
ਅੰਮ੍ਰਿਤਸਰ (ਦਿਹਾਤੀ) ਪੁਲਿਸ ਦੇ ਅਧੀਨ ਆਉਂਦੇ ਥਾਣਾ ਜੰਡਿਆਲਾ ਦੇ ਮਾਡਲ ਟਾਊਨ ਪੁਲਿਸ ਚੌਂਕੀ ਦੇ ਇਨਚਾਰਜ ਨੇ ਦੇਰ ਰਾਤ ਅਪਣੀ...
ਅੰਮ੍ਰਿਤਸਰ (ਸਸਸ) : ਅੰਮ੍ਰਿਤਸਰ (ਦਿਹਾਤੀ) ਪੁਲਿਸ ਦੇ ਅਧੀਨ ਆਉਂਦੇ ਥਾਣਾ ਜੰਡਿਆਲਾ ਦੇ ਮਾਡਲ ਟਾਊਨ ਪੁਲਿਸ ਚੌਂਕੀ ਦੇ ਇਨਚਾਰਜ ਨੇ ਦੇਰ ਰਾਤ ਅਪਣੀ ਸਰਵਿਸ ਰਿਵਾਲਵਰ ਨਾਲ ਖ਼ੁਦ ਨੂੰ ਗੋਲੀ ਮਾਰ ਕੇ ਖ਼ੁਦਕੁਸ਼ੀ ਕਰ ਲਈ ਹੈ। ਚੌਂਕੀ ਇਨਚਾਰਜ ਸਤਿੰਦਰ ਪਾਲ ਸਿੰਘ ਬੀਤੇ ਕਈ ਦਿਨਾਂ ਤੋਂ ਮਾਨਸਿਕ ਤਣਾਅ ਵਿਚ ਸੀ। ਸਤਿੰਦਰ ਪਾਲ ਸਿੰਘ ਨੇ ਅਪਣੇ ਸਿਰ ‘ਤੇ ਗੋਲੀ ਮਾਰੀ। ਜਿਸ ਬਿਸਤਰੇ ਉਤੇ ਸਤਿੰਦਰ ਪਾਲ ਸਿੰਘ ਸੁੱਤਾ ਸੀ, ਉਹ ਖ਼ੂਨ ਨਾਲ ਲਿਬੜਿਆ ਹੋਇਆ ਸੀ।
ਅੰਮ੍ਰਿਤਸਰ (ਦਿਹਾਤੀ) ਪੁਲਿਸ ਦੇ ਐਸਪੀ (ਡੀ) ਦਾ ਕਹਿਣਾ ਹੈ ਕਿ ਸਤਿੰਦਰ ਪਾਲ ਸਿੰਘ ਅਪਣੀ ਸਰਵਿਸ ਰਿਵਾਲਵਰ ਲੋਡ ਕਰ ਕੇ ਸਿਰਹਾਨੇ ਦੇ ਹੇਠਾਂ ਰੱਖ ਕੇ ਸੌਂਦਾ ਸੀ। ਰਾਤ ਨੂੰ ਅਚਾਨਕ ਗੋਲੀ ਚੱਲ ਗਈ, ਜਿਸ ਦੇ ਕਾਰਨ ਉਸ ਦੀ ਮੌਤ ਹੋ ਗਈ। ਸਤਿੰਦਰ ਪਾਲ ਇਕ ਕਾਬਿਲ ਪੁਲਿਸ ਅਫ਼ਸਰ ਸੀ। ਉਸ ਨੇ ਜੰਡਿਆਲਾ ਵਿਚ ਦੋਸ਼ ਉਤੇ ਨੁਕੇਲ ਕੱਸੀ ਸੀ। ਉਸ ਦੀ ਮੌਤ ‘ਤੇ ਪੁਲਿਸ ਨੇ ਅਪਣਾ ਕਾਬਿਲ ਅਫ਼ਸਰ ਗੁਆ ਦਿਤਾ ਹੈ।
