
ਸ਼੍ਰੋਮਣੀ ਅਕਾਲੀ ਦਲ 2019 ਵਿਚ ਵਿਚ ਆ ਰਹੀਆਂ ਹਰਿਆਣਾ ਵਿਧਾਨ ਸਭਾ ਚੋਣਾਂ ਇਕੱਲੇ ਤੌਰ 'ਤੇ ਲੜੇਗਾ..........
ਚੰਡੀਗੜ੍ਹ : ਸ਼੍ਰੋਮਣੀ ਅਕਾਲੀ ਦਲ 2019 ਵਿਚ ਵਿਚ ਆ ਰਹੀਆਂ ਹਰਿਆਣਾ ਵਿਧਾਨ ਸਭਾ ਚੋਣਾਂ ਇਕੱਲੇ ਤੌਰ 'ਤੇ ਲੜੇਗਾ। ਪਾਰਟੀ ਵਲੋਂ ਹਰਿਆਣਾ ਅੰਦਰ ਵਿਧਾਨ ਸਭਾ ਤੇ ਲੋਕ ਸਭਾ ਚੋਣਾਂ ਨੂੰ ਲੈ ਕੇ ਪਹਿਲੀ ਚੋਣ ਰੈਲੀ 19 ਅਗੱਸਤ ਨੂੰ ਪਿੱਪਲੀ ਵਿਖੇ ਕਰਨ ਦਾ ਫ਼ੈਸਲਾ ਲਿਆ ਗਿਆ ਹੈ। ਇਥੇ ਪਾਰਟੀ ਦੇ ਮੁੱਖ ਦਫ਼ਤਰ ਵਿਚ ਹੋਈ ਮੀਟਿੰਗ ਦੌਰਾਨ ਰਾਜਸਥਾਨ ਲਈ ਸਹਾਇਕ ਅਬਜ਼ਰਵਰਾਂ ਦਾ ਵੀ ਐਲਾਨ ਕੀਤਾ ਗਿਆ। ਇਸ ਸਬੰਧੀ ਜਾਰੀ ਇਕ ਬਿਆਨ ਵਿਚ ਜਾਣਕਾਰੀ ਦਿੰਦੇ ਹੋਏ ਦਲ ਦੇ ਪ੍ਰਧਾਨ ਸ. ਸੁਖਬੀਰ ਸਿੰਘ ਬਾਦਲ ਨੇ ਦਸਿਆ ਕਿ 2019 ਵਿੱਚ ਹੋਣ ਵਾਲੀਆਂ ਹਰਿਆਣਾ ਲੋਕ ਸਭਾ ਅਤੇ ਵਿਧਾਨ ਸਭਾ ਚੋਣਾਂ ਨੂੰ ਲੈ ਕੇ ਸ਼੍ਰੋਮਣੀ ਅਕਾਲੀ ਦਲ ਨੇ
ਤਿਆਰੀ ਆਰੰਭ ਦਿੱਤੀ ਹੈ। ਅੱਜ ਇਸ ਸਬੰਧੀ ਪਾਰਟੀ ਵੱਲੋਂ ਹਰਿਆਣਾ ਵਿੱਚ ਜ਼ਿਲਾਵਾਰ ਨਿਯੁਕਤ ਕੀਤੇ ਅਬਜਰਵਰਾਂ ਨਾਲ ਪਾਰਟੀ ਦੇ ਮੁੱਖ ਦਫਤਰ ਵਿੱਚ ਮੀਟਿੰਗ ਹੋਈ ਅਤੇ ਫੈਸਲਾ ਕੀਤਾ ਗਿਆ ਕਿ ਪਹਿਲੀ ਚੋਣ ਰੈਲੀ ਨਾਲ ਚੋਣਾਂ ਦਾ ਬਿਗਲ 19 ਅਗਸਤ ਨੂੰ ਪਿੱਪਲੀ ਵਿਖੇ ਵਜਾ ਦਿਤਾ ਜਾਵੇਗਾ। ਮੀਟਿੰਗ ਵਿੱਚ ਹਰਿਆਣਾ ਸੂਬਾਈ ਇਕਾਈ ਦੇ ਪ੍ਰਧਾਨ ਸ. ਸ਼ਰਨਜੀਤ ਸਿੰਘ ਸੋਥਾ ਅਤੇ ਇਸਤਰੀ ਅਕਾਲੀ ਦਲ ਹਰਿਆਣਾ ਦੀ ਪ੍ਰਧਾਨ ਬੀਬੀ ਰਵਿੰਦਰ ਕੌਰ ਅਜਰਾਣਾ ਨੇ ਰਿਪੋਰਟ ਪੇਸ਼ ਕੀਤੀ ਜਿਸ ਉਪਰ ਹਾਜ਼ਰ ਸਾਰੇ ਅਬਜਰਵਰਾਂ ਨੇ ਸਹਿਮਤੀ ਪ੍ਰਗਟ ਕੀਤੀ ਅਤੇ
19 ਅਗਸਤ ਨੂੰ ਪਿੱਪਲੀ ਵਿਖੇ ਰੈਲੀ ਕਰਨ ਦਾ ਫੈਸਲਾ ਕੀਤਾ ਗਿਆ। ਸ. ਬਾਦਲ ਨੇ ਦਸਿਆ ਕਿ ਪਾਰਟੀ ਵਲੋਂ ਦਲ ਦੇ ਸੀਨੀਅਰ ਮੀਤ ਪ੍ਰਧਾਨ ਸ. ਬਲਵਿੰਦਰ ਸਿੰਘ ਭੂੰਦੜ ਨੂੰ ਇਸ ਰੈਲੀ ਲਈ ਮੁੱਖ ਪ੍ਰਬੰਧਕ ਅਤੇ ਉਨ੍ਹਾਂ ਨਾਲ ਪ੍ਰੋ ਪ੍ਰੇਮ ਸਿੰਘ ਚੰਦੂਮਜਾਰਾ, ਸ. ਸੁਰਜੀਤ ਸਿੰਘ ਰੱਖੜਾ, ਬੀਬੀ ਜਗੀਰ ਕੌਰ, ਸ. ਮਨਜੀਤ ਸਿੰਘ ਜੀ.ਕੇ, ਸ. ਪ੍ਰਮਿੰਦਰ ਸਿੰਘ ਢੀਂਡਸਾ, ਸ. ਸਿਕੰਦਰ ਸਿੰਘ ਮਲੂਕਾ,
ਸ. ਅਵਤਾਰ ਸਿੰਘ ਹਿੱਤ ਅਤੇ ਐਨ. ਕੇ.ਸ਼ਰਮਾ ਰੈਲੀ ਨੂੰ ਕਾਮਯਾਬ ਕਰਨ ਲਈ ਹਰਿਆਣਾ ਵਿੱਚ ਹਲਕਾਵਾਰ ਮੀਟਿੰਗਾਂ ਕਰਕੇ ਰੈਲੀ ਨੂੰ ਕਾਮਯਾਬ ਕਰਨਗੇ। ਉਨ੍ਹਾਂ ਦੱਸਿਆ ਕਿ ਰਾਜਸਥਾਨ ਵਿੱਚ ਵੀ ਪਾਰਟੀ ਦੇ ਕੰਮ ਵਿੱਚ ਹੋਰ ਤੇਜ਼ੀ ਲਿਆਉਣ ਲਈ ਸ. ਸਿਕੰਦਰ ਸਿੰਘ ਮਲੂਕਾ, ਜਿਨ੍ਹਾਂ ਨੂੰ ਪਹਿਲਾਂ ਹੀ ਰਾਜਸਥਾਨ ਦੇ ਅਬਜਰਵਰ ਨਿਯੁਕਤ ਕੀਤਾ ਗਿਆ ਹੈ, ਉਨ੍ਹਾਂ ਨਾਲ ਸਹਾਇਕ ਅਬਜਰਵਰ ਲਾਉਣ ਦਾ ਫੈਸਲਾ ਵੀ ਕੀਤਾ ਗਿਆ ਹੈ।