ਖੁਦ ਪੁਲਿਸ ਸਾਹਮਣੇ ਪੇਸ਼ ਹੋਇਆ ਗੈਂਗਸਟਰ
ਫਰੀਦਕੋਟ: ਚਾਰ ਦਿਨ ਪਹਿਲਾਂ ਸਥਾਨਕ ਗੁਰੂ ਗੋਬਿੰਦ ਸਿੰਘ ਮੈਡੀਕਲ ਹਸਪਤਾਲ ਤੋਂ ਫ਼ਰਾਰ ਹੋਏ ਬੰਬੀਹਾ ਗੈਂਗ ਦੇ ਮੈਂਬਰ ਬਿੱਲਾ ਅੱਜ ਸ਼ਾਮ ਨੂੰ ਖ਼ੁਦ ਪੁਲਿਸ ਸਾਹਮਣੇ ਪੇਸ਼ ਹੋ ਗਿਆ। ਜਿਸ ਤੋਂ ਬਾਅਦ ਪੁਲਿਸ ਵਲੋਂ ਬਿੱਲਾ ਨੂੰ ਦੁਬਾਰਾ ਗੁਰੂ ਗੋਬਿੰਦ ਸਿੰਘ ਮੈਡੀਕਲ ਹਸਪਤਾਲ ਵਿਚ ਇਲਾਜ ਲਈ ਦਾਖਲ ਕਰਵਾਇਆ ਗਿਆ ਹੈ। ਜ਼ਿਕਰਯੋਗ ਹੈ ਕਿ 15 ਜੁਲਾਈ ਨੂੰ ਸਵੇਰੇ 4 ਵਜੇ ਦੇ ਕਰੀਬ ਬੰਬੀਹਾ ਗੈਂਗ ਦਾ ਮੈਂਬਰ ਸੁਰਿੰਦਰਪਾਲ ਸਿੰਘ ਬਿੱਲਾ ਸਥਾਨਕ ਹਸਪਤਾਲ ਵਿਚੋਂ ਫਰਾਰ ਹੋ ਗਿਆ ਸੀ। ਜਿਸ ਤੋਂ ਬਾਅਦ ਜ਼ਿਲਾ ਪੁਲਿਸ ਟੀਮ ਬਣਾ ਕੇ ਉਸ ਦੀ ਭਾਲ ਕਰ ਰਹੀ ਸੀ।
ਇਹ ਵੀ ਪੜ੍ਹੋ: ਵਿਧਾਇਕ ਦੇਵ ਮਾਨ ਦਾ ਵੱਡਾ ਬਿਆਨ, ਕਿਹਾ: ਪੰਜਾਬ ਦੀ ਜ਼ਰੂਰਤ ਹੈ ਦਲਿਤ ਉਪ ਮੁੱਖ ਮੰਤਰੀ
ਇਸ ਸਬੰਧੀ ਪੁਲਿਸ ਵੀ ਉਸ ਦੇ ਪਰਿਵਾਰਕ ਮੈਂਬਰਾਂ ਨਾਲ ਸੰਪਰਕ ਵਿਚ ਸੀ। ਪੁਲਿਸ ਵਲੋਂ ਉਸ ਦੇ ਪਰਿਵਾਰਕ ਮੈਂਬਰਾਂ ਨੂੰ ਦਸਿਆ ਗਿਆ ਕਿ ਉਸ ਦੀ ਲੱਤ ਵਿਚ ਗੋਲੀ ਲੱਗੀ ਹੈ ਅਤੇ ਉਸ ਦਾ ਇਲਾਜ ਜ਼ਰੂਰੀ ਹੈ ਅਤੇ ਇਲਾਜ ਨਾ ਹੋਣ ਦੀ ਸੂਰਤ ਵਿਚ ਉਸ ਦੀ ਲੱਤ ਕੱਟਣੀ ਪੈ ਸਕਦੀ ਹੈ। ਜਿਸ ਕਾਰਨ ਜਿਵੇਂ ਹੀ ਫਰਾਰ ਮੁਲਜ਼ਮ ਬਿੱਲਾ ਕੋਟਕਪੂਰਾ ਸਥਿਤ ਆਪਣੇ ਜਾਣਕਾਰ ਬਾਬਾ ਲਖਵੀਰ ਸਿੰਘ ਕੋਲ ਪੁੱਜਾ ਤਾਂ ਉਸ ਨੇ ਪਰਿਵਾਰ ਨਾਲ ਸੰਪਰਕ ਕਰਕੇ ਉਸ ਨੂੰ ਪੁਲਿਸ ਦੇ ਸਾਹਮਣੇ ਪੇਸ਼ ਕੀਤਾ। ਜਿਸ ਤੋਂ ਬਾਅਦ ਪੁਲਿਸ ਨੇ ਇਕ ਵਾਰ ਫਿਰ ਉਸ ਨੂੰ ਇਲਾਜ ਲਈ ਹਸਪਤਾਲ ਵਿਚ ਭਰਤੀ ਕਰਵਾਇਆ ਹੈ।
ਇਹ ਵੀ ਪੜ੍ਹੋ: ਚਾਂਦੀ ਤਗ਼ਮਾ ਜੇਤੂ ਵੇਟਲਿਫਟਰ ਵੱਲੋਂ ਪੰਜਾਬ ਵਿਧਾਨ ਸਭਾ ਸਪੀਕਰ ਨਾਲ ਮੁਲਾਕਾਤ
