
ਪੰਜਾਬ ਦੇ ਅਨਏਡਿਡ ਕਾਲਜਾਂ ਦੇ ਇਕ ਵਫ਼ਦ ਨੇ ਅੱਜ ਪੰਜਾਬ ਦੇ ਸਮਾਜਿਕ ਨਿਆਂ, ਅਧਿਕਾਰਤਾ ਅਤੇ ਘੱਟ ਗਿਣਤੀ ਮੰਤਰੀ ਸ. ਸਾਧੂ ਸਿੰਘ ਧਰਮਸੋਤ...
ਚੰਡੀਗੜ੍ਹ : ਪੰਜਾਬ ਦੇ ਅਨਏਡਿਡ ਕਾਲਜਾਂ ਦੇ ਇਕ ਵਫ਼ਦ ਨੇ ਅੱਜ ਪੰਜਾਬ ਦੇ ਸਮਾਜਿਕ ਨਿਆਂ, ਅਧਿਕਾਰਤਾ ਅਤੇ ਘੱਟ ਗਿਣਤੀ ਮੰਤਰੀ ਸ. ਸਾਧੂ ਸਿੰਘ ਧਰਮਸੋਤ ਨਾਲ ਮੁਲਾਕਾਤ ਕੀਤੀ। ਪੰਜਾਬ ਦੇ ਅਨਏਡਿਡ ਕਾਲਜਾਂ ਦੀ ਐਸੋਸੀਏਸ਼ਨ ਦੇ ਚੇਅਰਮੈਨ ਸ੍ਰੀ ਅਸ਼ਵਨੀ ਸੇਖੜੀ ਦੀ ਅਗਵਾਈ 'ਚ ਆਏ ਵਫ਼ਦ ਨੇ ਪੰਜਾਬ ਸਰਕਾਰ ਵਲੋਂ ਸੂਬੇ ਦੇ ਕਾਲਜਾਂ ਅਤੇ 3 ਲੱਖ ਅਨੁਸੂਚਿਤ ਜਾਤੀ ਵਰਗ ਦੇ ਵਿਦਿਆਰਥੀਆਂ ਲਈ ਫੰਡ ਜਾਰੀ ਕਰਨ ਲਈ ਸ. ਧਰਮਸੋਤ ਦਾ ਧੰਨਵਾਦ ਕੀਤਾ।
ਵਫ਼ਦ ਦੇ ਮੈਬਰਾਂ ਨੇ ਸ. ਧਰਮਸੋਤ ਨੂੰ ਅਨਸੂਚਿਤ ਜਾਤੀ ਵਿਦਿਆਰਥੀਆਂ ਦੇ ਪੋਸਟ ਮੈਟ੍ਰਿਕ ਸਕਾਲਰਸ਼ਿਪ ਦੀ ਕੇਂਦਰ ਸਰਕਾਰ ਵੱਲ ਬਕਾਇਆ ਰਾਸ਼ੀ ਨੂੰ ਜਲਦ ਜਾਰੀ ਕਰਵਾਉਣ ਦੀ ਅਪੀਲ ਵੀ ਕੀਤੀ। ਸ. ਧਰਮਸੋਤ ਨੇ ਵਫ਼ਦ ਨੂੰ ਭਰੋਸਾ ਦਿਤਾ ਕਿ ਉਹ ਪਹਿਲਾ ਵੀ ਬਕਾਇਆ ਰਾਸ਼ੀ ਦੇ ਮੁੱਦੇ ਨੂੰ ਕੇਂਦਰੀ ਸਮਾਜਿਕ ਨਿਆਂ, ਅਧਿਕਾਰਤਾ ਤੇ ਘੱਟ ਗਿਣਤੀ ਮੰਤਰੀ ਡਾ. ਥਾਵਰ ਚੰਦ ਗਹਿਲੋਤ ਅੱਗੇ ਉਠਾ ਚੁੱਕੇ ਹਨ। ਉਨ੍ਹਾਂ ਕਿਹਾ ਕਿ ਬਕਾਇਆ ਰਾਸ਼ੀ ਜਾਰੀ ਕਰਨ 'ਚ ਦੇਰੀ ਹੋਣ 'ਤੇ ਉਹ ਮੁੜ ਕੇਂਦਰੀ ਮੰਤਰੀ ਤੱਕ ਪਹੁੰਚ ਕਰਨਗੇ।
ਉਨ੍ਹਾਂ ਕਿਹਾ ਕਿ ਵਫ਼ਦ ਮੈਂਬਰਾਂ ਵਲੋਂ ਉਠਾਈਆਂ ਹੋਰਨਾਂ ਮੰਗਾਂ ਨੂੰ ਵੀ ਹਮਦਰਦੀ ਨਾਲ ਵਿਚਾਰਿਆ ਜਾਵੇਗਾ। ਇਸ ਮੌਕੇ ਜੇ.ਐਸ.ਧਾਲੀਵਾਲ, ਅੰਸ਼ੂ ਕਟਾਰੀਆ, ਜਗਜੀਤ ਸਿੰਘ, ਚਰਨਜੀਤ ਵਾਲੀਆ, ਗੁਰਮੀਤ ਸਿੰਘ ਧਾਲੀਵਾਲ, ਅਨਿਲ ਚੋਪੜਾ, ਨਿਰਮਲ ਸਿੰਘ, ਵਿਪਿਨ ਸ਼ਰਮਾ, ਜਸਨੀਕ ਸਿੰਘ, ਸੁਖਮੰਦਰ ਸਿੰਘ ਚੱਠਾ, ਸ਼ਿਮਾਂਸ਼ੂ ਗੁਪਤਾ, ਸਤਵਿੰਦਰ ਸੰਧੂ ਆਦਿ ਹਾਜ਼ਰ ਸਨ।