
ਸਵਿਸ ਬੈਂਕਾਂ 'ਚ ਵਧਿਆ ਭਾਰਤੀਆਂ ਦਾ ਪੈਸਾ, 14 ਸਾਲ ਦੇ ਉਚ ਪੱਧਰ 'ਤੇ ਪਹੁੰਚੀ ਜਮ੍ਹਾਂ ਰਕਮ
ਨਵੀਂ ਦਿੱਲੀ, 17 ਜੂਨ : ਸਵਿਟਜ਼ਰਲੈਂਡ ਦੇ ਬੈਂਕਾਂ 'ਚ ਭਾਰਤੀ ਕੰਪਨੀਆਂ ਤੇ ਲੋਕਾਂ ਦਾ ਪੈਸਾ 2021 ਦੌਰਾਨ 50 ਫ਼ੀ ਸਦੀ ਵੱਧ ਕੇ 14 ਸਾਲ ਦੇ ਉਚ ਪੱਧਰ 3.83 ਅਰਬ ਸਵਿਸ ਫ਼ਰੈਂਕ (30,500 ਕਰੋੜ ਰੁਪਏ ਤੋਂ ਉਪਰ) ਪਹੁੰਚ ਗਿਆ ਹੈ | ਇਸ 'ਚ ਭਾਰਤ 'ਚ ਸਵਿਟਜ਼ਰਲੈਂਡ ਦੇ ਬੈਂਕਾਂ ਦੀਆਂ ਸ਼ਾਖਾਵਾਂ ਤੇ ਹੋਰ ਵਿੱਤੀ ਸੰਸਥਾਨਾਂ 'ਚ ਜਮ੍ਹਾਂ ਧਨ ਵੀ ਸ਼ਾਮਲ ਹੈ | ਸਵਿਟਜ਼ਰਲੈਂਡ ਦੇ ਕੇਂਦਰੀ ਬੈਂਕ ਵਲੋਂ ਜਾਰੀ ਸਲਾਨਾ ਅੰਕੜਿਆਂ ਮੁਤਾਬਕ ਇਸ ਨਾਲ ਜੁੜੇ ਸਾਧਨਾਂ ਜ਼ਰੀਏ ਹਿੱਸੇਦਾਰੀ ਤੇ ਗਾਹਕਾਂ ਦੀ ਜਮ੍ਹਾਂ ਪੂੰਜੀ ਵਧਣ ਨਾਲ ਸਵਿਸ ਬੈਂਕਾਂ 'ਚ ਭਾਰਤੀਆਂ ਦਾ ਪੈਸਾ ਵਧਿਆ ਹੈ | ਇਸ ਤੋਂ ਪਹਿਲਾਂ ਸਾਲ 2020 ਦੇ ਅਖ਼ੀਰ ਤਕ ਸਵਿਟਜ਼ਰਲੈਂਡ ਦੇ ਬੈਂਕਾਂ 'ਚ ਭਾਰਤੀਆਂ ਦਾ ਪੈਸਾ 2.55 ਅਰਬ ਸਵਿਸ ਫ਼ਰੈਂਕ (20,700 ਕਰੋੜ ਰੁਪਏ) ਸੀ |
ਇਸ ਤੋਂ ਇਲਾਵਾ ਭਾਰਤੀ ਗਾਹਕਾਂ ਦੇ ਬੱਚਤ ਜਾਂ ਜਮ੍ਹਾਂ ਖ਼ਾਤਿਆਂ ਜਮ੍ਹਾਂ ਰਾਸ਼ੀ 2 ਸਾਲ ਦੀ ਗਿਰਾਵਟ ਤੋਂ ਬਾਅਦ 2021 'ਚ ਲਗਭਗ 4800 ਕਰੋੜ ਰੁਪਏ ਦੇ 7 ਸਾਲ ਦੇ ਉੱਚ ਪੱਧਰ 'ਤੇ ਪਹੁੰਚ ਗਈ | ਅੰਕੜਿਆਂ ਮੁਤਾਬਕ ਸਵਿਟਜ਼ਰਲੈਂਡ ਦੇ ਬੈਂਕਾਂ 'ਤੇ 2021 ਦੇ ਅਖ਼ੀਰ ਤਕ ਭਾਰਤੀ ਗਾਹਕਾਂ ਦੀ ਕੁੱਲ ਦੇਣਦਾਰੀ 383.19 ਕਰੋੜ ਸਵਿੱਸ ਫਰੈਂਕ ਹੈ | ਇਸ 'ਚੋਂ 