ਜਾਣਕਾਰੀ ਦੇ ਮੁਤਾਬਕ ਬੁੱਧਵਾਰ ਨੂੰ ਸਵੇਰੇ ਜਦੋਂ ਸਤਿੰਦਰ ਪਾਲ ਚੌਕੀ ਨਹੀਂ ਪਹੁੰਚਿਆ ਤਾਂ ਮੁਨਸ਼ੀ ਨਾਲ ਹੀ ਸਥਿਤ ਉਨ੍ਹਾਂ ਦੇ ਰੂਮ ਵਿਚ ਗਿਆ। ਦਰਵਾਜ਼ਾ ਖੜਕਾਇਆ ਪਰ ਅੰਦਰ ਤੋਂ ਕੋਈ ਆਵਾਜ਼ ਨਹੀਂ ਆਈ ਤਾਂ ਮੁਨਸ਼ੀ ਦਰਵਾਜ਼ਾ ਖੋਲ੍ਹ ਕੇ ਅੰਦਰ ਚਲਾ ਗਿਆ। ਉਸ ਨੇ ਵੇਖਿਆ ਦੀ ਸਤਿੰਦਰ ਪਾਲ ਸਿੰਘ ਖ਼ੂਨ ਨਾਲ ਲਿਬੜਿਆ ਅਪਣੇ ਬਿਸਤਰੇ ਉਤੇ ਪਿਆ ਹੋਇਆ ਹੈ। ਮੁਨਸ਼ੀ ਨੇ ਤੁਰਤ ਇਸ ਦੀ ਸੂਚਨਾ ਅਧਿਕਾਰੀਆਂ ਨੂੰ ਦਿਤੀ।
ਪੁਲਿਸ ਅਧਿਕਾਰੀ ਹਰਪਾਲ ਸਿੰਘ ਪੁਲਿਸ ਫੋਰਸ ਦੇ ਨਾਲ ਘਟਨਾ ਸਥਾਨ ਉਤੇ ਪਹੁੰਚੇ। ਉੱਚ ਅਧਿਕਾਰੀਆਂ ਨੇ ਉਨ੍ਹਾਂ ਦੇ ਪਰਵਾਰ ਦੇ ਮੈਬਰਾਂ ਨੂੰ ਸੂਚਿਤ ਕੀਤਾ। ਪਰਵਾਰ ਦੇ ਮੈਬਰਾਂ ਦੇ ਨਾਲ ਸਤਿੰਦਰ ਪਾਲ ਦੀ ਲਾਸ਼ ਪੋਸਟਮਾਰਟਮ ਲਈ ਭੇਜ ਦਿਤੀ। ਰਿਸ਼ਤੇ ਵਿਚ ਲੱਗਦੇ ਸਤਿੰਦਰ ਦੇ ਭਰਾ ਜਤਿੰਦਰ ਪਾਲ ਸਿੰਘ ਨੇ ਕਿਹਾ ਕਿ ਉਨ੍ਹਾਂ ਨੂੰ ਚੌਕੀ ਤੋਂ ਫ਼ੋਨ ਆਇਆ ਕਿ ਸਤਿੰਦਰ ਦੀ ਮੌਤ ਹੋ ਗਈ ਹੈ। ਉਹ ਘਟਨਾ ਸਥਾਨ ‘ਤੇ ਪਹੁੰਚੇ। ਜਿੱਥੇ ਸਤਿੰਦਰ ਪਾਲ ਦੀ ਲਾਸ਼ ਖ਼ੂਨ ਨਾਲ ਲਿਬੜੀ ਪਈ ਸੀ।
ਸਤਿੰਦਰ ਪਾਲ ਨੇ ਖ਼ੁਦਕੁਸ਼ੀ ਕੀਤੀ ਹੈ ਜਾਂ ਰਿਵਾਲਵਰ ਨਾਲ ਅਚਾਨਕ ਗੋਲੀ ਚੱਲੀ, ਇਸ ਦੇ ਬਾਰੇ ਵਿਚ ਜਤਿੰਦਰ ਨੇ ਕਿਹਾ ਕਿ ਉਨ੍ਹਾਂ ਨੂੰ ਇਸ ਦੀ ਕੋਈ ਜਾਣਕਾਰੀ ਨਹੀਂ ਹੈ।