
ਦਿਆਲਨ ਨੇ ਦੱਸਿਆ ਕਿ ਘਰ-ਘਰ ਜਾ ਕੇ ਕੋਵਿਡ ਦੇ ਟੀਕੇ ਲਗਾਉਣ ਲਈ ਸਬ-ਡਵੀਜ਼ਨ ਪੱਧਰ 'ਤੇ ਟੀਕਾਕਰਨ ਟੀਮਾਂ ਵਾਲੀਆਂ ਐਂਬੂਲੈਂਸਾਂ ਤਾਇਨਾਤ ਕੀਤੀਆਂ ਜਾ ਰਹੀਆਂ ਹਨ
ਮੋਹਾਲੀ-ਆਪਣੀ ਕਿਸਮ ਦੀ ਇਕ ਪਹਿਲਕਦਮੀ 'ਚ, ਜ਼ਿਲ੍ਹਾ ਪ੍ਰਸ਼ਾਸਨ ਐੱਸ.ਏ.ਐੱਸ. ਨਗਰ ਵੱਲੋਂ ਬਜ਼ੁਰਗ, ਕਮਜ਼ੋਰ, ਦਿਵਿਆਂਗ ਅਤੇ ਅਪਾਹਜ ਵਿਅਕਤੀਆਂ ਲਈ ਹੋਮ-ਵੈਕਸੀਨੇਸ਼ਨ ਦੀ ਸ਼ੁਰੂਆਤ ਕੀਤੀ ਗਈ ਹੈ ਜਿਸ ਨਾਲ ਜ਼ਿਲ੍ਹਾ ਐੱਸ.ਏ.ਐੱਸ. ਨਗਰ ਜ਼ਰੂਰਤ ਦੇ ਆਧਾਰ ਦੇ ਘਰ-ਘਰ ਜਾ ਕੇ ਟੀਕਾਕਰਨ ਕਰਨ ਵਾਲਾ ਦੇਸ਼ ਦਾ ਪਹਿਲਾ ਜ਼ਿਲ੍ਹਾ ਬਣ ਗਿਆ ਹੈ। ਡਿਪਟੀ ਕਮਿਸ਼ਨਰ ਗਿਰੀਸ਼ ਦਿਆਲਨ ਨੇ ਦੱਸਿਆ ਕਿ ਘਰ-ਘਰ ਜਾ ਕੇ ਕੋਵਿਡ ਦੇ ਟੀਕੇ ਲਗਾਉਣ ਲਈ ਸਬ-ਡਵੀਜ਼ਨ ਪੱਧਰ 'ਤੇ ਟੀਕਾਕਰਨ ਟੀਮਾਂ ਵਾਲੀਆਂ ਐਂਬੂਲੈਂਸਾਂ ਤਾਇਨਾਤ ਕੀਤੀਆਂ ਜਾ ਰਹੀਆਂ ਹਨ।
corona vaccination
ਦਿਆਲਨ ਨੇ ਦੱਸਿਆ ਕਿ ਘਰ 'ਚ ਟੀਕਾਕਰਨ ਸਹੂਲਤ ਦਾ ਲਾਭ ਲੈਣ ਲਈ, ਟੀਕਾ ਲਗਵਾਉਣ ਵਾਲੇ ਬਜ਼ੁਰਗ ਵਿਅਕਤੀਆਂ ਦੇ ਵੇਰਵੇ ਅਤੇ ਪਤਾ ਗੂਗਲ-ਸ਼ੀਟ 'ਚ ਭਰਕੇ ਰਜਿਸਟ੍ਰੇਸ਼ਨ ਕਰਵਾਉਣੀ ਪੈਂਦੀ ਹੈ। ਪਰ, ਇਹ ਲਾਜ਼ਮੀ ਹੈ ਕਿ ਇਕ ਨਿਸ਼ਚਤ ਸਮੇਂ 'ਤੇ ਉਸੇ ਖੇਤਰ 'ਚ ਘੱਟੋ ਘੱਟ ਦਸ ਲੋਕਾਂ ਦਾ ਇਕ ਸਮੂਹ ਹੋਵੇ ਜਿਸ ਨੂੰ ਕੋਵਿਡ-19 ਦਾ ਟੀਕਾ ਲਗਾਇਆ ਜਾਣਾ ਹੈ। ਉਨ੍ਹਾਂ ਅੱਗੇ ਕਿਹਾ ਕਿ ਘੱਟੋ ਘੱਟ ਦਸ ਵਿਅਕਤੀਆਂ ਦੀ ਪੂਰਵ-ਸ਼ਰਤ ਟੀਕੇ ਦੀ ਬਰਬਾਦੀ ਤੋਂ ਬਚਾਅ ਲਈ ਨਿਰਧਾਰਤ ਕੀਤੀ ਗਈ ਹੈ ਕਿਉਂਕਿ ਟੀਕੇ ਦੀ ਇਕ ਸ਼ੀਸੀ 'ਚ 10 ਖੁਰਾਕਾਂ ਹੁੰਦੀਆਂ ਹਨ ਅਤੇ ਇਕ ਵਾਰ ਖੁੱਲ੍ਹ ਜਾਣ 'ਤੇ ਬਾਅਦ 'ਚ ਇਸ ਦੀ ਵਰਤੋਂ ਨਹੀਂ ਕੀਤੀ ਜਾ ਸਕਦੀ। ਇਸੇ ਤਰ੍ਹਾਂ ਘਰ-ਘਰ ਜਾ ਕੇ ਟੀਕਾਕਰਨ ਦੀ ਸਹੂਲਤ ਮਹਿਲਾਵਾਂ ਨੂੰ ਵੀ ਦਿੱਤੀ ਜਾ ਰਹੀ ਹੈ ਅਤੇ 10 ਮਹਿਲਾਵਾਂ ਦੇ ਸਮੂਹ ਨੂੰ ਇਹ ਸਹੂਲਤ ਦਿੱਤੀ ਜਾ ਸਕਦੀ ਹੈ।
Coronavirus
ਹਾਲਾਂਕਿ ਸਾਡੀ ਮੁੱਖ ਤਰਜੀਹ ਬਜ਼ੁਰਗ ਅਤੇ ਅਪਾਹਜ ਵਿਅਕਤੀਆਂ ਨੂੰ ਟੀਕਾ ਲਗਵਾਉਣਾ ਹੈ ਪਰ ਲੋਕਾਂ ਦੀ ਸੌਖ ਲਈ ਜੇਕਰ ਕੋਈ ਰੈਜ਼ੀਡੈਂਟਸ ਵੈਲਫੇਅਰ ਐਸੋਸੀਏਸ਼ਨ (ਆਰ.ਡਬਲਯੂ.ਏ) ਘਰ/ ਬਿਲਡਿੰਗ 'ਚ ਟੀਕਾਕਰਨ ਦੀ ਮੰਗ ਕਰਦੀ ਹੈ ਪਰ ਬਜ਼ੁਰਗ ਨਾਗਰਿਕਾਂ ਦੀ ਗਿਣਤੀ ਕਾਫ਼ੀ ਨਹੀਂ ਹੈ ਤਾਂ ਇਸ ਸ਼ਰਤ 'ਤੇ ਇਹ ਸਹੂਲਤ ਪ੍ਰਦਾਨ ਕੀਤੀ ਜਾਏਗੀ ਕਿ ਟੀਕਾਕਰਣ ਕੀਤੇ ਜਾਣ ਵਾਲੇ ਕੁੱਲ ਵਿਅਕਤੀਆਂ ਦਾ ਘੱਟੋ ਘੱਟ ਅੱਧਾ ਹਿੱਸਾ ਬਜ਼ੁਰਗ (60 ਸਾਲ ਤੋਂ ਵੱਧ ਉਮਰ), ਕਮਜ਼ੋਰ, ਦਿਵਿਆਂਗ ਜਾਂ ਅਪਾਹਜ ਵਿਅਕਤੀ ਹੋਣ ਅਤੇ ਬਾਕੀ 18 ਸਾਲ ਤੋਂ ਵੱਧ ਉਮਰ ਦੇ ਕੋਈ ਵੀ ਵਿਅਕਤੀ ਹੋ ਸਕਦੇ ਹਨ। ਘਰ-ਘਰ ਜਾ ਕੇ ਟੀਕਾਕਰਣ ਦੀ ਸਹੂਲਤ ਸੰਸਥਾਵਾਂ, ਐਸੋਸੀਏਸ਼ਨਾਂ, ਐਨ.