
ਦੁਕਾਨ ਵਿਚੋਂ ਨਕਲੀ ENO ਦੇ 2700 ਪੈਕੇਟ ਬਰਾਮਦ
ਸ੍ਰੀ ਮੁਕਤਸਰ ਸਾਹਿਬ: ਸ੍ਰੀ ਮੁਕਤਸਰ ਸਾਹਿਬ 'ਚ ਨਕਲੀ ਈਨੋ ਵੇਚਣ ਦਾ ਮਾਮਲਾ ਸਾਹਮਣੇ ਆਇਆ ਹੈ। ਪੁਲਿਸ ਨੇ ਇਸ ਮਾਮਲੇ ਵਿਚ ਐਫਆਈਆਰ ਦਰਜ ਕਰ ਲਈ ਹੈ। ਇਸ ਸਬੰਧੀ ਪੁਲਿਸ ਨੂੰ ਦਿਤੀ ਸ਼ਿਕਾਇਤ 'ਚ ਕੰਪਨੀ ਦੇ ਅਧਿਕਾਰੀ ਅਤੁਲ ਕੁਮਾਰ ਨੇ ਦਸਿਆ ਕਿ ਉਹ ਕੁੱਝ ਦਿਨ ਪਹਿਲਾਂ ਮੁਕਤਸਰ ਦੀ ਟਿੱਬੀ ਸਾਹਿਬ ਰੋਡ ਮਾਰਕੀਟ 'ਚ ਗਿਆ ਸੀ, ਜਿਥੇ ਉਸ ਨੇ ਦੇਖਿਆ ਕਿ ਨੀਰਜ ਕੁਮਾਰ ਅਪਣੀ ਦੁਕਾਨ 'ਤੇ ਜਾਅਲੀ ਈਨੋ ਵੇਚ ਰਿਹਾ ਸੀ, ਜਿਸ ਕਾਰਨ ਉਸ ਦਾ ਭਾਰੀ ਨੁਕਸਾਨ ਹੋ ਰਿਹਾ ਹੈ।
ਜਦੋਂ ਉਨ੍ਹਾਂ ਨੇ ਉਸ ਦੀ ਦੁਕਾਨ ਦੀ ਜਾਂਚ ਕੀਤੀ ਤਾਂ ਉਥੋਂ 2700 ਪੈਕੇਟੇ ਈਨੋ ਦੇ ਮਿਲੇ, ਜੋ ਕਿ ਨਕਲੀ ਪਾਏ ਗਏ ਸਨ। ਅਧਿਕਾਰੀ ਨੇ ਦਸਿਆ ਕਿ ਨਕਲੀ ਈਨੋ ਵਿਚ ਖ਼ਤਰਨਾਕ ਕੈਮੀਕਲ ਪਾਏ ਗਏ ਹਨ, ਜੋ ਕਿ ਸਿਹਤ ਲਈ ਬਹੁਤ ਹਾਨੀਕਾਰਕ ਹਨ। ਉਨ੍ਹਾਂ ਨੇ ਥਾਣਾ ਸਿਟੀ ਮੁਕਤਸਰ ਵਿਖੇ ਸ਼ਿਕਾਇਤ ਦਰਜ ਕਰਵਾਈ ਹੈ। ਇਸ ਉਪਰੰਤ ਦੁਕਾਨਦਾਰ ਵਿਰੁਧ ਧਾਰਾ 63 ਕਾਪੀ ਰਾਈਟ ਐਕਟ, 103,104 ਟਰੇਡ ਮਾਰਕ ਐਕਟ ਤਹਿਤ ਮਾਮਲਾ ਦਰਜ ਕਰਕੇ ਅਗਲੇਰੀ ਕਾਰਵਾਈ ਸ਼ੁਰੂ ਕਰ ਦਿਤੀ ਗਈ ਹੈ।