
ਅਪਣਾ ਅੰਦੋਲਨ ਤਜ਼ ਕਰਦਿਆਂ ਅੰਗਹੀਣਾ ਦੀ ਜਥੇਬੰਦੀ 'ਅਪੰਗ ਸੁਅੰਗ-ਅਸੂਲ ਮੰਚ' ਪੰਜਾਬ ਦੇ ਆਗੂ ਬਲਵਿੰਦਰ ਸਿੰਘ ਦੀ ਅਗਵਾਈ 'ਚ ਅੰਗਹੀਣ ਮਰਦ/ਔਰਤਾਂ............
ਕੋਟਕਪੂਰਾ :- ਅਪਣਾ ਅੰਦੋਲਨ ਤਜ਼ ਕਰਦਿਆਂ ਅੰਗਹੀਣਾ ਦੀ ਜਥੇਬੰਦੀ 'ਅਪੰਗ ਸੁਅੰਗ-ਅਸੂਲ ਮੰਚ' ਪੰਜਾਬ ਦੇ ਆਗੂ ਬਲਵਿੰਦਰ ਸਿੰਘ ਦੀ ਅਗਵਾਈ 'ਚ ਅੰਗਹੀਣ ਮਰਦ/ਔਰਤਾਂ, ਬੱਚਿਆਂ ਤੇ ਬਜ਼ੁਰਗਾਂ ਤੋਂ ਇਲਾਵਾ ਵਿਧਵਾ ਬੀਬੀਆਂ, ਬੁਢਾਪਾ ਪੈਨਸ਼ਨਾ ਵਾਲੇ ਅਤੇ ਨਰੇਗਾ ਮਜ਼ਦੂਰਾਂ ਨੇ ਸਥਾਨਕ ਕੈਂਟਰ ਯੂਨੀਅਨ, ਰਿਕਸ਼ਾ ਯੂਨੀਅਨ, ਤਿੰਨ ਕੌਣੀ ਚੋਂਕ, ਦੇਵੀਵਾਲਾ, ਕੋਟਸੁਖੀਆ ਆਦਿ ਦੀਆਂ ਸੱਥਾਂ 'ਚ ਥਾਲੀ ਖੜਕਾ ਕੇ ਆਪਣੇ ਰੋਸ ਦਾ ਮੁਜ਼ਾਹਰਾ ਕੀਤਾ। ਆਪਣੇ ਸੰਬੋਧਨ ਦੌਰਾਨ ਵੱਖ-ਵੱਖ ਬੁਲਾਰਿਆਂ ਨੇ ਦਸਿਆ ਕਿ ਪੰਜਾਬ ਦੇ 32 ਲੱਖ ਉਨਾ ਲੋਕਾਂ ਨੂੰ ਪੈਨਸ਼ਨ ਦਾ ਅਧਿਕਾਰ ਦੇਣ ਦਾ ਵਾਅਦਾ ਕੀਤਾ ਗਿਆ ਸੀ।
ਜੋ ਸਰੀਰਕ ਕਮਜ਼ੋਰੀ ਕਾਰਨ ਕੋਈ ਕੰਮਕਾਰ ਕਰਨ ਤੋਂ ਅਸਮਰੱਥ ਹਨ, 2000 ਰੁਪਏ ਪੈਨਸ਼ਨ ਦੇਣ ਦਾ ਵਾਅਦਾ ਕਰਨ ਵਾਲੀਆਂ ਸਮੇਂ ਦੀਆਂ ਸਰਕਾਰਾਂ ਸੱਤਾ ਸੰਭਾਲਣ ਤੋਂ ਬਾਅਦ ਕੀਤੇ ਵਾਅਦੇ ਭੁੱਲ ਜਾਂਦੀਆਂ ਹਨ। ਉਨਾ 'ਪੈਨਸ਼ਨ ਦਾ ਪ੍ਰਬੰਧ ਕਰੋ ਅਤੇ ਪੰਜਾਬ ਨੂੰ ਲੁੱਟਣਾ ਬੰਦ ਕਰੋ', ਲੋੜਵੰਦਾਂ ਨੂੰ ਵੀ ਪੈਨਸ਼ਨ ਦਾ ਹੱਕ ਦਿਉ ਤੇ ਜਾਂ ਖ਼ੁਦ ਵੀ ਪੈਨਸ਼ਨ ਲੈਣੀ ਬੰਦ ਕਰੋ ਦੇ ਨਾਅਰੇ ਵੀ ਲਾਏ ਗਏ। ਉਨਾ ਦਸਿਆ ਕਿ 1 ਲੱਖ ਅੰਗਹੀਣ, 5 ਲੱਖ ਬਜ਼ੁਰਗ ਅਤੇ 2 ਲੱਖ ਵਿਧਵਾਵਾਂ ਸਰਕਾਰੀ ਸਹੂਲਤਾਂ ਤੋਂ ਵਾਂਝੀਆਂ ਹਨ।
ਜਦਕਿ ਪੰਜਾਬ ਦਾ ਹਰੇਕ ਵਸਨੀਕ ਕਿਸੇ ਨਾ ਕਿਸੇ ਰੂਪ ਵਿਚ ਪੰਜਾਬ ਅਤੇ ਕੇਂਦਰ ਸਰਕਾਰ ਨੂੰ ਟੈਕਸ ਅਦਾ ਕਰਦਾ ਹੈ ਪਰ ਉਸ ਦੇ ਬਾਵਜ਼ੂਦ ਉਨਾ ਨੂੰ ਸਰਕਾਰਾਂ ਵੱਲੋਂ ਦੋਹੀਂ ਹੱਥੀਂ ਲੁੱਟਿਆ ਜਾ ਰਿਹਾ ਹੈ। ਉਨਾ ਆਖਿਆ ਕਿ ਜੇਕਰ ਸਾਡੀ ਸੁਣਵਾਈ ਨਾ ਹੋਈ ਤਾਂ ਉਹ ਮੁੱਖ ਮੰਤਰੀ ਤੋਂ ਇਲਾਵਾ ਕੈਬਨਿਟ ਮੰਤਰੀਆਂ, ਹਲਕਾ ਵਿਧਾਇਕਾਂ ਅਤੇ ਸੱਤਾਧਾਰੀ ਧਿਰ ਨਾਲ ਸਬੰਧਤ ਹੋਰ ਲੀਡਰਾਂ ਦਾ ਘਿਰਾਓ ਕਰਨ ਤੋਂ ਗੁਰੇਜ਼ ਨਹੀਂ ਕਰਨਗੇ। ਇਸ ਮੌਕੇ ਉਪਰੋਕਤ ਤੋਂ ਇਲਾਵਾ ਜਗਤਾਰ ਸਿੰਘ, ਚਮਕੌਰ ਸਿੰਘ, ਲੱਕੀ ਮੌਂਗਾ, ਸੁਖਮੰਦਰ ਸਿੰਘ, ਪਵਨ ਕੁਮਾਰ, ਦਵਿੰਦਰ ਸਿੰਘ ਆਦਿ ਨੇ ਵੀ ਸੰਬੋਧਨ ਕੀਤਾ।