
ਦੋਵੇਂ ਭੈਣ-ਭਰਾ ਦੀ ਪੁਰਾਣੀ ਅਤੇ ਨਵੀਂ ਤਸਵੀਰ ਦੇਖ ਕੇ ਹਰ ਕੋਈ ਹੈਰਾਨ ਰਹਿ ਗਿਆ ਹੈ।
ਚੰਡੀਗੜ੍ਹ: ਹਰਿਆਣਾ ਦੇ ਅੰਬਾਲਾ 'ਚ ਨਰਕ ਭਰੀ ਜ਼ਿੰਦਗੀ ਬਤੀਤ ਕਰ ਰਹੇ ਭਰਾ-ਭੈਣ ਲਈ ਲੁਧਿਆਣਾ ਦੀ ਸੰਸਥਾ ਮਸੀਹਾ ਬਣੀ ਹੈ। ਇਹਨਾਂ ਦੀਆਂ ਤਸਵੀਰਾਂ ਸੋਸ਼ਲ ਮੀਡੀਆ ’ਤੇ ਵਾਇਰਲ ਹੋ ਰਹੀਆਂ ਹਨ। ਤਸਵੀਰਾਂ ਵਿਚ ਦੇਖਿਆ ਜਾ ਸਕਦਾ ਹੈ ਕਿ ਇਕ ਦਿਨ ਵਿਚ ਹੀ ਭਰਾ-ਭੈਣ ਦੀ ਜ਼ਿੰਦਗੀ ਕਿਵੇਂ ਬਦਲ ਗਈ। ਅਨਿਲ ਸ਼ਰਮਾ ਨੇ ਸੰਤਰੀ ਰੰਗ ਦੀ ਪੱਗ ਅਤੇ ਕੁੜਤਾ-ਪਜਾਮਾ ਪਾਇਆ ਹੋਇਆ ਹੈ। ਇਸ ਦੇ ਨਾਲ ਹੀ ਉਹਨਾਂ ਦੀ ਭੈਣ ਇੰਦੂ ਸ਼ਰਮਾ ਸੂਟ 'ਚ ਨਜ਼ਰ ਆ ਰਹੀ ਹੈ। ਦੋਵੇਂ ਭੈਣ-ਭਰਾ ਦੀ ਪੁਰਾਣੀ ਅਤੇ ਨਵੀਂ ਤਸਵੀਰ ਦੇਖ ਕੇ ਹਰ ਕੋਈ ਹੈਰਾਨ ਰਹਿ ਗਿਆ ਹੈ।
ਦੱਸ ਦੇਈਏ ਕਿ ਅੰਬਾਲਾ ਦੇ ਬੋਹ ਪਿੰਡ 'ਚ ਆਯੁਰਵੈਦਿਕ ਡਾਕਟਰ ਪਿਤਾ ਦੀ ਮੌਤ ਤੋਂ ਬਾਅਦ ਪਿਛਲੇ 20-25 ਸਾਲਾਂ ਤੋਂ ਪੜ੍ਹੇ-ਲਿਖੇ ਭੈਣ-ਭਰਾ ਨਰਕ ਭਰੀ ਜ਼ਿੰਦਗੀ ਬਤੀਤ ਕਰ ਰਹੇ ਸਨ। ਹੁਣ ਤੱਕ ਇਹ ਗੁਆਂਢੀਆਂ ਵਲੋਂ ਦਿੱਤੇ ਜਾਂਦੇ ਖਾਣੇ ਦੀ ਸਹਾਰੇ ਹੀ ਜਿਉਂਦੇ ਰਹੇ। ਦੋਵੇਂ ਭੈਣ-ਭਰਾ ਦੀ ਦੁਰਦਸ਼ਾ ਦੀ ਵੀਡੀਓ ਜਿਵੇਂ ਹੀ ਲੁਧਿਆਣਾ ਦੀ ਸੰਸਥਾ 'ਮਨੁੱਖਤਾ ਦੀ ਸੇਵਾ' ਤੱਕ ਪਹੁੰਚੀ ਤਾਂ ਉਹਨਾਂ ਨੇ 'ਵੰਦੇ ਮਾਤਰਮ ਦਲ' ਦੀ ਮਦਦ ਨਾਲ ਦੋਵਾਂ ਭੈਣ-ਭਰਾਵਾਂ ਦੀ ਮਦਦ ਕੀਤੀ।
