
ਕਿਸਾਨਾਂ ਦੀ ਲਾਮਬੰਦੀ ਤੋਂ ਬੁਖਲਾਏ ਸੱਤਾਧਾਰੀ ਧਿਰ ਦੇ ਆਗੂ ਓਟ-ਪਟਾਂਗ ਬਿਆਨਬਾਜ਼ੀ ’ਤੇ ਉਤਰੇ
ਚੰਡੀਗੜ੍ਹ : ਦਿੱਲੀ ਦੀਆਂ ਬਰੂੂਹਾਂ ’ਤੇ ਚੱਲ ਰਹੇ ਕਿਸਾਨੀ ਘੋਲ ਨੇ ਸਿਆਸਤਦਾਨਾਂ ਦੇ ਪੈਰੋਂ ਹੇਠ ਜ਼ਮੀਨ ਖਿਸਕਾਉਣੀ ਸ਼ੁਰੂ ਕਰ ਦਿਤੀ ਹੈ। ਕਿਸਾਨਾਂ ਨੂੰ ਅਨਪੜ੍ਹ, ਪੱਛੜੇ ਅਤੇ ਸਿਰਫ਼ ਮਿੱਟੀ ਨਾਲ ਮਿੱਟੀ ਹੋਣ ਵਾਲੇ ਹੱਡ-ਮਾਸ ਦੇ ਪ੍ਰਾਣੀ ਸਮਝਣ ਵਾਲੇ ਸਿਆਸਤਦਾਨ ਕਿਸਾਨਾਂ ਦੀ ਵਿਦਵਤਾ ਅਤੇ ਦੂਰ-ਦਿ੍ਰਸ਼ਟੀ ਤੋਂ ਡਾਢੇ ਪ੍ਰੇਸ਼ਾਨ ਹਨ। ਕਿਸਾਨੀ ਮੰਗਾਂ ’ਤੇ ਸਿਆਸੀ ਰੋਟੀਆਂ ਸੇਕਣ ਵਾਲਿਆਂ ਨੂੰ ਹੁਣ ਆਪਣਾ ਸਿਆਸੀ ਭਵਿੱਖ ਹਨੇਰੀਆਂ ਰਾਹਾਂ ’ਤੇ ਪੈਂਦਾ ਵਿਖਾਈ ਦੇ ਰਿਹਾ ਹੈ। ਭਾਵੇਂ ਵੇਖਣ ਨੂੰ ਅੱਜ ਕਿਸਾਨ ਘਰੋਂ ਬੇਘਰ ਹੋਏ ਦਿੱਲੀ ਦੀਆਂ ਸੜਕਾਂ ’ਤੇ ਰੁਲ ਰਹੇ ਹਨ ਪਰ ਜ਼ਹਿਨੀ ਤੌਰ ’ਤੇ ਬੇਅਰਾਮ ਸਿਆਸੀ ਜਮਾਤ ਹੋ ਰਹੀ ਹੈ।
Farmer protest
ਸੜਕਾਂ ਕਿਨਾਰੇ ਰਾਤਾਂ ਕੱਟ ਰਹੇ ਕਿਸਾਨਾਂ ਦੀ ਸੰਘਰਸ਼ੀ ਲਾਮਬੰਦੀ ਨੇ ਮਖਮਲੀ ਗੱਦਿਆਂ ’ਤੇ ਸੌਣ ਵਾਲੇ ਸਿਆਸਤਦਾਨਾਂ ਦੀ ਨੀਂਦ ਹਰਾਮ ਕੀਤੀ ਹੋਈ ਹੈ। ਕਿਸਾਨ ਟਰਾਲੀਆਂ ਵਿਚ ਸਕੂਨ ਦੀ ਨੀਂਦ ਸੌਂ ਰਹੇ ਹਨ ਜਦਕਿ ਕਿਸਾਨਾਂ ਦੀ ਮਾੜੀ ਹਾਲਾਤ ਲਈ ਜ਼ਿੰਮੇਵਾਰ ਆਗੂਆਂ ਦੀ ਰਾਤ ਪਲਸੇਟੇ ਮਾਰਦਿਆਂ ਬੀਤ ਰਹੀ ਹੈ। ਇਸ ਸਭ ਦਾ ਸਬੂਤ ਟੀਵੀ ਚੈਨਲਾਂ ’ਤੇ ਉਨ੍ਹਾਂ ਵਲੋਂ ਕੀਤੀਆਂ ਜਾ ਰਹੀਆਂ ਓਟ-ਪਟਾਂਗ ਹਰਕਤਾਂ ਤੋਂ ਹੋ ਜਾਂਦਾ ਹੈ। ਜਿਹੜਾ ਬੰਦਾ ਸਕੂਨ ਦੀ ਨੀਂਦ ਸੌਦਾ ਹੋਵੇ, ਉਹ ਐਡੀ ਛੇਤੀ ਆਪੇ ਤੋਂ ਬਾਹਰ ਨਹੀਂ ਹੁੰਦਾ, ਜਿੰਨੇ ਸਿਆਸੀ ਆਗੂ ਅੱਜ ਹੋ ਰਹੇ ਹਨ।
Delhi: Tikri border.
