ਦੋਵੇਂ ਵਿਦਿਆਰਥੀ ਪੜ੍ਹਾਈ ਵਿਚ ਕਮਜ਼ੋਰ ਹੋਣ ਕਾਰਨ ਅਤੇ ਪੇਪਰਾਂ ਦੇ ਡਰੋਂ ਘਰ ਤੋਂ ਚਲੇ ਗਏ ਸੀ
ਹੁਸ਼ਿਆਰਪੁਰ: ਬੀਤੇ ਕਈ ਦਿਨਾਂ ਤੋਂ ਲਾਪਤਾ 2 ਵਿਦਿਆਰਥੀਆਂ ਨੂੰ ਹੁਸ਼ਿਆਰਪੁਰ ਪੁਲਿਸ ਨੇ ਲੱਭ ਕੇ ਮਾਪਿਆਂ ਹਵਾਲੇ ਕੀਤਾ ਹੈ। ਪੁਲਿਸ ਲਾਈਨ ਹੁਸ਼ਿਆਰਪੁਰ’ਚ ਪ੍ਰੈਸ ਕਾਨਫਰੰਸ ਨੂੰ ਸੰਬੋਧਨ ਕਰਦਿਆਂ ਜ਼ਿਲ੍ਹਾ ਪੁਲਿਸ ਮੁਖੀ ਸਰਤਾਜ ਸਿੰਘ ਚਾਹਲ ਨੇ ਦੱਸਿਆ ਕਿ 25 ਨਵੰਬਰ ਨੂੰ ਉਕਤ ਦੋਵੇਂ ਵਿਦਿਆਰਥੀ ਘਰੋਂ ਸਕੂਲ ਗਏ ਸੀ ਪਰ ਸਕੂਲ ਨਹੀਂ ਪਹੁੰਚੇ। ਇਸ ਤੋਂ ਬਾਅਦ ਮਾਪਿਆਂ ਦੀ ਸ਼ਿਕਾਇਤ ਮਗਰੋਂ ਪੁਲਿਸ ਨੇ ਮਾਮਲਾ ਦਰਜ ਕਰਕੇ ਜਾਂਚ ਸ਼ੁਰੂ ਕੀਤੀ ਸੀ ਅਤੇ ਬੱਚਿਆਂ ਨੂੰ ਲੱਭਣ ਲਈ ਵੱਖ ਵੱਖ ਟੀਮਾਂ ਦਾ ਗਠਨ ਕੀਤਾ ਗਿਆ।
ਉਹਨਾਂ ਦੱਸਿਆ ਕਿ ਅੱਜ ਪੁਲਿਸ ਨੇ ਉਕਤ ਦੋਵੇਂ ਵਿਦਿਆਰਥੀਆਂ ਨੂੰ ਸਹੀ ਸਲਾਮਤ ਮੁਕੇਰੀਆਂ ਦੇ ਇਕ ਮੈਰਿਜ ਪੈਲੇਸ ਤੋਂ ਬਰਾਮਦ ਕਰਕੇ ਮਾਪਿਆਂ ਦੇ ਹਵਾਲੇ ਕਰ ਦਿੱਤਾ। ਏਐਸਐਸਪੀ ਨੇ ਦੱਸਿਆ ਕਿ ਦੋਵੇਂ ਵਿਦਿਆਰਥੀ ਪੜ੍ਹਾਈ ਵਿਚ ਕਮਜ਼ੋਰ ਹੋਣ ਕਾਰਨ ਅਤੇ ਪੇਪਰਾਂ ਦੇ ਡਰੋਂ ਘਰ ਤੋਂ ਚਲੇ ਗਏ ਸੀ।
ਇਸ ਮੌਕੇ ਉਹਨਾਂ ਨੇ ਹੋਰਨਾਂ ਵਿਦਿਆਰਥੀਆਂ ਨੂੰ ਵੀ ਅਪੀਲ ਕੀਤੀ ਹੈ ਕਿ ਉਹ ਆਪਣੀ ਪੜ੍ਹਾਈ ਵੱਲ ਵਿਸ਼ੇਸ਼ ਧਿਆਨ ਦੇਣ ਅਤੇ ਕਦੇ ਵੀ ਅਜਿਹਾ ਕਦਮ ਨਾ ਚੁੱਕਣ। ਇਸ ਮੌਕੇ ਵਿਦਿਆਰਥੀਆਂ ਦੇ ਮਾਪਿਆਂ ਨੇ ਵੀ ਹੁਸ਼ਿਆਰਪੁਰ ਪੁਲਿਸ ਦੀ ਕਾਰਗੁਜ਼ਾਰੀ ਦੀ ਸ਼ਲਾਘਾ ਕਰਦਿਆਂ ਪੁਲਿਸ ਅਧਿਕਾਰੀਆਂ ਦਾ ਧੰਨਵਾਦ ਕੀਤਾ।