
ਮੋਹਾਲੀ ਅਦਾਲਤ ਨੇ ਪੁਛਗਿਛ ਲਈ ਵਿਜੀਲੈਂਸ ਨੂੰ ਦਿਤਾ ਤਿੰਨ ਦਿਨਾਂ ਪੁਲਿਸ ਰੀਮਾਂਡ........
ਬਠਿੰਡਾ : ਪਿਛਲੇ ਸਾਢੇ ਪੰਜ ਮਹੀਨਿਆਂ ਦੀ ਮੁਸ਼ੱਕਤ ਤੋਂ ਬਾਅਦ ਅੱਜ ਆਖ਼ਰਕਾਰ ਅਕਾਲੀ ਆਗੂ ਦਿਆਲ ਸਿੰਘ ਕੋਲਿਆਂਵਾਲੀ ਵਿਜੀਲੈਂਸ ਦੀ ਹਿਰਾਸਤ ਵਿਚ ਪਹੁੰਚ ਗਿਆ। ਮੋਹਾਲੀ ਦੀ ਅਦਾਲਤ ਵਲੋਂ ਵਿਜੀਲੈਂਸ ਬਿਊਰੋ ਬਠਿੰਡਾ ਦੀ ਟੀਮ ਨੂੰ ਜਥੇਦਾਰ ਕੋਲੋਂ ਪੁਛਗਿੱਛ ਲਈ ਤਿੰਨ ਦਿਨਾਂ ਪੁਲਿਸ ਰੀਮਾਂਡ ਦੇ ਦਿਤਾ ਗਿਆ ਹੈ। ਪਤਾ ਲਗਿਆ ਹੈ ਕਿ ਵਿਜੀਲੈਂਸ ਬਿਊਰੋ ਦੇ ਹੈਡਕੁਆਰਟਰ ਵਲੋਂ ਕੋਲਿਆਂਵਾਲੀ ਨੂੰ ਬਠਿੰਡਾ ਭੇਜਣ ਦੀ ਥਾਂ ਮੋਹਾਲੀ ਰੱਖ ਕੇ ਹੀ ਪੁਛਗਿੱਛ ਕਰਨ ਦਾ ਫ਼ੈਸਲਾ ਲਿਆ ਗਿਆ ਹੈ। ਸੂਤਰਾਂ ਅਨੁਸਾਰ ਇਸ ਦੌਰਾਨ ਕੋਲਿਆਂਵਾਲੀ ਨੂੰ ਵਿਜੀਲੈਂਸ, ਬਠਿੰਡਾ ਤੇ ਹੋਰਨਾਂ ਸਥਾਨਾਂ 'ਤੇ ਵੀ ਲਿਜਾ ਸਕਦੀ ਹੈ।
ਚਰਚਾ ਮੁਤਾਬਕ ਵਿਜੀਲੈਂਸ ਵਲੋਂ ਘੱਟੋ-ਘੱਟ ਦੋ ਹਫ਼ਤੇ ਕੋਲਿਆਂਵਾਲੀ ਨੂੰ ਅਪਣੀ ਹਿਰਾਸਤ 'ਚ ਰੱਖਣ ਦਾ ਪ੍ਰੋਗਰਾਮ ਬਣਾਇਆ ਜਾ ਰਿਹਾ ਹੈ। ਅੱਜ ਸਵੇਰੇ ਵਿਜੀਲੈਂਸ ਦੀ ਟੀਮ ਬਠਿੰਡਾ ਬਿਊਰੋ ਦੇ ਐਸ.ਐਸ.ਪੀ ਅਸ਼ੋਕ ਬਾਠ ਦੀ ਅਗਵਾਈ ਹੇਠ ਕੋਲਿਆਂਵਾਲੀ ਨੂੰ ਪਟਿਆਲਾ ਜੇਲ੍ਹ ਤੋਂ ਮੋਹਾਲੀ ਅਦਾਲਤ ਵਿਚ ਪੁਲਿਸ ਰੀਮਾਂਡ ਹਾਸਲ ਕਰਨ ਲਈ ਲੈ ਕੇ ਗਈ ਸੀ। ਹਾਲਾਂਕਿ ਬਾਅਦ ਦੁਪਿਹਰ ਤਕ ਵਿਜੀਲੈਂਸ ਦੀ ਟੀਮ ਨੂੰ ਉਮੀਦ ਸੀ ਕਿ ਕੋਲਿਆਂਵਾਲੀ ਕੋਲੋਂ ਬਠਿੰਡਾ ਵਿਚ ਹੀ ਪੁਛਗਿੱਛ ਕੀਤੀ ਜਾਵੇਗੀ ਪ੍ਰੰਤੂ ਉਚ ਪੁਲਿਸ ਅਧਿਕਾਰੀਆਂ ਵਲੋਂ ਲਏ ਫ਼ੈਸਲੇ ਤੋਂ ਬਾਅਦ ਕੋਲਿਆਂਵਾਲੀ ਨੂੰ ਪੁਛਗਿੱਛ ਲਈ ਹੈਡਕੁਆਰਟਰ 'ਤੇ ਹੀ ਰੱਖਣ ਬਾਰੇ ਆਦੇਸ਼ ਜਾਰੀ ਕੀਤੇ ਗਏ।
ਦਸਣਾ ਬਣਦਾ ਹੈ ਕਿ 14 ਦਸੰਬਰ ਨੂੰ ਜਥੇਦਾਰ ਕੋਲਿਆਂਵਾਲੀ ਨੇ ਮੋਹਾਲੀ ਦੀ ਅਦਾਲਤ ਵਿਚ ਆਤਮ-ਸਮਰਪਣ ਕਰ ਦਿਤਾ ਸੀ। ਕੋਲਿਆਂਵਾਲੀ ਤੋਂ ਪੁਛਗਿੱਛ ਲਈ ਬਕਾਇਦਾ ਇਕ ਟੀਮ ਬਣਾਈ ਗਈ ਹੈ, ਜਿਸ ਵਲੋਂ ਪੁੱਛੇ ਜਾਣ ਵਾਲੇ ਸਵਾਲਾਂ ਦੀ ਇਕ ਵੱਡੀ ਸੂਚੀ ਵੀ ਤਿਆਰ ਕੀਤੀ ਗਈ ਹੈ। ਸੂਤਰਾਂ ਨੇ ਖ਼ੁਲਾਸਾ ਕੀਤਾ ਹੈ ਕਿ ਪੁਛਗਿੱਛ ਦੌਰਾਨ ਸਾਢੇ ਪੰਜ ਮਹੀਨੇ ਫ਼ਰਾਰ ਰਹਿਣ ਸਮੇਂ ਦੀਆਂ ਠੋਹੀਆਂ ਬਾਰੇ ਪਤਾ ਲਗਾਉਣ ਦੀ ਵੀ ਕੋਸ਼ਿਸ਼ ਕੀਤੀ ਜਾਵੇਗੀ।