ਕਿਸਾਨੀ ਘੋਲ ਦੇ ਸ਼ੁਰੂਆਤੀ ਦੌਰ ’ਚ ਇਕ ਭਾਜਪਾ ਆਗੂ ਨੇ ਕਿਸਾਨਾਂ ਵਲੋਂ ਰੇਲਾਂ ਰੋਕੇ ਜਾਣ ’ਤੇ ਤੈਸ਼ ਵਿਚ ਆ ਕੇ ‘ਕਿਸਾਨ ਕੌਣ ਹੁੰਦੇ ਹਨ ਰੇਲਾਂ ਰੋਕਣ ਵਾਲੇ’’ ਤੋਂ ਇਲਾਵਾ ਕਿਸਾਨਾਂ ਅੱਗੇ ‘‘ਕੌਣ’’ ਸ਼ਬਦ ਲਾਉਂਦਿਆਂ ਤਰ੍ਹਾਂ ਤਰ੍ਹਾਂ ਦੀਆਂ ਹੁੰਝਾਂ ਲਾਉਂਦਿਆਂ ਜੇਤੂ ਅੰਦਾਜ਼ ਫੁਕਾਰੇ ਮਾਰੇ ਸਨ। ਅੱਜ ਉਹ ਆਗੂ ਲੋਕਾਂ ਵਿਚ ਆਉਣ ਤੋਂ ਡਰ ਰਿਹਾ ਹੈ। ਕਿਸਾਨਾਂ ਦੀ ਤਾਕਤ ਨੂੰ ਘਟਾ ਕੇ ਵੇਖਣ ਵਾਲੇ ਸਿਆਸਤਦਾਨਾਂ ਅੱਜ ਖੁਦ ‘‘ਕਿਸਾਨ ਜੁੱਤੀਆਂ ਮਾਰਨਗੇ’’ ਵਰਗੇ ਸ਼ਬਦ ਬੋਲਣ ਲੱਗੇ ਹਨ। ਸੱਤਾਧਾਰੀ ਧਿਰ ਦੇ ਆਗੂਆਂ ਵਲੋਂ ਕੀਤੀ ਜਾ ਰਹੀ ਬਿਨਾਂ ਸਿਰ-ਪੈਰ ਦੀ ਬਿਆਨਬਾਜ਼ੀ ਵੀ ਉਨ੍ਹਾਂ ਦੀ ਜ਼ਹਿਨੀ-ਬੁਖਲਾਹਟ ਦਾ ਨਤੀਜਾ ਹੈ।
border
ਸੱਤਾਧਾਰੀ ਧਿਰ ਨੇ ਕਿਸਾਨੀ ਸੰਘਰਸ਼ ਨੂੰ ਬੇਅਸਰ ਕਰਨ ਲਈ ਸਾਰੇ ਹੱਥਕੰਡੇ ਅਪਨਾ ਲਏ ਹਨ ਪਰ ਕੋਈ ਵੀ ਹਥਿਆਰ ਕਾਰਗਰ ਸਾਬਤ ਨਹੀਂ ਹੋਇਆ। ਪੁਲਿਸ ਜ਼ਬਰ ਤੋਂ ਲੈ ਕੇ ਵੱਡੀਆਂ ਰੋਕਾਂ ਅਤੇ ਤੋਹਮਤਬਾਜ਼ੀਆਂ ਦਾ ਦੌਰ ਵੀ ਕਿਸਾਨਾਂ ਦਾ ਕੁੱਝ ਨਹੀਂ ਵਿਗਾੜ ਸਕਿਆ। ਸੱਤਾਧਾਰੀ ਧਿਰ ਜਿਹੜਾਂ ਨਵਾਂ ਪੈਂਤੜਾ ਅਜਮਾਉਂਦੀ ਹੈ, ਉਹ ਪੁੱਠਾ ਪੈ ਜਾਂਦਾ ਹੈ। ਬੀਤੇ ਕੱਲ੍ਹ ਭਾਜਪਾ ਨੇ ਐਸ.ਵਾਈ.ਐਲ. ਦਾ ਮੁੱਦਾ ਉਭਾਰਨ ਦੀ ਕੋਸ਼ਿਸ਼ ਕੀਤੀ ਜੋ ਸਫ਼ਲ ਨਹੀਂ ਹੋਈ। ਇਸ ਨੂੰ ਲੈ ਕੇ ਕੀਤੀ ਭੁੱਖ ਹੜਤਾਲ ਸਿਆਸਤਦਾਨਾਂ ਨੂੰ ਕਿਸਾਨੀ ਰੌਅ ਕਾਰਨ ਅਧਵਾਟੇ ਛੱਡ ਭੱਜਣਾ ਪਿਆ ਹੈ।
chila border
ਕਿਸਾਨੀ ਘੋਲ ਨੂੰ ਸਿਆਸੀ ਚਾਲਾਂ ਤਹਿਤ ਕੁੱਝ ਘੰਟੇ ਦੀ ਮਾਰ ਸਮਝਣ ਵਾਲੇ ਸਿਆਸਤਦਾਨਾਂ ਅੱਜ ਹੱਥ ਦੀਆਂ ਦਿਤੀਆਂ ਮੂੰਹ ਨਾਲ ਖੋਲ੍ਹਣ ਲਈ ਮਜ਼ਬੂਰ ਹਨ। ਅਪਣੇ ਦਰਾਂ ਮੂਹਰੇ ਬੈਠੇ ਲੱਖਾਂ ਕਿਸਾਨਾਂ ਨੂੰ ਅਣਗੌਲਿਆ ਕਰ ਦੂਰ-ਦਰਾਜ ਜਾ ਕੇ ਕਿਸਾਨਾਂ ਨਾਲ ਸੰਵਾਦ ਰਚਾਉਣ ਦੀ ਖੇਡ ਵੀ ਪ੍ਰਧਾਨ ਮੰਤਰੀ ਨੂੰ ਕੋਈ ਬਹੁਤਾ ਫ਼ਾਇਦਾ ਨਹੀਂ ਪਹੁੰਚਾ ਸਕੀ। ਸੰਘਰਸ਼ ਕਰ ਰਹੇ ਕਿਸਾਨਾਂ ਦੇ ਬਰਾਬਰ ਮੱਧ ਪ੍ਰਦੇਸ਼ ਦੇ ਕਿਸਾਨਾਂ ਨੂੰ ਸੰਬੋਧਨ ਕਰ ਕੇ ਲਹਿਰ ਖੜ੍ਹੀ ਕਰਨ ਦਾ ਯਤਨ ਅਸਫ਼ਲ ਹੋਣ ਬਾਅਦ ਪ੍ਰਧਾਨ ਮੰਤਰੀ ਸਿੱਖਾਂ ਨੂੰ ਕੀਤੇ ਅਹਿਸਾਨ ਯਾਦ ਕਰਵਾਉਣ ਦੇ ਰਾਹ ਪੈ ਗਏ ਹਨ।
PM Modi
ਪ੍ਰਧਾਨ ਮੰਤਰੀ ਅੱਜ ਦਿੱਲੀ ਵਿਖੇ ਇਕ ਗੁਰਦੁਆਰਾ ਸਾਹਿਬ ਵਿਖੇ ਨਤਮਸਤਕ ਹੋਣ ਪਹੁੰਚੇ। ਗੁਰਦੁਆਰੇ ਮੱਥਾ ਟੇਕਣ ਆਉਣ ਅਤੇ ਸਿੱਖਾਂ ’ਤੇ ਕੀਤੇ ਅਹਿਸਾਨਾਂ ਦੇ ਪ੍ਰਚਾਰ ਨੂੰ ਸਿੱਖਾਂ ਨੂੰ ਭਾਵਨਾਤਮਿਕ ਤੌਰ ’ਤੇ ਅਪਣੇ ਨਾਲ ਜੋੜਣ ਦੀ ਰਣਨੀਤੀ ਵਜੋਂ ਵੇਖਿਆ ਜਾ ਰਿਹਾ ਹੈ। ਖੇਤੀ ਬਿੱਲਾਂ ਦੇ ਹੱਕ ਵਿਚ ਸ਼ੁਰੂ ਕੀਤੀ ਲਹਿਰ ਨੂੁੰ ਚੱਲਦਾ ਰੱਖਣ ਲਈ ਵੀ ਭਾਜਪਾ ਨੂੰ ਪਸੀਨਾ ਵਹਾਉਣਾ ਪੈ ਰਿਹਾ ਹੈ। ਖੇਤੀ ਕਾਨੂੰਨਾਂ ਦੇ ਹੱਕ ’ਚ ਨਿਤਰਨ ਵਾਲੇ ਕਿਸਾਨਾਂ ਨੂੰ ਸਮਾਜਿਕ ਬਾਈਕਾਟ ਦਾ ਡਰ ਸਤਾਉਣ ਲੱਗਾ ਹੈ।
BJP Leaders
ਕਿਸਾਨ ਜਥੇਬੰਦੀਆਂ ਸਰਕਾਰ ਨੂੰ ਉਸੇ ਦੀ ਤਰ੍ਹਾਂ ਭਾਸ਼ਾ ਵਿਚ ਜਵਾਬ ਦੇਣ ਲਈ ਸਰਗਰਮ ਹਨ। ਭਾਜਪਾ ਦੇ ਆਈ. ਟੀ. ਸੈਲ ਵਲੋਂ ਪ੍ਰਚਾਰ ਦੀ ਵਿੱਢੀ ਮੁਹਿੰਮ ਦੇ ਟਾਕਰੇ ਲਈ ਕਿਸਾਨਾਂ ਨੇ ਅਪਣਾ ਆਈ.ਟੀ. ਸੈਲ ਸਥਾਪਤ ਕਰ ਕੇ ਕਿਸਾਨ ਏਕਤਾ ਮੋਰਚਾ ਚੈਨਲ ਵੀ ਸ਼ੁਰੂ ਕਰ ਦਿਤਾ ਹੈ, ਜੋ ਕੁੱਝ ਘੰਟਿਆਂ ਵਿਚ ਹੀ ਲੱਖਾਂ ਲੋਕਾਂ ਤਕ ਪਹੁੰਚਣ ’ਚ ਸਫ਼ਲ ਰਿਹਾ ਹੈ। ਇਸੇ ਤਰ੍ਹਾਂ ਕਿਸਾਨੀ ਸੰਘਰਸ਼ ਨਾਲ ਜੁੜੇ ਕੁੱਝ ਅਗਾਂਹਵਧੂ ਨੌਜਵਾਨਾਂ ਨੇ ‘ਟਰਾਲੀ ਟਾਇਮਜ਼’ ਅਖਬਾਰ ਕੱਢ ਕੇ ਕਿਸਾਨੀ ਸੰਘਰਸ਼ ਨੂੰ ਇਸ ਸਦੀ ਦਾ ਸਭ ਤੋਂ ਅਗਾਂਹਵਧੂ ਅਤੇ ਤੇਜ਼ ਤਰਾਰ ਘੋਲ ਦੀ ਕਤਾਰ ’ਚ ਲਿਆ ਖੜ੍ਹਾ ਕੀਤਾ ਹੈ।
BJP to organise press conferences and 'chaupals' in all districts
