
ਸੂਬੇ ਸਖ਼ਤ ਕਦਮ ਚੁੱਕ ਸਕਦੇ ਹਨ ਪਰ ਕੇਂਦਰ ਦੇ ਦਿਸ਼ਾ-ਨਿਰਦੇਸ਼ਾਂ ਨੂੰ ਕਮਜ਼ੋਰ ਨਹੀਂ ਕਰ ਸਕਦੇ : ਗ੍ਰਹਿ ਮੰਤਰਾਲਾ
ਨਵੀਂ ਦਿੱਲੀ, 20 ਅਪ੍ਰੈਲ: ਕੇਂਦਰੀ ਗ੍ਰਹਿ ਮੰਤਰਾਲੇ ਨੇ ਕੇਰਲਾ ਦੇ ਸ਼ਹਿਰਾਂ ਵਿਚ ਰੇਸਤਰਾਂ ਖੋਲ੍ਹਣ, ਬੱਸ ਯਾਤਰਾ ਦੀ ਪ੍ਰਵਾਨਗੀ ਦੇਣ ਅਤੇ ਸ਼ਹਿਰੀ ਇਲਾਕਿਆਂ ਵਿਚ ਸੂਖਮ, ਲਘੂ ਤੇ ਦਰਮਿਆਨੇ ਉਦਯੋਗਾਂ ਨੂੰ ਖੋਲ੍ਹਣ ਦੇ ਉਥੋਂ ਦੀ ਸਰਕਾਰ ਦੇ ਫ਼ੈਸਲੇ ’ਤੇ ਸਖ਼ਤ ਇਤਰਾਜ਼ ਪ੍ਰਗਟ ਕੀਤਾ ਅਤੇ ਕਿਹਾ ਕਿ ਇਹ ਤਾਲਾਬੰਦੀ ਦੇ ਦਿਸ਼ਾ-ਨਿਰਦੇਸ਼ਾਂ ਨੂੰ ਕਮਜ਼ੋਰ ਕਰਨ ਦੇ ਬਰਾਬਰ ਹੈ।
ਉਧਰ, ਪਿਨਰਾਈ ਵਿਜਯਨ ਦੀ ਅਗਵਾਈ ਵਾਲੀ ਖੱਬੇਪੱਖੀ ਸਰਕਾਰ ਨੇ ਕਿਹਾ ਹੈ ਕਿ ਕੁੱਝ ਗ਼ਲਤਫ਼ਹਿਮੀ ਹੈ ਜਿਸ ਕਾਰਨ ਕੇਂਦਰ ਨੇ ਤਾਲਾਬੰਦੀ ਦੇ ਦਿਸ਼ਾ-ਨਿਰਦੇਸ਼ਾਂ ਨੂੰ ਹਲਕਾ ਕਰਨ ’ਤੇ ਇਤਰਾਜ਼ ਕੀਤਾ ਹੈ। ਕੇਰਲਾ ਸਰਕਾਰ ਨੂੰ ਲਿਖੇ ਪੱਤਰ ਵਿਚ ਗ੍ਰਹਿ ਮੰਤਰਾਲੇ ਨੇ ਕਿਹਾ ਕਿ ਰਾਜ ਸਰਕਾਰ ਨੇ 17 ਅਪ੍ਰੈਲ ਨੂੰ ਤਾਲਾਬੰਦੀ ਫ਼ੈਸਲਿਆਂ ਦੇ ਸਬੰਧ ਵਿਚ ਸੋਧੇ ਹੋਏ ਦਿਸ਼ਾ-ਨਿਰਦੇਸ਼ ਜਾਰੀ ਕੀਤੇ ਜਿਸ ਵਿਚ 15 ਅਪ੍ਰੈਲ ਨੂੰ ਕੇਂਦਰ ਦੁਆਰਾ ਜਾਰੀ ਸੋਧੇ ਹੋਏ ਦਿਸ਼ਾ-ਨਿਰਦੇਸ਼ਾਂ ਵਿਚ ਦਰਜ ਗਤੀਵਿਧੀਆਂ ਖੋਲ੍ਹਣ ਦੀ ਆਗਿਆ ਦਿਤੀ ਗਈ ਹੈ। ਕੇਂਦਰੀ ਗ੍ਰਹਿ ਮੰਤਰਾਲੇ ਨੇ ਕਿਹਾ ਕਿ ਰਾਜ ਸਖ਼ਤ ਕਦਮ ਚੁੱਕ ਸਕਦੇ ਹਨ ਪਰ ਕੇਂਦਰ ਦੇ ਦਿਸ਼ਾ-ਨਿਰਦੇਸ਼ਾਂ ਨੂੰ ਕਮਜ਼ੋਰ ਨਹੀਂ ਕਰ ਸਕਦੇ।
ਕੇਰਲਾ ਸਰਕਾਰ ਨੇ ਜਿਹੜੀਆਂ ਵਾਧੂ ਗਤੀਵਿਧੀਆਂ ਦੀ ਆਗਿਆ ਦਿਤੀ ਹੈ, ਉਨ੍ਹਾਂ ਵਿਚ ਸਥਾਨਕ ਦੁਕਾਨਾਂ, ਨਾਈ ਦੀਆਂ ਦੁਕਾਨਾਂ, ਰੇਸਤਰਾਂ, ਪੁਸਤਕ ਭੰਡਾਰ, ਸ਼ਹਿਰਾਂ ਅਤੇ ਕਸਬਿਆਂ ਵਿਚ ਥੋੜੀ ਦੂਰੀ ਦੀ ਬੱਸ ਯਾਤਰਾ, ਚਾਰ ਪਹੀਆ ਵਾਹਨ ਦੀ ਪਿਛਲੀ ਸੀਟ ’ਤੇ ਦੋ ਯਾਤਰੀਆਂ ਅਤੇ ਸਕੂਟਰ ’ਤੇ ਪਿਛਲੀ ਸੀਟ ’ਤੇ ਬੈਠ ਕੇ ਯਾਤਰਾ ਕਰਨਾ ਸ਼ਾਮਲ ਹੈ। ਕੇਂਦਰੀ ਗ੍ਰਹਿ ਸਕੱਤਰ ਅਜੇ ਭੱਲਾ ਨੇ ਕਿਹਾ ਕਿ ਰਾਜਾਂ ਅਤੇ ਕੇਂਦਰ ਸ਼ਾਸਤ ਪ੍ਰਦੇਸ਼ਾਂ ਦੀਆਂ ਸਰਕਾਰ ਉਨ੍ਹਾਂ ਦੇ ਦਿਸ਼ਾ-ਨਿਰਦੇਸ਼ਾਂ ਨੂੰ ਕਿਸੇ ਵੀ ਤਰ੍ਹਾਂ ਕਮਜ਼ੋਰ ਨਹੀਂ ਕਰ ਸਕਦੀਆਂ ਅਤੇ ਉਨ੍ਹਾਂ ਨੂੰ ਸਖ਼ਤੀ ਨਾਲ ਲਾਗੂ ਕਰਨਗੀਆਂ। ਕੇਰਲਾ ਦੇ ਸੈਰ ਸਪਾਟਾ ਮੰਤਰੀ ਕਡਕਪੱਲੀ ਸੁਰੇਂਦਰਨ ਨੇ ਇਸ ਗੱਲ ਤੋਂ ਇਲਾਕਾਰ ਕੀਤਾ ਕਿ ਤਾਲਾਬੰਦੀ ਦਿਸ਼ਾ-ਨਿਰਦੇਸ਼ਾਂ ਨੂੰ ਹਲਕਾ ਕੀਤਾ ਗਿਆ ਹੈ। ਉਨ੍ਹਾਂ ਕਿਹਾ ਕਿ ਕੇਂਦਰ ਦੇ ਦਿਸ਼ਾ-ਨਿਰਦੇਸ਼ਾ ਮੁਤਾਬਕ ਹੀ ਛੋਟਾਂ ਦਿਤੀਆਂ ਗਈਆਂ ਹਨ। (ਏਜੰਸੀ)