
ਅਧਿਕਾਰੀਆਂ ਨੂੰ ਰਾਹਤ ਤੇ ਬਚਾਅ ਕਾਰਜਾਂ ਵਿਚ ਕੋਈ ਕਸਰ ਨਾ ਛੱਡਣ ਦੇ ਹੁਕਮ ਦਿੱਤੇ
ਚੰਡੀਗੜ੍ਹ : ਸੂਬੇ ਭਰ ਵਿਚ ਭਾਰੀ ਮੀਂਹ ਬਾਅਦ ਬਣੇ ਹੜ੍ਹ ਵਰਗੇ ਹਾਲਾਤ ਨਾਲ ਨਜਿੱਠਣ ਲਈ ਸੋਮਵਾਰ ਸਵੇਰੇ ਜਲ ਸਰੋਤ ਮੰਤਰੀ ਸੁਖਬਿੰਦਰ ਸਿੰਘ ਸਰਕਾਰੀਆ ਵੱਲੋਂ ਰੋਪੜ ਹੈੱਡ ਵਰਕਸ ਅਤੇ ਫਿਲੌਰ ਦਾ ਦੌਰਾ ਕੀਤਾ ਗਿਆ। ਰੋਪੜ ਹੈੱਡ ਵਰਕਸ ਦੇ ਦੌਰੇ ਦੌਰਾਨ ਸਰਕਾਰੀਆ ਨੇ ਅਧਿਕਾਰੀਆਂ ਨੂੰ ਆਦੇਸ਼ ਦਿੱਤਾ ਕਿ ਲਗਾਤਾਰ ਪੈ ਰਹੇ ਮੀਂਹ ਕਾਰਨ ਸਤਲੁਜ ਦਰਿਆ ਵਿਚ ਪਾਣੀ ਦਾ ਵਹਾਅ ਵਧਿਆ ਹੈ, ਜਿਸ ਕਾਰਨ ਬਦਲਦੇ ਹਾਲਾਤ ਮੁਤਾਬਕ ਮੁਸਤੈਦੀ ਨਾਲ ਨਿਗਰਾਨੀ ਕੀਤੀ ਜਾਵੇ। ਉਨ੍ਹਾਂ ਦਸਿਆ ਕਿ ਹੈੱਡ ਵਰਕਸ ਵਿਚੋਂ ਯੋਜਨਾਬੱਧ ਢੰਗ ਨਾਲ ਪਾਣੀ ਛੱਡਿਆ ਜਾ ਰਿਹਾ ਹੈ।
Sukhbinder Singh Sarkaria takes stock of flood like situation in Ropar and Phillaur
ਉਨ੍ਹਾਂ ਦਸਿਆ ਕਿ ਸੋਮਵਾਰ ਸਵੇਰੇ ਪਾਣੀ ਦੇ ਵਹਾਅ ਵਿਚ ਥੋੜੀ ਕਮੀ ਦਰਜ ਕੀਤੀ ਗਈ। ਇਥੋਂ 2,40,930 ਕਿਊਸਿਕ ਪਾਣੀ ਛੱਡਿਆ ਗਿਆ ਹੈ ਅਤੇ ਹੁਣ ਤਕ ਦੂਜੀ ਵਾਰ ਐਨੀਂ ਵੱਡੀ ਮਾਤਰਾ ਵਿਚ ਪਾਣੀ ਛੱਡਿਆ ਗਿਆ ਹੈ। ਹੜ੍ਹਾਂ ਵਰਗੀ ਸਥਿਤੀ ਨਾਲ ਨਜਿੱਠਣ ਲਈ ਰੋਪੜ ਪ੍ਰਸ਼ਾਸਨ ਵਲੋਂ ਜ਼ਿਲ੍ਹੇ ਨੂੰ ਪੰਜ ਕਲੱਸਟਰਾਂ ਵਿੱਚ ਵੰਡ ਕੇ ਰਾਹਤ ਤੇ ਬਚਾਅ ਕਾਰਜ ਚਲਾਏ ਜਾ ਰਹੇ ਹਨ।
Flood in Punjab