ਸੱਤਾਧਾਰੀ ਧਿਰ ਨੇ ਸਥਾਨਕ ਲੋਕਾਂ ਨੂੰ ਹੋ ਰਹੀਆਂ ਸਮੱਸਿਆਵਾਂ ਦਾ ਹਵਾਲਾ ਦਿੰਦਿਆਂ ਉੱਚ ਅਦਾਲਤ ਤੋਂ ਕਿਸਾਨਾਂ ਦਾ ਧਰਨਾ ਚੁਕਵਾਉਣ ਦੀ ਕੋਸ਼ਿਸ਼ ਕੀਤੀ ਜੋ ਅਦਾਲਤ ਨੇ ਨਹੀਂ ਮੰਨੀ। ਦੂਜੇ ਪਾਸੇ ਸਥਾਨਕ ਲੋਕਾਂ ਨੂੰ ਕਿਸਾਨੀ ਧਰਨਾ ‘ਘਰ ’ਚ ਆਈ ਗੰਗਾ’ ਵਾਂਗ ਲੱਗ ਰਿਹਾ ਹੈ। ਅੱਜ ਵੱਡੀ ਗਿਣਤੀ ਸਥਾਨਕ ਲੋਕ ਕਿਸਾਨਾਂ ਦੀ ਸਹੂਲਤ ਲਈ ਉਪਲਬਧ ਸਾਰੀਆਂ ਸੇਵਾਵਾਂ ਦਾ ਬਿਨਾਂ ਕਿਸੇ ਵਿਤਕਰੇ ਦੇ ਲਾਭ ਉਠਾ ਰਹੇ ਹਨ। ਕਿਸਾਨਾਂ ਲਈ ਲਾਏ ਜਾ ਰਹੇ ਮੁਫ਼ਤ ਸਿਹਤ ਜਾਂਚ ਕੈਂਪਾਂ ’ਚ ਨੇੜਲੇ ਇਲਾਕਿਆਂ ਦੇ ਲੋਕ ਵੀ ਸ਼ਮੂਲੀਅਤ ਕਰ ਰਹੇ ਹਨ।
Singhu border
ਅੱਜ ਸਥਾਨਕ ਲੋਕਾਂ ਦਾ ਹਰ ਵਰਗ ਕਿਸਾਨਾਂ ਨਾਲ ਰਚਮਿਚ ਚੁਕਿਆ ਹੈ। ਸਥਾਨਕ ਲੋਕਾਂ ਦੇ ਬੱਚੇ ਸੰਘਰਸ਼ੀ ਸਥਾਨ ’ਤੇ ਵਿਦਿਆ ਗ੍ਰਹਿਣ ਕਰ ਰਹੇ ਹਨ। ਧਰਨਾ ਸਥਾਨਾਂ ’ਤੇ ਸਥਾਨਕ ਲੋਕਾਂ ਦੇ ਬੱਚਿਆਂ ਨੂੰ ਪੜ੍ਹਾਉਣ ਦਾ ਕਾਰਜ ਚੱਲ ਰਿਹਾ ਹੈ। ਇਨ੍ਹਾਂ ਥਾਵਾਂ ’ਤੇ ਵੱਡੀ ਗਿਣਤੀ ਬੱਚੇ ਪੜ੍ਹਨ ਲਿਖਣ ਲਈ ਪਹੁੰਚ ਰਹੇ ਹਨ। ਧਰਨੇ ’ਚ ਸ਼ਾਮਲ ਲੋਕਾਂ ਮੁਤਾਬਕ ਇਨ੍ਹਾਂ ਬੱਚਿਆਂ ਲਈ ਸਮਾਂ ਭਾਵੇਂ 11 ਤੋਂ 2 ਵਜੇ ਤਕ ਦਾ ਰਖਿਆ ਗਿਆ ਹੈ ਪਰ ਇਹ 9 ਵਜੇ ਹੀ ਘਰਾਂ ਤੋਂ ਆ ਜਾਂਦੇ ਹਨ ਅਤੇ 2 ਵਜੇ ਤੋਂ ਬਾਅਦ ਵੀ ਇਨ੍ਹਾਂ ਨੂੰ ਜ਼ੋਰ ਪਾ ਕੇ ਘਰਾਂ ਨੂੰ ਤੋਰਿਆ ਜਾਂਦਾ ਹੈ।