
ਆਰ.ਸੀ.ਐਫ. (ਕਪੂਰਥਲਾ) ਦੇ ਨੇੜੇ ਕਪੂਰਥਲਾ-ਸੁਲਤਾਨਪੁਰ ਲੋਧੀ ਮੁੱਖ ਮਾਰਗ ‘ਤੇ ਸਥਿਤ ਸਿੱਧੂ ਇੰਡਸਟਰੀ ਕਾਰਪੋਰੇਸ਼ਨ ਢੁਡਿਆਂਵਾਲ ਵਿਚ...
ਕਪੂਰਥਲਾ (ਪੀਟੀਆਈ) : ਆਰ.ਸੀ.ਐਫ. (ਕਪੂਰਥਲਾ) ਦੇ ਨੇੜੇ ਕਪੂਰਥਲਾ-ਸੁਲਤਾਨਪੁਰ ਲੋਧੀ ਮੁੱਖ ਮਾਰਗ ‘ਤੇ ਸਥਿਤ ਸਿੱਧੂ ਇੰਡਸਟਰੀ ਕਾਰਪੋਰੇਸ਼ਨ ਢੁਡਿਆਂਵਾਲ ਵਿਚ ਸਵੇਰੇ 11 ਵਜੇ ਦੇ ਲਗਭੱਗ ਅਚਾਨਕ ਵਾਪਰੇ ਦਰਦਨਾਕ ਹਾਦਸੇ ਵਿਚ 2 ਮਜ਼ਦੂਰਾਂ ਦੀ ਮੌਤ ਅਤੇ ਇਕ ਮਜ਼ਦੂਰ ਦੇ ਜਖ਼ਮੀ ਹੋਣ ਦੀ ਖ਼ਬਰ ਹੈ। ਜਾਣਕਾਰੀ ਦੇ ਮੁਤਾਬਕ, ਰੋਜ਼ ਦੀ ਤਰ੍ਹਾਂ ਫੈਕਟਰੀ ਵਿਚ ਕੰਮ ਕਰ ਰਹੇ 70-75 ਦੇ ਲਗਭੱਗ ਮਜ਼ਦੂਰ ਅਪਣੇ-ਅਪਣੇ ਕੰਮਾਂ ਵਿਚ ਰੁੱਝੇ ਹੋਏ ਸਨ
ਕਿ ਲੋਹਾ ਬੈਂਡ ਕਰਨ ਵਾਲੀ ਮਸ਼ੀਨ ‘ਤੇ ਕੰਮ ਕਰ ਰਹੇ ਮਜ਼ਦੂਰ 60 ਸਾਲ ਦੇ ਕੇਵਲ ਸਿੰਘ ਨਿਵਾਸੀ ਸਿਧਵਾਂ ਦੋਨਾਂ (ਕਪੂਰਥਲਾ) ਤੋਂ ਇਲਾਵਾ 23 ਸਾਲ ਦੇ ਬਲਬੀਰ ਸਿੰਘ ਬੀਰਾ ਨਿਵਾਸੀ ਤਲਵੰਡੀ ਚੌਧਰੀਆਂ (ਕਪੂਰਥਲਾ) ‘ਤੇ ਬੈਡਿੰਗ ਪ੍ਰੈਸ ਮਸ਼ੀਨ ਦੇ 2 ਮੇਨ ਨਾਟ-ਬੋਲਟ ਟੁੱਟਣ ਦੇ ਕਾਰਨ ਹੇਠਾਂ ਡਿੱਗ ਪਈ, ਜਿਸ ਦੇ ਕਾਰਨ ਉਕਤ ਦੋਵਾਂ ਮਜ਼ਦੂਰਾਂ ਦੀ ਮੌਕੇ ‘ਤੇ ਮੌਤ ਹੋ ਗਈ।
ਉਥੇ ਹੀ ਮਜ਼ਦੂਰ ਸਵਰਣ ਸਿੰਘ ਨਿਵਾਸੀ ਤਲਵੰਡੀ ਚੌਧਰੀਆਂ (ਕਪੂਰਥਲਾ) ਦੀ ਖੱਬੀ ਲੱਤ ‘ਤੇ ਗੰਭੀਰ ਸੱਟ ਲੱਗੀ ਹੈ, ਜਿਸ ਨੂੰ ਕਪੂਰਥਲਾ ਵਿਚ ਸਥਿਤ ਇਕ ਨਿੱਜੀ ਆਰਥੋ ਹਸਪਤਾਲ ਵਿਚ ਦਾਖ਼ਲ ਕਰਵਾਇਆ ਗਿਆ ਹੈ ਅਤੇ ਉਸ ਦੀ ਗੰਭੀਰ ਹਾਲਤ ਨੂੰ ਮੁੱਖ ਰੱਖਦੇ ਹੋਏ ਉਸ ਨੂੰ ਜਲੰਧਰ ਵਿਚ ਇਲਾਜ ਲਈ ਰਵਾਨਾ ਕਰ ਦਿਤਾ ਗਿਆ ਹੈ। ਮ੍ਰਿਤਕ ਕੇਵਲ ਸਿੰਘ ਪੁੱਤਰ ਸੋਹਨ ਸਿੰਘ ਅਤੇ ਬਲਬੀਰ ਸਿੰਘ ਬੀਰਾ ਪੁੱਤਰ ਪ੍ਰੇਮ ਸਿੰਘ ਦੀ ਮ੍ਰਿਤਕ ਦੇਹ ਨੂੰ ਪੋਸਟਮਾਰਟਮ ਲਈ ਸਿਵਲ ਹਸਪਤਾਲ ਕਪੂਰਥਲੇ ਦੇ ਮਾਰਚੂਰੀ ਵਿਚ ਰਖਵਾ ਦਿਤਾ ਗਿਆ ਹੈ।
ਪੁਲਿਸ ਚੌਕੀ ਭੁਲਾਣਾ (ਸੁਲਤਾਨਪੁਰ ਲੋਧੀ) ਦੇ ਇਨਚਾਰਜ ਲਖਵੀਰ ਸਿੰਘ, ਜੋ ਘਟਨਾ ਸਥਾਨ ‘ਤੇ ਪੁਲਿਸ ਪਾਰਟੀ ਦੇ ਨਾਲ ਪਹੁੰਚੇ ਤਾਂ ਉਨ੍ਹਾਂ ਨੇ ਦੱਸਿਆ ਕਿ ਉਕਤ ਫੈਕਟਰੀ ਦੇ ਮਾਲਕ ਪਰਸ਼ੋਤਮ ਸਿੰਘ ਸਿੱਧੂ ਪੁੱਤਰ ਨਗੀਨਾ ਸਿੰਘ ਅਤੇ ਉਸ ਦੀਆਂ ਦੋਵਾਂ ਪੁੱਤਰਾਂ ਧਨਪ੍ਰੀਤ ਸਿੰਘ ਅਤੇ ਦਿਲਪ੍ਰੀਤ ਸਿੰਘ ਦੇ ਖਿਲਾਫ਼ ਵੱਖ-ਵੱਖ ਧਾਰਾਵਾਂ ਦੇ ਤਹਿਤ ਮਾਮਲਾ ਦਰਜ ਕਰ ਲਿਆ ਹੈ, ਜਿਨ੍ਹਾਂ ਦੀ ਗ੍ਰਿਫ਼ਤਾਰੀ ਲਈ ਪੁਲਿਸ ਛਾਪੇਮਾਰੀ ਕਰ ਰਹੀ ਹੈ।
ਉਕਤ ਦਰਦਨਾਕ ਹਾਦਸੇ ਦਾ ਕਾਰਨ ਬਣੀ ਸਿੱਧੂ ਇੰਡਸਟਰੀ ਕਾਰਪੋਰੇਸ਼ਨ ਢੁਡਿਆਂਵਾਲ ਦੇ ਮਾਲਿਕ ਪਰਸ਼ੋਤਮ ਸਿੰਘ ਸਿੱਧੂ ਨੇ ਗੱਲਬਾਤ ਦੌਰਾਨ ਦੱਸਿਆ ਕਿ ਹਾਦਸਾ ਅਚਾਨਕ ਵਾਪਰਿਆ ਹੈ। ਮਾਲਿਕ ਅਤੇ ਮਜ਼ਦੂਰਾਂ ਦਾ ਰਿਸ਼ਤਾ ਨੂੰਹ-ਸੱਸ ਵਰਗਾ ਹੁੰਦਾ ਹੈ। ਮੈਨੂੰ ਹਾਦਸੇ ਵਿਚ ਮੌਤ ਦਾ ਸ਼ਿਕਾਰ ਹੋਏ ਮਜ਼ਦੂਰਾਂ ਅਤੇ ਜ਼ਖ਼ਮੀ ਮਜਦੂਰ ਨਾਲ ਪੂਰੀ ਹਮਦਰਦੀ ਹੈ। ਉਕਤ ਵਾਪਰੇ ਹਾਦਸੇ ਵਿਚ ਕਿਸੇ ਦਾ ਕੋਈ ਦੋਸ਼ ਨਹੀਂ ਹੈ, ਕਿਉਂਕਿ ਫੈਕਟਰੀ ਵਿਚ ਮਜ਼ਦੂਰ ਰੋਜ਼ ਦੀ ਤਰ੍ਹਾਂ ਕੰਮ ਕਰ ਰਹੇ ਸਨ ਅਤੇ ਅਚਾਨਕ ਹਾਦਸਾ ਵਾਪਰਿਆ ਹੈ।