ਇਸ ਬਾਅਦ ਜਲ ਸਰੋਤ ਮੰਤਰੀ ਵੱਲੋਂ ਫਿਲੌਰ ਨੇੜਲੇ ਪਿੰਡ ਭੋਲੇਵਾਲ ਦਾ ਦੌਰਾ ਕੀਤਾ, ਜਿਥੇ ਸਤਲੁਜ ਦਰਿਆ ਵਿਚ ਵਧੇ ਪਾਣੀ ਦੇ ਵਹਾਅ ਕਾਰਨ ਧੁੱਸੀ ਬੰਨ੍ਹ ਵਿਚ ਪਾੜ ਪਿਆ ਹੈ। ਇਸ ਕਾਰਨ ਭੋਲੇਵਾਲ, ਮਿਓਵਾਲ ਅਤੇ ਮਾਊ ਸਾਹਿਬ ਦੇ ਪਿੰਡਾਂ ਦੇ ਖੇਤਾਂ ਵਿਚ ਪਾਣੀ ਭਰ ਗਿਆ ਹੈ। ਸਰਕਾਰੀਆ ਨੇ ਹਾਲਾਤ ਦਾ ਜਾਇਜ਼ਾ ਲੈਂਦਿਆਂ ਅਧਿਕਾਰੀਆਂ ਨੂੰ ਹਦਾਇਤ ਕੀਤੀ ਕਿ ਇਸ ਹਾਲਾਤ ਨਾਲ ਨਜਿੱਠਣ ਲਈ ਕੋਈ ਕਸਰ ਨਾ ਛੱਡੀ ਜਾਵੇ ਅਤੇ ਲੋਕਾਂ ਦੇ ਜਾਨ-ਮਾਲ ਦੀ ਰਾਖੀ ਨੂੰ ਯਕੀਨੀ ਬਣਾਇਆ ਜਾਵੇ।
Sukhbinder Singh Sarkaria takes stock of flood like situation in Ropar and Phillaur
ਲੋਕਾਂ ਨੂੰ ਹਰ ਸੰਭਵ ਸਹਾਇਤਾ ਦਾ ਭਰੋਸਾ ਦਿੰਦਿਆਂ ਉਨ੍ਹਾਂ ਨੇ ਅਧਿਕਾਰੀਆਂ ਨੂੰ ਹਦਾਇਤ ਕੀਤੀ ਕਿ ਜਿਹੜੇ ਵੀ ਲੋਕ ਹੜ੍ਹ ਕਾਰਨ ਪ੍ਰਭਾਵਤ ਹੋਏ ਹਨ ਉਨ੍ਹਾਂ ਨੂੰ ਤੁਰੰਤ ਰਾਹਤ ਮੁਹੱਈਆ ਕਰਾਈ ਜਾਵੇ ਅਤੇ ਹੜ੍ਹ ਬਾਰੇ ਕਿਸੇ ਵੀ ਤਰ੍ਹਾਂ ਦੀ ਸੂਚਨਾ ਮਿਲਣ 'ਤੇ ਤੁਰੰਤ ਕਾਰਵਾਈ ਕੀਤੀ ਜਾਵੇ। ਇਸ ਸਬੰਧੀ ਕਿਸੇ ਵੀ ਤਰ੍ਹਾਂ ਦੀ ਢਿੱਲ ਮੱਠ ਬਰਦਾਸ਼ਤ ਨਹੀਂ ਕੀਤੀ ਜਾਵੇਗੀ। ਪ੍ਰਭਾਵਤ ਲੋਕਾਂ ਨਾਲ ਗੱਲਬਾਤ ਕਰਦਿਆਂ ਸਰਕਾਰੀਆ ਨੇ ਕਿਹਾ ਕਿ ਇਸ ਕੁਦਰਤੀ ਆਫ਼ਤ ਨਾਲ ਨਜਿੱਠਣ ਲਈ ਕੈਪਟਨ ਅਮਰਿੰਦਰ ਸਿੰਘ ਦੀ ਸਰਕਾਰ ਪੂਰਾ ਜ਼ੋਰ ਲਗਾ ਰਹੀ ਹੈ ਅਤੇ ਰਾਹਤ ਕਾਰਜ ਮਿਸ਼ਨ ਮੋਡ 'ਤੇ ਜਾਰੀ ਹਨ।