
ਅੰਮ੍ਰਿਤਪਾਲ ਸਿੰਘ ਦੇ ਚਾਚੇ ਅਤੇ ਡਰਾਈਵਰ ਨੇ ਕੀਤਾ ਸਰੰਡਰ, ਪੁਲਿਸ ਨੇ ਹਿਰਾਸਤ ‘ਚ ਲਿਆ
ਜਲੰਧਰ : ਪੁਲਿਸ ਵਲੋਂ ਅੰਮ੍ਰਿਤਪਾਲ ਸਿੰਘ ਵਿਰੁੱਧ ਵਿੱਢੀ ਕਾਰਵਾਈ ਤਹਿਤ ਤਾਜ਼ਾ ਖ਼ਬਰ ਸਾਹਮਣੇ ਆਈ ਹੈ ਕਿ ਉਸ ਦੀ ਮਰਸੀਡੀਜ਼ ਗੱਡੀ ਜ਼ਬਤ ਕਰ ਲਈ ਗਈ ਹੈ। ਜਲੰਧਰ ਪੁਲਿਸ ਵਲੋਂ ਇਹ ਕਾਰਵਾਈ ਕੀਤੀ ਗਈ ਹੈ।
ਇਸ ਦੇ ਨਾਲ ਹੀ ਸੂਤਰਾਂ ਦੇ ਹਵਾਲੇ ਤੋਂ ਇਹ ਵੀ ਦੱਸਿਆ ਜਾ ਰਿਹਾ ਸੀ ਕਿ ਅੰਮ੍ਰਿਤਪਾਲ ਸਿੰਘ ਦੇ ਚਾਚੇ ਹਰਜੀਤ ਸਿੰਘ ਅਤੇ ਉਸ ਦੇ ਡਰਾਈਵਰ ਹਰਪ੍ਰੀਤ ਨੇ ਸਰੰਡਰ ਕਰ ਦਿੱਤਾ ਹੈ ਜਿਸ ਦੀ ਹੁਣ ਪੁਸ਼ਟੀ ਹੋ ਚੁੱਕੀ ਹੈ। ਦੱਸਿਆ ਜਾ ਰਿਹਾ ਹੈ ਕਿ ਆਤਮ ਸਮਰਪਣ ਕਰਨ ਮਗਰੋਂ ਉਨ੍ਹਾਂ ਨੂੰ ਪੁਲਿਸ ਨੇ ਹਿਰਾਸਤ ਵਿਚ ਲੈ ਲਿਆ ਹੈ।
ਜਲੰਧਰ ਐਸ.ਐਸ.ਪੀ. ਸਵਰਨਦੀਪ ਸਿੰਘ ਵਲੋਂ ਇਸ ਗੱਲ ਦੀ ਪੁਸ਼ਟੀ ਕੀਤੀ ਗਈ ਹੈ ਕਿ ਇਸ ਸਬੰਧੀ ਦੇਰ ਰਾਤ ਇੱਕ ਮੁਹਿੰਮ ਚਲਾਈ ਗਈ ਸੀ। ਜਿਸ ਦੇ ਚਲਦੇ ਮਹਿਤਪੁਰ ਇਲਾਕੇ ਤੋਂ ਗੱਡੀ ਅਤੇ ਉਨ੍ਹਾਂ ਦੋਹਾਂ ਨੂੰ ਗ੍ਰਿਫਤ ਵਿਚ ਲਿਆ ਗਿਆ ਹੈ।
ਇਹ ਵੀ ਪੜ੍ਹੋ: ਲੰਡਨ ਵਿਖੇ ਭਾਰਤੀ ਹਾਈ ਕਮਿਸ਼ਨ ਦੇ ਬਾਹਰ ਗ਼ਰਮਖ਼ਿਆਲੀ ਸਮਰਥਕਾਂ ਵਲੋਂ ਪ੍ਰਦਰਸ਼ਨ
ਸੂਤਰਾਂ ਦੇ ਹਵਾਲੇ ਤੋਂ ਦੱਸਿਆ ਜਾ ਰਿਹਾ ਹੈ ਕਿ ਫੜੀ ਗਈ ਗੱਡੀ ਮਹਿਤਪੁਰ ਥਾਣੇ ਦੇ ਬਾਹਰ ਮੌਜੂਦ ਹੈ ਜਦਕਿ ਅੰਮ੍ਰਿਤਪਾਲ ਸਿੰਘ ਦਾ ਚਾਚਾ ਅਤੇ ਡਰਾਈਵਰ ਕਿਥੇ ਹਨ ਇਸ ਬਾਰੇ ਕੁਝ ਜਾਣਕਾਰੀ ਨਹੀਂ ਹੈ।
ਪੁਲਿਸ ਵਲੋਂ ਕਿਹਾ ਜਾ ਰਿਹਾ ਹੈ ਕਿ ਅੰਮ੍ਰਿਤਪਾਲ ਸਿੰਘ ਅਜੇ ਵੀ ਗ੍ਰਿਫਤ ਵਿਚੋਂ ਬਾਹਰ ਹੈ ਪਰ ਜਲਦ ਹੀ ਉਨ੍ਹਾਂ ਨੂੰ ਕਾਬੂ ਕਰ ਲਿਆ ਜਾਵੇਗਾ। ਪੁਲਿਸ ਵਲੋਂ ਅੰਮ੍ਰਿਤਪਾਲ ਸਿੰਘ ਦੀ ਭਾਲ ਵਿਚ ਲਗਾਤਾਰ ਮੁਹਿੰਮ ਚਲਾਈ ਜਾ ਰਹੀ ਹੈ।