ਸਕੂਲ ਬੱਸ ਹੇਠ ਆਉਣ ਨਾਲ ਸਵਾ ਤਿੰਨ ਸਾਲ ਦੇ ਮਾਸੂਮ ਬੱਚੇ ਦੀ ਮੌਤ

ਸਪੋਕਸਮੈਨ ਸਮਾਚਾਰ ਸੇਵਾ | Edited by : ਗੁਰਬਿੰਦਰ ਸਿੰਘ
Published Oct 18, 2019, 8:27 pm IST
Updated Oct 18, 2019, 8:27 pm IST
ਸ਼ਾਹਕੋਟ ਦੇ ਨਜ਼ਦੀਕੀ ਪਿੰਡ ਬੁੱਢਣਵਾਲ ਵਿਖੇ ਸਵਾ ਤਿੰਨ ਸਾਲ ਦੀ ਇਕ ਮਾਸੂਮ ਬੱਚੀ ਦੀ ਆਪਣੇ ਹੀ ਸਕੂਲ...
School Bus
 School Bus

ਸ਼ਾਹਕੋਟ: ਸ਼ਾਹਕੋਟ ਦੇ ਨਜ਼ਦੀਕੀ ਪਿੰਡ ਬੁੱਢਣਵਾਲ ਵਿਖੇ ਸਵਾ ਤਿੰਨ ਸਾਲ ਦੀ ਇਕ ਮਾਸੂਮ ਬੱਚੀ ਦੀ ਆਪਣੇ ਹੀ ਸਕੂਲ ਦੀ ਬੱਸ ਹੇਠਾਂ ਆਉਣ ਕਾਰਨ ਮੌਤ ਹੋ ਗਈ ਹੈ। ਪੁਲਿਸ ਤੋਂ ਮਿਲੀ ਜਾਣਕਾਰੀ ਅਨੁਸਾਰ ਸੁਖਦੇਵ ਕੌਰ ਪੁੱਤਰੀ ਬਲਜੀਤ ਸਿੰਘ ਵਾਸੀ ਬੁੱਢਣਵਾਲ (ਸ਼ਾਹਕੋਟ), ਜੋਕਿ ਅਕਾਲ ਅਕੈਡਮੀ ਕਾਕੜਾ ਕਲਾਂ ਵਿਖੇ ਨਰਸਰੀ ਕਲਾਸ 'ਚ ਪੜ੍ਹਦੀ ਸੀ, ਰੋਜ਼ਾਨਾਂ ਵਾਂਗ ਛੁੱਟੀ ਤੋਂ ਬਾਅਦ ਆਪਣੀਆਂ ਦੋ ਵੱਡੀਆਂ ਭੈਣਾਂ ਨਾਲ ਸਕੂਲ ਬੱਸ ਪੀ.ਬੀ.08-ਸੀ.ਟੀ.-8225 'ਚ ਘਰ ਵਾਪਸ ਆ ਰਹੀ ਸੀ।

ਬੱਸ ਚਾਲਕ ਗੁਰਦੇਵ ਚੰਦ ਪੁੱਤਰ ਗਿਆਨ ਚੰਦ ਵਾਸੀ ਪਰਜੀਆ ਕਲਾਂ (ਸ਼ਾਹਕੋਟ) ਚਲਾ ਰਿਹਾ ਸੀ। ਜਦੋਂ ਬੱਸ ਪਿੰਡ ਬੁੱਢਣਵਾਲ ਵਿਖੇ ਬੱਚੀ ਦੇ ਘਰ ਦੇ ਬਾਹਰ ਪਹੁੰਚੀ ਤਾਂ ਉਸ ਦੇ ਦਾਦਾ ਜੀ ਘਰ ਦੇ ਬਾਹਰ ਖੜ੍ਹੇ ਸਨ। ਸੁਖਦੇਵ ਕੌਰ ਦੀਆਂ ਭੈਣਾਂ ਬੱਸ 'ਚੋਂ ਉੱਤਰ ਕੇ ਆਪਣੇ ਘਰ ਜਾ ਰਹੀਆਂ ਸਨ। ਸੁਖਦੇਵ ਕੌਰ ਅਜੇ ਬੱਸ ਦੇ ਅੱਗਿਓਂ ਦੀ ਲੰਘ ਰਹੀ ਸੀ ਕਿ ਚਾਲਕ ਨੇ ਅੱਗੇ ਦੇਖੇ ਬਿਨਾਂ ਬੱਸ ਤੋਰ ਲਈ। ਬੱਚੀ ਬੱਸ ਅੱਗੇ ਹੀ ਡਿੱਗ ਗਈ ਤੇ ਬਸ ਦੇ ਪਿੱਛਲੇ ਟਾਇਰਾਂ ਦੇ ਸ਼ਾਕਰ ਨਾਲ ਉਸ ਦਾ ਬੈਗ ਫਸ ਗਿਆ। ਉੱਥੇ ਖੜ੍ਹੇ ਉਸ ਦੇ ਦਾਦੇ ਤੇ ਹੋਰਨਾਂ ਲੋਕਾਂ ਨੇ ਬੱਸ ਚਾਲਕ ਨੂੰ ਬੱਸ ਰੋਕਣ ਦਾ ਰੌਲਾ ਵੀ ਪਾਇਆ, ਪਰ ਬਸ ਨਾ ਰੁਕੀ।