60.20 ਕਰੋੜ ਸਵਿੱਸ ਫਰੈਂਕ ਗਾਹਕਾਂ ਦੀ ਜਮ੍ਹਾਂ ਰਾਸ਼ੀ ਦੇ ਰੂਪ 'ਚ ਹੈ, ਜਦੋਂ ਕਿ 122.5 ਕਰੋੜ ਸਵਿੱਸ ਫਰੈਂਕ ਹੋਰ ਬੈਂਕਾਂ ਜ਼ਰੀਏ ਰੱਖੇ ਗਏ ਹਨ ਤੇ 30 ਲੱਖ ਸਵਿੱਸ ਫਰੈਂਕ ਨਿਆਸਾ ਆਦਿ ਦੇ ਰੂਪ 'ਚ ਹਨ | ਇਹ ਅੰਕੜੇ ਸਵਿਟਜ਼ਰਲੈਂਡ ਦੇ ਬੈਂਕਾਂ ਵਲੋਂ ਐਸ. ਐਨ. ਬੀ. ਨੂੰ ਦਿਤੇ ਗਏ ਹਨ |
ਸਵਿੱਸ ਬੈਂਕਾਂ 'ਚ ਕਥਿਤ ਰੂਪ ਨਾਲ ਭਾਰਤੀਆਂ ਦੇ ਕਾਲੇ ਧਨ ਨੂੰ ਨਹੀਂ ਦਰਸਾਉਂਦੇ | ਇਨ੍ਹਾਂ ਅੰਕੜਿਆਂ 'ਚ ਉਹ ਧਨ ਵੀ ਸ਼ਾਮਲ ਨਹੀਂ, ਜੋ ਭਾਰਤੀਆਂ, ਪਰਵਾਸੀ ਭਾਰਤੀਆਂ ਜਾਂ ਹੋਰ ਲੋਕਾਂ ਕੋਲ ਸਵਿਸ ਬੈਂਕਾਂ 'ਚ ਕਿਸੇ ਤੀਜੇ ਦੇਸ਼ ਦੀਆਂ ਇਕਾਈਆਂ ਦੇ ਨਾਂ 'ਤੇ ਹੋ ਸਕਦਾ ਹੈ | ਸਵਿਸ ਸਰਕਾਰ ਹਾਲਾਂਕਿ ਸਵਿਟਜ਼ਰਲੈਂਡ ਦੇ ਬੈਂਕਾਂ ਜਮ੍ਹਾਂ ਭਾਰਤੀਆਂ ਦੇ ਧਨ ਨੂੰ ਕਾਲਾ ਧਨ ਨਹੀਂ ਮੰਨਦੀ ਹੈ | ਸਵਿਟਜ਼ਰਲੈਂਡ ਦਾ ਕਹਿਣਾ ਹੈ ਕਿ ਉਸ ਨੇ ਟੈਕਸ ਚੋਰੀ ਦੇ ਖ਼ਿਲਾਫ਼ ਲੜਾਈ 'ਚ ਹਮੇਸ਼ਾ ਸਰਗਰਮ ਰੂਪ ਨਾਲ ਭਾਰਤ ਦਾ ਸਮਰਥਨ ਕੀਤਾ ਹੈ | ਅੰਕੜਿਆਂ ਮੁਤਾਬਕ ਵਿਦੇਸ਼ੀ ਗਾਹਕਾਂ ਦੀ ਗੱਲ ਕੀਤੀ ਜਾਵੇ ਤਾਂ ਸਵਿੱਸ ਬੈਂਕਾਂ 'ਚ ਬਿ੍ਟੇਨ ਦਾ 379 ਅਰਬ ਸਵਿੱਸ ਫਰੈਂਕ ਜਮ੍ਹਾਂ ਹੈ, ਜੋ ਸਭ ਤੋਂ ਜ਼ਿਆਦਾ ਹੈ | ਇਸ ਤੋਂ ਬਾਅਦ ਅਮਰੀਕਾ ਦੇ ਗਾਹਕਾਂ ਦਾ ਸਵਿੱਸ ਬੈਂਕਾਂ 'ਚ 168 ਅਰਬ ਸਵਿੱਸ ਫਰੈਂਕ ਹਨ | 100 ਅਰਬ ਤੋਂ ਜ਼ਿਆਦਾ ਜਮ੍ਹਾਂ ਵਾਲੇ ਗਾਹਕਾਂ ਦੀ ਸੂਚੀ 'ਚ ਸਿਰਫ ਅਮਰੀਕਾ ਤੇ ਬਿ੍ਟੇਨ ਸ਼ਾਮਲ ਹਨ | (ਏਜੰਸੀ)