
ਪੰਜਾਬ ਅਤੇ ਹਰਿਆਣਾ ਹਾਈ ਕੋਰਟ ਨੇ ਪੰਚਾਇਤੀ ਚੋਣਾਂ 'ਚ ਪਲਾਸੌਰ ਖੁਰਦ ਦੇ ਅਕਾਲੀ ਦਲ ਉਮੀਦਵਾਰ ਮਨਜਿੰਦਰ ਸਿੰਘ ਵਲੋਂ ....
ਤਰਨ ਤਾਰਨ, 19 ਦਸੰਬਰ (ਚਰਨਜੀਤ ਸਿੰਘ): ਪੰਜਾਬ ਅਤੇ ਹਰਿਆਣਾ ਹਾਈ ਕੋਰਟ ਨੇ ਪੰਚਾਇਤੀ ਚੋਣਾਂ 'ਚ ਪਲਾਸੌਰ ਖੁਰਦ ਦੇ ਅਕਾਲੀ ਦਲ ਉਮੀਦਵਾਰ ਮਨਜਿੰਦਰ ਸਿੰਘ ਵਲੋਂ ਦਾਇਰ ਰਿਟ ਤੇ ਫ਼ੈਸਲਾ ਸੁਣਾਉਂਦਿਆਂ ਚੋਣਾਂ ਵਿਚ ਨਾਮਜ਼ਦਗੀ ਕਾਗਜ਼ ਦਾਖਲ ਕਰਨ ਅਤੇ ਵੋਟਾਂ ਦੀ ਗਿਣਤੀ ਸਮੇਂ ਵੀਡੀਓਗ੍ਰਾਫ਼ੀ ਦੇ ਹੁਕਮ ਜਾਰੀ ਕੀਤੇ ਹਨ। ਹਾਈ ਕੋਰਟ ਵਲੋਂ ਬਲਾਕ ਤਰਨ ਤਾਰਨ ਚੀਫ਼ ਇਲੈਕਸ਼ਨ ਅਫ਼ਸਰ ਅਤੇ ਪੰਜਾਬ ਦੇ ਡਾਇਰੈਕਟਰ ਜਨਰਲ ਨੂੰ ਇਹ ਹਦਾਇਤ ਕੀਤੀ ਹੈ।
ਪਲਾਸੌਰ ਖੁਰਦ ਪਿੰਡ ਦੇ ਸਰਪੰਚ ਦੀ ਚੋਣ ਲਈ ਉਮੀਦਵਾਰ ਅਕਾਲੀ ਦਲ ਬਾਦਲ ਦੇ ਉਮੀਦਵਾਰ ਮਨਜਿੰਦਰ ਸਿੰਘ ਨੇ ਹਾਈ ਕੋਰਟ ਵਿਚ ਸਿਵਲ ਰਿੱਟ ਦਾਇਰ ਕਰ ਕੇ ਦੋਸ਼ ਲਾਇਆ ਸੀ ਕਿ ਤਰਨ ਤਾਰਨ ਦੇ ਮੌਜੂਦਾ ਕਾਂਗਰਸੀ ਵਿਧਾਇਕ ਅਤੇ ਪੰਜਾਬ ਸਰਕਾਰ ਵਲੋਂ ਕੀਤੀ ਜਾ ਰਹੀ ਦਖ਼ਲਅੰਦਾਜ਼ੀ ਕਾਰਨ ਉਸ ਦੇ ਨਾਮਜ਼ਦਗੀ ਪੇਪਰ ਰੱਦ ਕੀਤੇ ਜਾ ਸਕਦੇ ਹਨ।