
ਕਿਸਾਨਾਂ ਨੇ ਕਾਂਗਰਸ ਦੇ ਕਾਰਜਕਾਰਨੀ ਪ੍ਰਧਾਨ ਪਵਨ ਗੋਇਲ ਦਾ ਕੀਤਾ ਵਿਰੋਧ
ਮਲੋਟ, 18 ਅਗੱਸਤ (ਗੁਰਮੀਤ ਸਿੰਘ ਮੱਕੜ): ਮਲੋਟ ਦੌਰੇ ’ਤੇ ਆਏ ਪੰਜਾਬ ਕਾਂਗਰਸ ਦੇ ਕਾਰਜਕਾਰਨੀ ਪ੍ਰਧਾਨ ਪਵਨ ਗੋਇਲ ਅਤੇ ਡਿਪਟੀ ਸਪੀਕਰ ਅਜਾਇਬ ਸਿੰਘ ਭੱਟੀ ਦਾ ਕਿਸਾਨਾਂ ਵਲੋਂ ਪੰਜਾਬ ਪੈਲੇਸ ਦੇ ਸਾਹਮਣੇ ਵਿਰੋਧ ਕੀਤਾ ਗਿਆ ਅਤੇ ਕਾਂਗਰਸ ਸਰਕਾਰ ਵਿਰੁਧ ਜਮ ਕੇ ਨਾਹਰੇਬਾਜ਼ੀ ਕੀਤੀ ਗਈ। ਇਸ ਮੌਕੇ ਗੱਲਬਾਤ ਕਰਦੇ ਹੋਏ ਕਿਸਾਨ ਆਗੂਆਂ ਨੇ ਕਿਹਾ ਕਿ ਉਹ ਇਨ੍ਹਾਂ ਕਾਂਗਰਸੀ ਆਗੂਆਂ ਦਾ ਵਿਰੋਧ ਕਰਨ ਨਹੀਂ ਆਏ, ਬਲਕਿ ਇਨ੍ਹਾਂ ਤੋਂ ਚੋਣ ਮੈਨੀਫ਼ੈਸਟੋ ਵਿਚ ਕੀਤੇ ਵਾਅਦਿਆਂ ਦਾ ਜਵਾਬ ਲੈਣ ਆਏ ਹਨ ਕਿ ਉਹ ਇਨ੍ਹਾਂ ਵਲੋਂ ਪੂਰੇ ਕੀਤੇ ਹਨ, ਪ੍ਰੰਤੂ ਉਨ੍ਹਾਂ ਨੂੰ ਕੋਈ ਜਵਾਬ ਨਹੀਂ ਆਇਆ। ਉਨ੍ਹਾਂ ਕਿਹਾ ਕਿ ਕਾਂਗਰਸ ਸਰਕਾਰ ਨੇ ਕਿਸਾਨਾਂ ਦਾ ਕਰਜ਼ਾ ਮਾਫ਼ ਕਰਨ, ਨਸ਼ਾ ਖ਼ਤਮ ਕਰਨ, ਘਰ-ਘਰ ਨੌਕਰੀ ਦੇਣ, ਰੇਤ ਮਾਫ਼ੀਆ ਖ਼ਤਮ ਕਰਨ ਦੀ ਗੱਲ ਕਹੀ ਗਈ ਸੀ, ਪ੍ਰੰਤੂ ਅੱਜ ਲਗਭਗ ਸਾਢੇ ਚਾਰ ਸਾਲ ਬੀਤ ਜਾਣ ਦੇ ਬਾਵਜੂਦ ਵੀ ਇਹ ਵਾਅਦੇ ਪੂਰੇ ਨਹੀਂ ਕੀਤੇ ਗਏ। ਉਨ੍ਹਾਂ ਕਿਹਾ ਕਿ ਸੰਯੁਕਤ ਕਿਸਾਨ ਮੋਰਚੇ ਦੇ ਨਿਰਦੇਸ਼ਾਂ ’ਤੇ ਹੀ ਉਨ੍ਹਾਂ ਵਲੋਂ ਕਾਂਗਰਸ ਪਾਰਟੀ ਦੇ ਨਾਲ ਨਾਲ ਹਰ ਪਾਰਟੀ ਦਾ ਵਿਰੋਧ ਕੀਤਾ ਜਾਵੇਗਾ ਅਤੇ ਉਨ੍ਹਾਂ ਤੋਂ ਉਸ ਸਵਾਲਾਂ ਦੇ ਜਵਾਬ ਪੁੱਛੇ ਜਾਣਗੇ ਜੋ ਉਨ੍ਹਾਂ ਨੇ ਅਪਣੇ ਚੋਣ ਮੈਨੀਫ਼ੈਸਟੋ ਵਿਚ ਲੋਕਾਂ ਨਾਲ ਕੀਤੇ ਸਨ, ਪ੍ਰੰਤੂ ਪੂਰੇ ਨਹੀਂ ਕੀਤੇ। ਇਸ ਮੌਕੇ ਵੱਡੀ ਗਿਣਤੀ ਵਿਚ ਕਿਸਾਨ ਹਾਜ਼ਰ ਸਨ।