ਜਾਣਕਾਰੀ ਮੁਤਾਬਕ ਇਹਨਾਂ ਦੇ ਪਿਤਾ ਸੂਰਜ ਭਾਨ ਸ਼ਰਮਾ ਆਯੁਰਵੈਦਿਕ ਡਾਕਟਰ ਸਨ। ਸੂਰਜਭਾਨ ਦੀ ਮੌਤ ਤੋਂ ਬਾਅਦ ਇਕ-ਇਕ ਕਰਕੇ ਪੂਰਾ ਪਰਿਵਾਰ ਮਾਨਸਿਕ ਸੰਤੁਲਨ ਗੁਆ ਬੈਠਾ। 10 ਸਾਲ ਪਹਿਲਾਂ ਮਾਂ ਮਾਨਸਿਕ ਤੌਰ 'ਤੇ ਬਿਮਾਰ ਹੋ ਗਈ ਅਤੇ ਉਸ ਦੀ ਮੌਤ ਹੋ ਗਈ ਅਤੇ ਇਸੇ ਤਰ੍ਹਾਂ ਵੱਡੀ ਬੇਟੀ ਦੀ ਵੀ ਮੌਤ ਹੋ ਗਈ।
ਜਦੋਂ ਇੰਦੂ ਅਤੇ ਅਨਿਲ ਨੇ ਘਰ ਦੀ ਜਿੰਮੇਵਾਰੀ ਸੰਭਾਲੀ ਤਾਂ ਉਹ ਦੋਵੇਂ ਮਾਨਸਿਕ ਰੋਗੀ ਵੀ ਹੋ ਗਏ। ਇੰਦੂ ਐਮਏ-ਬੀਐੱਡ ਹੈ ਅਤੇ ਉਹ ਇਸੇ ਪਿੰਡ ਦੇ ਸਕੂਲ ਵਿਚ ਅਧਿਆਪਕ ਸੀ ਅਤੇ ਘਰ ਵਿਚ ਟਿਊਸ਼ਨ ਵੀ ਪੜ੍ਹਾਉਂਦੀ ਸੀ। ਆਈਟੀਆਈ ਪਾਸ ਅਨਿਲ ਇਕ ਪ੍ਰਿੰਟਿੰਗ ਪ੍ਰੈਸ ਵਿਚ ਕੰਮ ਕਰਦਾ ਸੀ।
ਪਿਛਲੇ ਕਈ ਸਾਲਾਂ ਤੋਂ ਭੈਣ-ਭਰਾ ਦੀ ਸਾਂਭ ਸੰਭਾਲ ਵਾਲਾ ਕੋਈ ਨਹੀਂ ਸੀ। ਜਿਸ ਕਰਕੇ ਦੋਵੇਂ ਸੜਕਾਂ ਤੋਂ ਕੂੜਾ ਚੁੱਕ ਕੇ ਖਾਣ ਲਈ ਮਜ਼ਬੂਰ ਹੋ ਗਏ। ਅਨਿਲ ਅਤੇ ਇੰਦੂ ਦੀਆਂ ਤਸਵੀਰਾਂ "ਮਨੁੱਖਤਾ ਦੀ ਸੇਵਾ" ਨੇ ਆਪਣੇ ਫੇਸਬੁੱਕ ਪੇਜ ਉੱਤੇ ਸਾਂਝੀਆਂ ਵੀ ਕੀਤੀਆਂ ਹਨ।