
ਲਗਭੱਗ 2 ਮਹੀਨਿਆਂ ਬਾਅਦ ਨੌਜਵਾਨ ਦਾ ਘਰ ਪਹੁੰਚੀ ਲਾਸ਼
ਹੁਸ਼ਿਆਰਪੁਰ: ਟਰੈਵਲ ਏਜੰਟ ਦੇ ਧੋਖੇ ਦਾ ਸ਼ਿਕਾਰ ਹੋਏ ਮੁਕੇਰੀਆਂ ਦੇ ਨੌਜਵਾਨ ਬਲਵਿੰਦਰ ਸਿੰਘ ਦੀ ਵਿਦੇਸ਼ ਪਹੁੰਚਣ ਤੋਂ ਪਹਿਲਾਂ ਹੀ ਮੌਤ ਹੋ ਗਈ ਸੀ, ਜਿਸ ਦੀ ਲਾਸ਼ ਅੱਜ ਉਸ ਦੇ ਘਰ ਪਹੁੰਚ ਜਾਣ ਦੀ ਖ਼ਬਰ ਮਿਲੀ ਹੈ। ਦਰਅਸਲ, ਬਲਵਿੰਦਰ ਸਿੰਘ ਨੂੰ ਸਪੇਨ ਭੇਜਣ ਦੇ ਨਾਮ ਉਤੇ ਟਰੈਵਲ ਏਜੰਟ ਨੇ ਧੋਖੇ ਨਾਲ ਉਸ ਨੂੰ ਯੂਕਰੇਨ ਭੇਜ ਦਿਤਾ, ਜਿੱਥੇ ਬਰਫ਼ੀਲੇ ਰਸਤਿਆਂ ਤੋਂ ਸਪੇਨ ਜਾਂਦੇ ਸਮੇਂ ਉਸ ਦੀ ਮੌਤ ਹੋ ਗਈ ਸੀ। ਲਗਭੱਗ 2 ਮਹੀਨਿਆਂ ਦੀ ਕੜੀ ਮਸ਼ੱਕਤ ਤੋਂ ਬਾਅਦ ਅੱਜ ਉਸ ਦੀ ਲਾਸ਼ ਉਸ ਦੇ ਘਰ ਪਹੁੰਚੀ।
Balwinder Singh Died
ਮਿਲੀ ਜਾਣਕਾਰੀ ਮੁਤਾਬਕ ਬਲਵਿੰਦਰ ਸਿੰਘ ਇਕ ਪ੍ਰਾਈਵੇਟ ਕੰਪਨੀ ਵਿਚ ਕੰਮ ਕਰਦਾ ਸੀ ਤੇ ਉਥੇ ਹੀ ਉਸ ਦੀ ਮੁਲਾਕਾਤ ਨਿੱਛਲ ਸਿੰਮੀ ਨਾਂਅ ਦੀ ਇਕ ਔਰਤ ਨਾ ਹੋਈ। ਸਿੰਮੀ ਨੇ ਬਲਵਿੰਦਰ ਨੂੰ ਵਿਦੇਸ਼ ਭੇਜਣ ਲਈ ਰਾਜ਼ੀ ਕਰ ਲਿਆ ਤੇ ਸਤੰਬਰ, 2018 ਨੂੰ ਬਲਵਿੰਦਰ ਘਰੋਂ ਸਪੇਨ ਲਈ ਨਿਕਲਿਆ। ਪਰਵਾਰਕ ਮੈਂਬਰਾਂ ਮੁਤਾਬਕ ਸਿੰਮੀ ਨਾਲ ਬਲਵਿੰਦਰ ਨੂੰ ਸਿੱਧਾ ਸਪੇਨ ਭੇਜਣ ਦੀ ਗੱਲ ਹੋਈ ਸੀ ਪਰ ਸਿੰਮੀ ਨੇ ਧੋਖੇ ਨਾਲ ਉਸ ਨੂੰ ਸਪੇਨ ਦੀ ਬਜਾਏ ਯੂਕਰੇਨ ਭੇਜ ਦਿਤਾ। ਇੱਥੋਂ ਲਗਭੱਗ 5 ਮਹੀਨਿਆਂ ਬਾਅਦ ਪੋਲੈਂਡ ਸਰਹੱਦ ’ਤੇ ਬਰਫ਼ੀਲਾ ਰਸਤਾ ਤੈਅ ਕਰਦਿਆਂ ਬਲਵਿੰਦਰ ਦੀ ਮੌਤ ਹੋ ਗਈ।
Travel Agent
ਉਨ੍ਹਾਂ ਦੱਸਿਆ ਕਿ ਬਲਵਿੰਦਰ ਦੀ ਮੌਤ ਤੋਂ ਬਾਅਦ ਟਰੈਵਲ ਏਜੰਟ ਨੇ ਇਸ ਦੀ ਜਾਣਕਾਰੀ ਵੀ ਉਨ੍ਹਾਂ ਨੂੰ ਨਹੀਂ ਦਿਤੀ। ਜਦੋਂ ਬਲਵਿੰਦਰ ਨੇ ਆਖ਼ਰੀ ਵਾਰ ਉਨ੍ਹਾਂ ਨਾਲ ਗੱਲ ਕੀਤੀ ਸੀ ਤਾਂ ਉਹ ਪੋਲੈਂਡ ਤੋਂ ਨਿਕਲ ਰਿਹਾ ਸੀ ਪਰ ਉਸ ਤੋਂ ਬਾਅਦ ਉਸ ਦਾ ਸੰਪਰਕ ਟੁੱਟ ਗਿਆ। ਬਲਵਿੰਦਰ ਨਾਲ ਇਕ ਹੋਰ ਨੌਜਵਾਨ ਵੀ ਸੀ। ਉਹ ਕਿਸੇ ਤਰ੍ਹਾਂ ਬਚ ਨਿਕਲਿਆ ਤੇ ਉਸ ਨੇ ਪੁਲਿਸ ਤੱਕ ਪਹੁੰਚ ਕੀਤੀ।
Balwinder Singh
ਇਸ ਦੌਰਾਨ ਜਦੋਂ ਪਰਵਾਰ ਨੇ ਯੂਕਰੇਨ ਵਿਚ ਇਕ ਸਿੱਖ ਸੰਸਥਾ ਨਾਲ ਸੰਪਰਕ ਕੀਤਾ ਤਾਂ ਬਲਵਿੰਦਰ ਸਿੰਘ ਦੀ ਮੋਬਾਇਲ ਲੋਕੇਸ਼ਨ ਤੋਂ ਉਸ ਦੀ ਲਾਸ਼ ਬਾਰੇ ਪਤਾ ਲੱਗਾ। ਬੀਤੀ ਰਾਤ ਬਲਵਿੰਦਰ ਦੀ ਲਾਸ਼ ਘਰ ਪਹੁੰਚ ਗਈ ਹੈ। ਮ੍ਰਿਤਕ ਦੇ ਪਰਵਾਰ ਵਾਲਿਆਂ ਨੇ ਟਰੈਵਲ ਏਜੰਟ ਵਿਰੁਧ ਸਖ਼ਤ ਕਾਰਵਾਈ ਦੀ ਮੰਗ ਕੀਤੀ ਹੈ।