
ਪੁਲਿਸ ਨੇ ਜ਼ਖਮੀਆਂ ਨੂੰ ਚੰਡੀਗੜ੍ਹ ਸੈਕਟਰ 32 ਦੇ ਸਰਕਾਰੀ ਹਸਪਤਾਲ ਦਾਖਲ ਕਰਵਾਇਆ ਹੈ।
ਮੋਹਾਲੀ- ਜ਼ੀਰਕਪੁਰ ਛੱਤ ਲਾਈਟ ਪੁਆਇੰਟ ਕੋਲ ਦਰਦਨਾਕ ਹਾਦਸਾ ਵਾਪਰਿਆ। ਇਸ ਹਾਦਸੇ ਵਿਚ 10 ਮਹੀਨੇ ਦੇ ਬੱਚੇ ਸਮੇਤ ਇੱਕ ਔਰਤ ਦੀ ਮੌਤ ਹੋ ਗਈ ਹੈ। ਦੱਸ ਦਈਏ ਕਿ ਇਹ ਹਾਦਸਾ ਸਵੇਰੇ 5 ਵਜੇ ਦੇ ਕਰੀਬ ਵਾਪਰਿਆ, ਜਿਸ ਵਿਚ ਇੱਕ ਟੋਇਟਾ ਕਾਰ ਅਤੇ ਫਲਾਂ ਨਾਲ ਭਰੀ ਪਿਕਅਪ ਵਿਚਕਾਰ ਟੱਕਰ ਹੋਈ। ਹਾਦਸਾ ਇੰਨਾ ਜ਼ਬਰਦਸਤ ਸੀ ਕਿ ਕਾਰ ਦੇ ਪਰਖੱਚੇ ਉਡ ਗਏ ਤੇ ਫਰੂਟ ਨਾਲ ਭਰੀ ਪਿਕਅੱਪ ਜੀਪ ਵੀ ਪਲਟ ਗਈ।
ਇਸ ਹਾਦਸੇ ਵਿਚ 10 ਮਹੀਨੇ ਦੇ ਮਾਸੂਮ ਬੱਚੇ ਅਤੇ ਉਸ ਦੀ ਦਾਦੀ ਦੀ ਮੌਤ ਹੋ ਗਈ। ਹਾਦਸੇ ਵਿਚ ਬੱਚੇ ਦੀ ਮਾਂ ਦੀ ਲੱਤ ਟੁੱਟ ਗਈ ਅਤੇ ਦਾਦੇ ਨੂੰ ਵੀ ਗੰਭੀਰ ਸੱਟਾਂ ਲੱਗੀਆਂ ਹਨ। ਹਾਦਸੇ ਦੀ ਸੂਚਨਾ ਮਿਲਣ ਉਤੇ ਪੁਲਿਸ ਮੌਕੇ ਉਤੇ ਪੁੱਜੀ। ਪੁਲਿਸ ਨੇ ਜ਼ਖਮੀਆਂ ਨੂੰ ਚੰਡੀਗੜ੍ਹ ਸੈਕਟਰ 32 ਦੇ ਸਰਕਾਰੀ ਹਸਪਤਾਲ ਦਾਖਲ ਕਰਵਾਇਆ ਹੈ।
ਪੁਲਿਸ ਤੋਂ ਮਿਲੀ ਜਾਣਕਾਰੀ ਅਨੁਸਾਰ ਕਾਲੇ ਰੰਗ ਦੀ ਟੋਇਟਾ ਕਾਰ ਵਿਚ ਚਾਰ ਵਿਅਕਤੀ ਰੋਪੜ ਤੋਂ ਦਿੱਲੀ ਕਿਸੇ ਕੰਮ ਲਈ ਜਾ ਰਹੇ ਸਨ ਤਾਂ ਦੂਜੇ ਪਾਸੇ ਫਲਾਂ ਨਾਲ ਭਰੀ ਪਿਕਅੱਪ ਹਿਮਾਚਲ ਤੋਂ ਪੰਜਾਬ ਵੱਲ ਜਾ ਰਹੀ ਸੀ ਤਾਂ ਇਹ ਹਾਦਸਾ ਵਾਪਰਿਆ। ਇਸ ਹਾਦਸੇ 'ਚ 10 ਮਹੀਨੇ ਦੇ ਬੱਚੇ ਗੁਰਕੀਰਤ ਅਤੇ ਉਸ ਦੀ ਦਾਦੀ ਕੁਲਦੀਪ ਕੌਰ ਦੀ ਮੌਤ ਹੋ ਗਈ, ਜਦਕਿ ਬਾਕੀਆਂ ਨੂੰ ਗੰਭੀਰ ਸੱਟਾਂ ਲੱਗੀਆਂ, ਪਿਕਅੱਪ ਚਾਲਕ ਵੀ ਜ਼ਖਮੀ ਹੋ ਗਿਆ, ਜਿਸ ਨੂੰ ਹਸਪਤਾਲ 'ਚ ਦਾਖਲ ਕਰਵਾਇਆ ਗਿਆ ਹੈ।