
ਕਿਹਾ - ਹਰ ਲੋੜਵੰਦ ਨੂੰ ਇਨਸਾਫ਼ ਦਿਵਾਉਣਾ ਮੇਰੀ ਪਹਿਲਕਦਮੀ
ਚੰਡੀਗੜ੍ਹ: ਬਰਨਾਲਾ ਦੀ ਦੀਪਾਲੀ ਸਿੰਗਲਾ ਨੇ ਜੱਜ ਬਣ ਕੇ ਪੰਜਾਬ ਅਤੇ ਆਪਣੇ ਮਾਪਿਆਂ ਦਾ ਨਾਂਅ ਰੌਸ਼ਨ ਕੀਤਾ ਹੈ। ਦੀਪਾਲੀ ਸਿੰਗਲਾ ਨੇ ਹਰਿਆਣਾ ਜੂਡੀਸ਼ੀਅਲ ਸਰਵਿਸਿਜ਼ ਪ੍ਰੀਖਿਆ 2021 ਵਿਚ ਪੂਰੇ ਭਾਰਤ ਵਿਚ ਚੌਥਾ ਸਥਾਨ ਹਾਸਲ ਕੀਤਾ ਹੈ। ਦੀਪਾਲੀ ਸਿੰਗਲਾ ਨੇ ਆਪਣੀ ਮਿਹਨਤ ਅਤੇ ਲਗਨ ਨਾਲ ਭਾਰਤ ਦੇ 3 ਲੱਖ ਵਿਦਿਆਰਥੀਆਂ ਵਿਚੋਂ ਚੌਥਾ ਸਥਾਨ ਹਾਸਲ ਕਰਕੇ ਇਕ ਮਿਸਾਲ ਕਾਇਮ ਕੀਤੀ ਹੈ।
ਦੀਪਾਲੀ ਦੇ ਮਾਤਾ-ਪਿਤਾ ਆਪਣੀ ਬੇਟੀ ਨੂੰ ਜੱਜ ਬਣੀ ਦੇਖ ਕੇ ਮਾਣ ਮਹਿਸੂਸ ਕਰ ਰਹੇ ਹਨ ਅਤੇ 'ਬੇਟੀ ਬਚਾਓ ਬੇਟੀ ਪੜ੍ਹਾਓ' ਦੇ ਤਹਿਤ ਦੇਸ਼ ਦੀਆਂ ਧੀਆਂ ਪ੍ਰਤੀ ਸੰਦੇਸ਼ ਦਿੰਦੇ ਵੀ ਨਜ਼ਰ ਆਏ। ਦੀਪਾਲੀ ਦਾ ਕਹਿਣਾ ਹੈ ਕਿ ਹਰ ਲੋੜਵੰਦ ਨੂੰ ਇਨਸਾਫ਼ ਦਿਵਾਉਣਾ ਉਸ ਦੀ ਪਹਿਲਕਦਮੀ ਹੋਵੇਗੀ।
ਦੀਪਾਲੀ ਦਾ ਕਹਿਣਾ ਹੈ ਕਿ ਉਸ ਦੀ ਇਸ ਕਾਮਯਾਬੀ ਪਿੱਛੇ ਉਸ ਦੇ ਮਾਤਾ-ਪਿਤਾ, ਦਾਦਾ-ਦਾਦੀ ਅਤੇ ਉਸ ਦੇ ਅਧਿਆਪਕਾਂ ਦਾ ਸਹਿਯੋਗ ਸੀ, ਜਿਸ ਕਾਰਨ ਉਸ ਨੂੰ ਇਹ ਸਫਲਤਾ ਮਿਲੀ ਹੈ। ਦੀਪਾਲੀ ਦੇ ਮਾਪਿਆਂ ਨੇ ਖੁਸ਼ੀ ਦਾ ਜ਼ਾਹਰ ਕਰਦਿਆਂ ਕਿਹਾ ਕਿ ਅੱਜ ਲੜਕੀਆਂ ਨੂੰ ਸਮਾਜ ਵਿਚ ਕਿਸੇ ਵੀ ਮੰਚ 'ਤੇ ਪਿੱਛੇ ਨਹੀਂ ਰਹਿਣਾ ਚਾਹੀਦਾ। ਉਹਨਾਂ ਨੇ ਕਿਹਾ ਕਿ ਸਾਨੂੰ ਲੜਕੀਆਂ ਨੂੰ ਅੱਗੇ ਆਉਣ ਦਾ ਮੌਕਾ ਦੇਣਾ ਚਾਹੀਦਾ ਹੈ ਤਾਂ ਜੋ ਇਹ ਪੜ੍ਹ ਕੇ ਆਪਣੇ ਪਰਿਵਾਰ ਅਤੇ ਦੇਸ਼ ਦਾ ਨਾਂਅ ਰੌਸ਼ਨ ਕਰ ਸਕਣ।