
ਸੁਖਵਿੰਦਰ ਸਿੰਘ ਸਿੱਧੂ, ਗੁਰਲਾਭ ਸਿੰਘ ਅਤੇ ਨਵਜੋਤ ਸਿੰਘ ਧਾਲੀਵਾਲ ਦੀ ਭਾਲ ਲਈ ਕੀਤੀ ਜਾ ਰਹੀ ਛਾਪੇਮਾਰੀ
ਮੁਹਾਲੀ: ਸ਼ਹੀਦ ਊਧਮ ਸਿੰਘ ਗਰੁੱਪ ਆਫ ਇੰਸਟੀਚਿਊਟ ਦੇ ਪ੍ਰਬੰਧਕਾਂ ਅਤੇ ਦੇਸ਼ ਭਗਤ ਮੈਮੋਰੀਅਲ ਐਜੂਕੇਸ਼ਨ ਟਰੱਸਟ (ਤੰਗੌਰੀ) ਜ਼ਿਲ੍ਹਾ ਮੁਹਾਲੀ ਦੇ ਨਾਲ ਤਿੰਨ ਜਣਿਆਂ ਵੱਲੋਂ 17 ਕਰੋੜ ਰੁਪਏ ਦੀ ਮਾਰੀ ਗਈ ਠੱਗੀ ਸੰਬੰਧੀ ਥਾਣਾ ਸੋਹਾਣਾ ਦੀ ਪੁਲਿਸ ਵਲੋਂ ਐਫਆਈਆਰ ਦਰਜ ਕੀਤੀ ਗਈ ਹੈ।
ਜ਼ਿਕਰਯੋਗ ਹੈ ਕਿ ਦੇਸ਼ ਭਗਤ ਮੈਮੋਰੀਅਲ ਐਜੂਕੇਸ਼ਨ ਟਰੱਸਟ (ਤੰਗੌਰੀ) ਅਤੇ ਐਸਯੂਐਸ ਗਰੁੱਪ ਤੰਗੋਰੀ ਦੇ ਨਾਲ ਕੀਤੀ ਗਈ ਇਸ ਠੱਗੀ ਦੀ ਪੁਲਿਸ ਵਲੋਂ ਜਦੋਂ ਪੜਤਾਲ ਕੀਤੀ ਗਈ ਤਾਂ ਸਾਹਮਣੇ ਆਇਆ ਕਿ ਇਨਕਮ ਟੈਕਸ ਦੀ ਰਿਪੋਰਟ ਜੋ ਕਿ 31 ਮਾਰਚ 2022 ਨੂੰ ਆਈ ਸੀ, ਮੁਤਾਬਕ ਉਕਤ ਤਿੰਨਾਂ ਮੈਂਬਰਾਂ ਨੇ ਯੂਨੀਵਰਸਲ ਐਜੂਕੇਸ਼ਨ ਸੁਸਾਇਟੀ ਤੋਂ ਪ੍ਰਾਪਤ ਕੀਤੇ 17 ਕਰੋੜ ਰੁਪਏ ਟਰੱਸਟ ਦੇ ਖਾਤੇ ਵਿਚ ਜਮ੍ਹਾਂ ਨਹੀਂ ਕਰਵਾਏ। ਉਕਤ ਤਿੰਨਾਂ ਮੈਂਬਰਾਂ ਨੇ ਸੋਚੀ ਸਮਝੀ ਸਾਜਿਸ਼ ਦੇ ਤਹਿਤ ਟਰੱਸਟ ਦੇ ਨਾਲ ਧੋਖਾਧੜੀ ਕੀਤੀ ਹੈ। ਇਸ ਮਾਮਲੇ ਦੀ ਪੜਤਾਲ ਤੋਂ ਬਾਅਦ ਉਕਤ ਮਾਮਲੇ 'ਚ ਐਫਆਈਆਰ ਦਰਜ ਕੀਤੀ ਗਈ।