Advertisement

ਸੁਖਦੇਵ ਕੌਰ ਨੂੰ ਬੱਸ ਘੜੀਸਦੀ ਲੈ ਗਈ ਜਿਸ ਕਾਰਨ ਉਹ ਗੰਭੀਰ ਜ਼ਖ਼ਮੀ ਹੋ ਗਈ। ਜਦੋਂ ਚਾਲਕ ਨੇ ਅੱਗੇ ਜਾ ਕੇ ਬੱਸ ਰੋਕੀ ਤਾਂ ਲੋਕਾਂ ਨੇ ਗੰਭੀਰ ਜ਼ਖ਼ਮੀ ਹਾਲਤ 'ਚ ਮਾਸੂਮ ਬੱਚੀ ਨੂੰ ਬੱਸ ਹੇਠੋਂ ਬਾਹਰ ਕੱਢਿਆ ਤੇ ਤੁਰੰਤ ਸ਼ਾਹਕੋਟ ਦੇ ਇਕ ਨਿੱਜੀ ਹਸਪਤਾਲ ਪਹੁੰਚਾਇਆ ਜਿੱਥੇ ਉਸ ਨੂੰ ਮ੍ਰਿਤਕ ਐਲਾਨ ਦਿੱਤਾ ਗਿਆ। ਚਾਲਕ ਬੱਸ ਉੱਥੇ ਹੀ ਛੱਡ ਕੇ ਮੌਕੇ ਤੋਂ ਫਰਾਰ ਹੋ ਗਿਆ। ਹਾਦਸੇ ਬਾਰੇ ਜਦੋਂ ਪੁਲਿਸ ਨੂੰ ਪਤਾ ਲੱਗਾ ਤਾਂ ਮਾਡਲ ਥਾਣਾ ਸ਼ਾਹਕੋਟ ਦੇ ਐੱਸਐੱਚਓ ਸਬ ਇੰਸਪੈਕਟਰ ਸੁਰਿੰਦਰ ਕੁਮਾਰ ਕੰਬੋਜ਼, ਏਐੱਸਆਈ ਰੇਸ਼ਮ ਸਿੰਘ ਪੁਲਿਸ ਪਾਰਟੀ ਸਮੇਤ ਮੌਕੇ 'ਤੇ ਪਹੁੰਚੇ, ਜਿਨ੍ਹਾਂ ਬੱਸ ਕਬਜ਼ੇ 'ਚ ਲੈ ਕੇ ਬਸ ਚਾਲਕ ਦੀ ਭਾਲ ਸ਼ੁਰੂ ਕਰ ਦਿੱਤੀ ਹੈ।

ਏਐੱਸਆਈ ਰੇਸ਼ਮ ਸਿੰਘ ਨੇ ਦੱਸਿਆ ਕਿ ਮਾਸੂਮ ਬੱਚੀ ਸੁਖਦੇਵ ਕੌਰ ਦੀ ਲਾਸ਼ ਕਬਜ਼ੇ 'ਚ ਲੈ ਕੇ ਪੋਸਟਮਾਰਟਮ ਕਰਵਾਉਣ ਉਪਰੰਤ ਵਾਰਸਾਂ ਨੂੰ ਸੌਂਪ ਦਿੱਤੀ ਗਈ। ਬੱਚੀ ਦੇ ਪਿਤਾ ਬਲਜੀਤ ਸਿੰਘ ਦੇ ਬਿਆਨਾਂ ਦੇ ਆਧਾਰ 'ਤੇ ਬਸ ਚਾਲਕ ਗੁਰਦੇਵ ਚੰਦ ਖ਼ਿਲਾਫ਼ ਤਹਿਤ ਕੇਸ ਦਰਜ ਕਰ ਲਿਆ ਗਿਆ ਹੈ ਤੇ ਹਾਦਸੇ ਦੀ ਜਾਂਚ ਕੀਤੀ ਜਾ ਰਹੀ ਹੈ।

Advertisement

 

Advertisement
Advertisement