਪਿਛਲੇ 11 ਸਾਲਾਂ ਤੋਂ ਲੁਧਿਆਣਾ ਬਲਾਕ-1 'ਚ ਬਤੌਰ ਬੀ.ਡੀ.ਪੀ.ਓ. ਦੇ ਉਚ ਅਹੁਦੇ 'ਤੇ ਵਧੀਆ ਤਨਖ਼ਾਹ, ਸਰਕਾਰੀ ਗੱਡੀਆਂ, ਰਿਹਾਇਸ਼ ਤੇ ਲੱਖਾਂ-ਕਰੋੜਾਂ ਦੀਆਂ ਗ੍ਰਾਂਟਾਂ ਵੰਡਣ ਦੀ ਜ਼ਿੰਮੇਵਾਰੀ ਸੰਭਾਲੀ ਹੋਈ ਹੈ।
ਪੰਚਾਇਤ ਸਕੱਤਰ ਯੂਨੀਅਨ ਦੇ ਪ੍ਰਧਾਨ ਸੁਖਪਾਲ ਗਿੱਲ ਅਤੇ ਉਸ ਨਾਲ ਆਏ ਐਡਵੋਕੇਟ ਦੀਪਕ ਨਈਅਰ ਨੇ ਪ੍ਰੈੱਸ ਕਲੱਬ 'ਚ ਮੀਡੀਆ ਨੂੰ ਦਸਿਆ ਕਿ ਕਿਵੇਂ ਇਸ ਵਿਅਕਤੀ ਧਨਵੰਤ ਸਿੰਘ ਨੇ ਜ਼ਿਲ੍ਹਾ ਅੰਮ੍ਰਿਤਸਰ ਦੇ ਤਰਸਿੱਕਾ ਬਲਾਕ 'ਚ 40 ਲੱਖ ਦਾ ਗਬਨ 2008 'ਓ ਕੀਤਾ, ਉਸ ਵਿਰੁਧ ਪਰਚਾ ਹੋਇਆ। ਵਿਜੀਲੈਂਸ ਕੇਸ ਹੋਇਆ, ਗ੍ਰਿਫ਼ਤਾਰੀ ਨਹੀਂ ਹੋਈ। ਅਦਾਲਤ ਨੇ ਭਗੌੜਾ ਕਰਾਰ ਦਿਤਾ ਪਰ ਪੁਲਿਸ ਦੀ ਸਰਪ੍ਰਸਤੀ ਨਾਲ ਫ਼ਰਜ਼ੀ ਤੇ ਨਕਲੀ ਰੀਪੋਰਟਾਂ ਜਾਰੀ ਕਰਵਾ ਕੇ, ਮੌਜੂਦਾ ਬੀ.ਡੀ.ਪੀ.ਓ. ਦੀ ਪਦਵੀ 'ਤੇ ਅੱਜ ਵੀ ਕੰਮ ਕਰ ਰਿਹਾ ਹੈ।
File Photo
ਸੁਖਪਾਲ ਗਿੱਲ ਨੇ ਸਾਰੇ ਦਸਤਾਵੇਜ ਤੇ ਅਦਾਲਤੀ ਹੁਕਮ ਵਿਖਾਉਂਦੇ ਹੋਏ ਮੀਡੀਆ ਨੂੰ ਦਸਿਆ ਕਿ ਉੁਨ੍ਹਾਂ ਮੁੱਖ ਮੰਤਰੀ, ਸਬੰਧਤ ਮੰਤਰੀ ਅਧਿਕਾਰੀਆਂ ਤੇ ਪੁਲਿਸ ਡਾਇਰੈਕਟਰ ਜਨਰਲਾਂ ਨੂੰ ਇਸ ਬਾਰੇ ਲਿਖਤੀ ਰੂਪ 'ਚ ਜਾਣਕਾਰੀ ਦਿਤੀ ਹੈ ਅਤੇ ਪੰਚਾਇਤ ਮੰਤਰੀ ਤ੍ਰਿਪਤ ਬਾਜਵਾ ਕੋਲ ਵੀ ਪਹੁੰਚ ਕੀਤੀ ਹੈ।
ਸੁਖਪਾਲ ਗਿੱਲ ਨੇ ਸਪਸ਼ਟ ਰੂਪ 'ਚ ਕਿਹਾ ਕਿ ਧਨਵੰਤ ਸਿੰਘ ਨੂੰ ਸਰਪ੍ਰਸਤੀ ਤੇ ਮਦਦ, ਪੁਲਿਸ ਅਫ਼ਸਰਾਂ ਤੇ ਸਿਆਸੀ ਨੇਤਾਵਾਂ ਦੀ ਹੈ।
ਉੁਨ੍ਹਾਂ ਦਸਿਆ ਕਿ ਧਨਵੰਤ ਸਿੰਘ ਗੁਰਦਾਸਪੁਰ ਜ਼ਿਲ੍ਹਾ ਨਾਲ ਸਬੰਧਤ ਹੈ। ਜਦੋਂ ਉਨ੍ਹਾਂ ਦਾ ਪੱਖ ਜਾਨਣ ਲਈ ਬੀ.ਡੀ.ਪੀ.ਓ ਧਨਵੰਤ ਸਿੰਘ ਨੂੰ ਫ਼ੋਨ 'ਤੇ ਗੱਲਬਾਤ ਕਰਨ ਦੀ ਵਾਰ-ਵਾਰ ਕੋਸ਼ਿਸ਼ ਕੀਤੀ ਤਾਂ ਫ਼ੋਨ ਕੱਟਣ ਅਤੇ ਅੱਗੋਂ ਕੋਈ ਹੁੰਗਾਰਾ ਨਾ ਮਿਲਿਆ। ਸੁਖਪਾਲ ਗਿੱਲ ਨੇ ਮੰਗ ਕੀਤੀ ਕਿ ਇਸ ਬੀ.ਡੀ.ਪੀ.ਓ. ਨੂੰ ਗ੍ਰਿਫ਼ਤਾਰ ਕੀਤਾ ਜਾਵੇ ਅਤੇ ਤਰਸਿੱਕਾ ਬਲਾਕ 'ਚ ਘੁਟਾਲਾ ਕਰਨ ਅਤੇ ਅਦਾਲਤੀ ਹੁਕਮਾਂ ਨੂੰ ਨਾ ਮੰਨਣ ਕਰ ਕੇ ਕਰੜੀ ਸਜ਼ਾ ਦਿਤੀ ਜਾਵੇ।