ਤਿੰਨਾਂ ਪ੍ਰਬੰਧਕਾਂ ਦੀ ਪਛਾਣ ਸੁਖਵਿੰਦਰ ਸਿੰਘ ਸਿੱਧੂ ਵਾਸੀ ਫੇਜ਼-3ਬੀ2 , ਮੁਹਾਲੀ, ਗੁਰਲਾਭ ਸਿੰਘ ਵਾਸੀ ਫੇਜ਼-3ਬੀ2 ਮੁਹਾਲੀ ਅਤੇ ਨਵਜੋਤ ਸਿੰਘ ਵਾਸੀ ਫੇਜ਼-4 ਮੁਹਾਲੀ ਵਜੋਂ ਹੋਈ ਹੈ। ਇਸ ਸੰਬੰਧੀ ਜਸਪਾਲ ਸਿੰਘ ਅਤੇ ਹੋਰਨਾਂ ਨੇ ਡੀਜੀਪੀ ਪੰਜਾਬ ਨੂੰ ਦਿੱਤੀ ਸ਼ਿਕਾਇਤ ਦਿੱਤੀ ਸੀ। ਡੀਐਸਪੀ ਹਰਸਿਮਰਤ ਸਿੰਘ ਬੱਲ ਨੇ ਦੱਸਿਆ ਕਿ ਦੇਸ਼ ਭਗਤ ਮੈਮੋਰੀਅਲ ਐਜੂਕੇਸ਼ਨ ਟਰੱਸਟ ਦੇ ਤਿੰਨ ਮੈਂਬਰਾਂ ਵੱਲੋਂ ਟਰੱਸਟ ਦੇ ਨਾਲ 17 ਕਰੋੜ ਰੁਪਏ ਧੋਖਾਧੜੀ ਸਾਹਮਣੇ ਆਈ ਹੈ ਅਤੇ ਉਕਤ ਤਿੰਨਾਂ ਮੁਲਜ਼ਮਾਂ ਦੀ ਗ੍ਰਿਫ਼ਤਾਰੀ ਲਈ ਛਾਪੇਮਾਰੀ ਕੀਤੀ ਜਾ ਰਹੀ ਹੈ।
ਜਸਪਾਲ ਸਿੰਘ ਦੇ ਮੁਤਾਬਕ ਇਹ 17 ਕਰੋੜ ਦੀ ਠੱਗੀ ਨਿੱਜੀ ਸਵਾਰਥਾਂ ਲਈ ਮਾਰੀ ਗਈ ਹੈ ਜਦਕਿ ਸੂਤਰਾਂ ਤੋਂ ਪ੍ਰਾਪਤ ਜਾਣਕਾਰੀ ਅਨੁਸਾਰ ਇਸ ਵੱਡੀ ਠੱਗੀ ਦੇ ਨਾਲ ਸੁਖਵਿੰਦਰ ਸਿੰਘ ਸਿੱਧੂ, ਗੁਰਲਾਭ ਸਿੰਘ ਅਤੇ ਨਵਜੋਤ ਸਿੰਘ ਧਾਲੀਵਾਲ ਨੇ ਵਿਦੇਸ਼ਾਂ ਵਿਚ ਬੇਨਾਮੀ ਜਾਇਦਾਦਾਂ ਬਣਾਈਆਂ। ਜਸਪਾਲ ਸਿੰਘ ਨੇ ਕਿਹਾ ਕਿ ਉਹ ਮਾਰਚ 2022 ਵਿਚ ਇਸ ਸੰਸਥਾ ਨਾਲ ਜੁੜੇ ਸਨ ਅਤੇ ਅਪ੍ਰੈਲ 2022 ਵਿਚ ਉਹਨਾਂ ਨੂੰ 17 ਕਰੋੜ ਰੁਪਏ ਦੀ ਇਸ ਠੱਗੀ ਬਾਰੇ ਪਤਾ ਲੱਗਿਆ। ਇਹਨਾਂ ਤਿੰਨਾਂ ਮੁਲਜ਼ਮਾਂ ਨੇ ਚਾਰ- ਚਾਰ ਕਰੋੜ ਰੁਪਏ ਆਪਣੇ ਨਿੱਜੀ ਖਾਤਿਆਂ ਵਿਚ ਜਮ੍ਹਾਂ ਕਰਵਾਏ ਅਤੇ 5 ਕਰੋੜ 80 ਲੱਖ ਰੁਪਏ ਦੀ ਇਕ ਬੋਗਸ ਬਿਲਿੰਗ ਤਿਆਰ ਕਰਕੇ ਪੈਸੇ ਆਪਣੇ ਨਿੱਜੀ ਕੰਮਾਂ ਲਈ ਵਰਤ ਲਏ। ਪੁਲਿਸ ਵੱਲੋਂ ਮੁਲਜ਼ਮਾਂ ਦੀ ਭਾਲ ਲਈ ਛਾਪੇਮਾਰੀ ਕੀਤੀ ਜਾ ਰਹੀ ਹੈ।