ਬਿੱਲਾ ਨੂੰ ਸੀ.ਆਈ.ਏ. ਸਟਾਫ਼ ਨੇ 10 ਜੁਲਾਈ ਨੂੰ ਇਕ ਮੁਕਾਬਲੇ ਤੋਂ ਬਾਅਦ ਗ੍ਰਿਫ਼ਤਾਰ ਕੀਤਾ ਸੀ ਜਿਸ ਦੌਰਾਨ ਉਸ ਦੀ ਲੱਤ ਵਿਚ ਗੋਲੀ ਲੱਗੀ ਸੀ। ਜਿਸ ਦੇ ਇਲਾਜ ਲਈ ਹੀ ਉਸ ਨੂੰ ਗੁਰੂ ਗੋਬਿੰਦ ਸਿੰਘ ਮੈਡੀਕਲ ਕਾਲਜ ਤੇ ਹਸਪਤਾਲ ਵਿਖੇ ਰੱਖਿਆ ਗਿਆ ਸੀ। ਉਕਤ ਮੁਲਜ਼ਮ ਸੁਰਿੰਦਰਪਾਲ ਬਿੱਲਾ ਜ਼ਿਲ੍ਹਾ ਪੁਲਿਸ ਨੂੰ ਜੈਤੋ ਵਿਖੇ ਇਕ ਵਪਾਰੀ ਤੋਂ ਫਿਰੌਤੀ ਮੰਗਣ ਅਤੇ ਫਿਰ ਜੈਤੋ ਦੇ ਰਾਮਲੀਲਾ ਮੈਦਾਨ ਵਿਚ ਹਵਾ ਵਿਚ ਗੋਲੀਆਂ ਚਲਾ ਕੇ ਦਿਨ-ਦਿਹਾੜੇ ਆਪਣੇ ਸਾਥੀਆਂ ਸਮੇਤ ਫਰਾਰ ਹੋਣ ਦੇ ਮਾਮਲੇ ਵਿਚ ਜ਼ਿਲ੍ਹਾ ਪੁਲਿਸ ਨੂੰ ਲੋੜੀਂਦਾ ਸੀ। ਜਿਸ ਕਾਰਨ ਸੂਚਨਾ ਦੇ ਆਧਾਰ 'ਤੇ ਸੀ.ਆਈ.ਏ. ਸਟਾਫ਼ ਨੇ ਉਸ ਨੂੰ ਸਮੇਤ ਕਾਬੂ ਕਰ ਲਿਆ।
ਇਹ ਵੀ ਪੜ੍ਹੋ: Asia Cup 2023: ਖ਼ਤਮ ਹੋਇਆ ਇੰਤਜ਼ਾਰ; 2 ਸਤੰਬਰ ਨੂੰ ਹੋਵੇਗਾ ਭਾਰਤ-ਪਾਕਿਸਤਾਨ ਦਾ ਮੁਕਾਬਲਾ
ਜ਼ਿਕਰਯੋਗ ਹੈ ਕਿ ਬਿੱਲਾ ਦੇ ਫਰਾਰ ਹੋਣ ਤੋਂ ਬਾਅਦ ਜ਼ਿਲ੍ਹਾ ਪੁਲਿਸ ਨੇ ਉਸ ਸਮੇਂ ਡਿਊਟੀ 'ਤੇ ਤਾਇਨਾਤ ਏ.ਐਸ.ਆਈ ਨਾਨਕ ਚੰਦ, ਕਾਂਸਟੇਬਲ ਗੁਰਤੇਜ ਸਿੰਘ, ਹੋਮ ਗਾਰਡ ਹਰਜਿੰਦਰ ਸਿੰਘ, ਹੋਮ ਗਾਰਡ ਹਰਪਾਲ ਸਿੰਘ ਅਤੇ ਹੋਮ ਗਾਰਡ ਰਜਿੰਦਰ ਸਿੰਘ ਵਿਰੁਧ ਮਾਮਲਾ ਦਰਜ ਕਰਕੇ ਕਾਰਵਾਈ ਸ਼ੁਰੂ ਕਰ ਦਿਤੀ ਸੀ।ਮੁਲਜ਼ਮ ਬਿੱਲਾ ਦੀ ਮਾਂ ਕੁਲਵਿੰਦਰ ਕੌਰ ਨੇ ਦਸਿਆ ਕਿ ਉਹ ਇਕ ਗਰੀਬ ਮਜ਼ਦੂਰ ਪਰਿਵਾਰ ਨਾਲ ਸਬੰਧ ਰੱਖਦੀ ਹੈ ਅਤੇ ਉਸ ਦੇ ਲੜਕੇ ਨੇ ਗਲਤੀ ਕੀਤੀ ਹੈ। ਇਸੇ ਲਈ ਪਤਾ ਲੱਗਦਿਆਂ ਹੀ ਉਸ ਨੇ ਆਪਣੇ ਲੜਕੇ ਨੂੰ ਪੁਲਿਸ ਕੋਲ ਪੇਸ਼ ਕੀਤਾ। ਇਸ ਸਬੰਧੀ ਡੀ.ਐਸ.ਪੀ. ਸ਼ਮਸ਼ੇਰ ਸਿੰਘ ਗਿੱਲ ਨੇ ਦਸਿਆ ਕਿ ਭਾਵੇਂ ਪੁਲਿਸ ਟੀਮ ਬਿੱਲਾ ਦੀ ਭਾਲ ਕਰ ਰਹੀ ਸੀ ਪਰ ਹੁਣ ਬਿੱਲਾ ਖੁਦ ਬਾਬਾ ਲਖਵੀਰ ਸਿੰਘ ਰਾਹੀਂ ਪੇਸ਼ ਹੋਇਆ ਹੈ।