ਜੀ.ਓਜ਼, ਆਰ.ਡਬਲਯੂ.ਏਜ ਜਾਂ ਵਲੰਟੀਅਰਾਂ ਨੂੰ ਵੀ ਦਿੱਤੀ ਜਾ ਰਹੀ ਹੈ ਜੇਕਰ ਉਹ ਕਿਸੇ ਨਿਸ਼ਚਤ ਸਮੇਂ ਇਕ ਨਿਰਧਾਰਤ ਸਥਾਨ 'ਤੇ ਤੀਹ ਤੋਂ ਵੱਧ ਵਿਅਕਤੀਆਂ ਦਾ ਟੀਕਾਕਰਣ ਕਰਨਾ ਚਾਹੁੰਦੇ ਹਨ, ਭਾਵੇਂ ਉਨ੍ਹਾਂ 'ਚ ਬਜ਼ੁਰਗ ਜਾਂ ਬੀਮਾਰ ਨਾ ਹੋਣ।
Coronavirus
ਇਸ ਲਈ ਘਰ ਘਰ ਜਾ ਕੇ ਟੀਕਾਕਰਨ ਸਹੂਲਤ ਲਈ ਕਿਸੇ ਨਿਰਧਾਰਤ ਇਕ ਸਥਾਨ 'ਤੇ ਟੀਕਾ ਲਗਵਾਉਣ ਵਾਲੇ ਵਿਅਕਤੀਆਂ ਦੀ ਘੱਟੋ-ਘੱਟ ਗਿਣਤੀ 30 ਹੈ।
ਟੀਕਾਕਰਨ ਲਈ ਰਜਿਸਟ੍ਰੇਸ਼ਨ ਕਰਵਾਉਣ ਲਈ ਟੀਕਾ ਲਗਵਾਉਣ ਵਾਲੇ ਵਿਅਕਤੀਆਂ ਦੀ ਗਿਣਤੀ, ਸਥਾਨ ਅਤੇ ਸੰਪਰਕ ਵਿਅਕਤੀ ਦਾ ਨੰਬਰ ਭਰਨਾ ਪਵੇਗਾ ਅਤੇ ਟੀਕਾਕਰਣ ਟੀਮ 24 ਤੋਂ 48 ਘੰਟਿਆਂ ਦੇ ਅੰਦਰ ਉਨ੍ਹਾਂ ਕੋਲ ਪਹੁੰਚ ਜਾਵੇਗੀ ਅਤੇ ਕਿਸੇ ਬੁਰੇ ਪ੍ਰਭਾਵ ਦੇ ਨਿਰੀਖਣ ਲਈ ਟੀਕਾਕਰਨ ਤੋਂ ਬਾਅਦ 30 ਮਿੰਟ ਉਡੀਕ ਕਰੇਗੀ। ਦਿਆਲਨ ਨੇ ਕਿਹਾ ਕਿ ਟੀਕਾ ਲਗਵਾਉਣ ਵਾਲੇ ਹਰੇਕ ਵਿਅਕਤੀ ਨੂੰ ਟੀਕਾਕਰਣ ਸਮੇਂ ਆਪਣਾ ਨਾਮ, ਜਨਮ ਮਿਤੀ, ਆਈ.ਡੀ. ਟਾਈਪ / ਨੰਬਰ ਪਰਫਾਰਮੇ 'ਚ ਭਰਨਾ ਪੈਂਦਾ ਹੈ ਇਸ ਲਈ ਸਮੇਂ ਦੀ ਬਚਤ ਕਰਨ ਲਈ ਸਬੰਧਤ ਡੇਟਾ ਨੂੰ ਆਪਣੇ ਕੋਲ ਰੱਖਣਾ ਚਾਹੀਦਾ ਹੈ।