
ਪੰਜਾਬ ਭਾਰਤੀ ਜਨਤਾ ਪਾਰਟੀ (ਭਾਜਪਾ) ਵਿਚ ਅੰਦਰ ਖਾਤੇ 'ਕਲੇਸ਼' ਲਗਾਤਾਰ ਵੱਧਦਾ ਜਾ ਰਿਹਾ ਹੈ। ਪੰਜਾਬ ਭਾਜਪਾ ਦੀ ਅੰਦਰੂਨੀ ਖਹਿਬਾਜ਼ੀ ਦੀ ਗੱਲ ਕਰੀਏ.........
ਚੰਡੀਗੜ੍ਹ : ਪੰਜਾਬ ਭਾਰਤੀ ਜਨਤਾ ਪਾਰਟੀ (ਭਾਜਪਾ) ਵਿਚ ਅੰਦਰ ਖਾਤੇ 'ਕਲੇਸ਼' ਲਗਾਤਾਰ ਵੱਧਦਾ ਜਾ ਰਿਹਾ ਹੈ। ਪੰਜਾਬ ਭਾਜਪਾ ਦੀ ਅੰਦਰੂਨੀ ਖਹਿਬਾਜ਼ੀ ਦੀ ਗੱਲ ਕਰੀਏ ਜਾਂ ਸ਼੍ਰੋਮਣੀ ਅਕਾਲੀ ਦਲ ਨਾਲ ਰਲ ਕੇ ਚੱਲਣ ਦੀ, ਪਹਿਲੀ ਕਤਾਰ ਦੇ ਆਗੂ ਦੋਵੇਂ ਧਿਰਾਂ ਨਾਲ ਖ਼ੁਸ਼ ਹਨ। ਪਾਰਟੀ ਹਾਈਕਮਾਂਡ ਕੋਲ ਅੰਦਰੂਨੀ ਕਲੇਸ਼ ਅਤੇ ਅਕਾਲੀ ਦਲ ਨਾਲ ਤੜਿਕ ਹੋਣ ਦੀਆਂ ਕਨਸੋਆਂ ਕੰਨੀ ਪੈਂਦੀਆਂ ਹੀ ਕੌਮੀ ਪ੍ਰਧਾਨ ਅਮਿਤ ਸ਼ਾਹ ਨੇ ਆਗੂਆਂ ਦੀ ਰਲ ਕੇ ਚੱਲਣ ਦੀ ਖੁੰਬ ਠੱਪ ਦਿਤੀ ਹੈ।
ਸ਼ਵੇਤ ਮਲਿਕ ਨੂੰ ਪੰਜਾਬ ਭਾਜਪਾ ਦਾ ਨਵਾਂ ਪ੍ਰਧਾਨ ਬਣਾਏ ਜਾਣ ਤੋਂ ਬਾਅਦ ਸੂਬਾ ਇਕਾਈ ਵਿਚ ਦੂਰੀ ਹੋਰ ਵੱਧ ਗਈ ਹੈ।
ਸਾਬਕਾ ਪ੍ਰਧਾਨ ਵਿਜੈ ਸਾਂਪਲਾ ਗਰੁਪ ਨਵੇਂ ਪ੍ਰਧਾਨ ਦੀ ਅਗਵਾਈ ਮਨਜ਼ੂਰ ਕਰਨ ਦੀ ਥਾਂ ਨਿਤ ਨੀਵੀਆਂ ਦਿੱਕਤਾਂ ਖੜਾ ਕਰਨ ਲੱਗਾ ਹੈ। ਸ਼ਵੇਤ ਮਲਿਕ ਅਹੁਦਾ ਸੰਭਾਲਣ ਦੇ ਤਿੰਨ ਮਹੀਨੇ ਬਾਅਦ ਵੀ ਹਾਲੇ ਤਕ ਪਾਰਟੀ ਦੀ ਬਿਖਰੀ ਤੰਦ ਨੂੰ ਮੁੜ ਤੋਂ ਜੋੜਨ ਵਿਚ ਸਫ਼ਲ ਨਹੀਂ ਹੋ ਰਹੇ ਹਨ। ਉਨ੍ਹਾਂ ਵਿਰੁਧ ਵਿਦਰੋਹ ਅਪਣੇ ਘਰੋਂ ਹੀ ਉਠਣ ਲੱਗਾ ਹੈ ਅਤੇ ਜ਼ਿਲ੍ਹਾ ਅੰਮ੍ਰਿਤਸਰ ਇਕਾਈ ਦੇ ਪ੍ਰਧਾਨ ਸਮੇਤ ਦੂਜੇ ਅਹੁਦੇਦਾਰਾਂ ਨੇ ਅਸਤੀਫ਼ਾ ਦੇ ਦਿਤਾ ਹੈ। ਇਸ ਤੋਂ ਪਹਿਲਾਂ ਕੇਂਦਰੀ ਮੰਤਰੀ ਸਾਂਪਲਾ ਦੇ ਪ੍ਰਧਾਨ ਹੁੰਦਿਆਂ ਵੀ ਵਿਰੋਧੀ ਧਿਰ ਨੇ ਉਸ ਨੂੰ ਠਿੱਭੀ ਲਾਉਣ ਵਿਚ ਕੋਈ ਕਸਰ ਨਹੀਂ ਛੱਡੀ ਸੀ।
ਇਹੋ ਵਜ੍ਹਾ ਹੈ ਕਿ ਪੰਜਾਬ ਭਾਜਪਾ ਹਾਸ਼ੀਏ ਤੋਂ ਬਾਹਰ ਹੋ ਕੇ ਰਹਿ ਗਈ ਹੈ। ਪਾਰਟੀ ਦੇ ਉਚ ਭਰੋਸੇਯੋਗ ਸੂਤਰ ਦੱਸਦੇ ਹਨ ਕਿ ਹਾਈਕਮਾਂਡ ਕੋਲ ਆਪਸੀ ਖਿੱਚੋਤਾਣ ਦੀਆਂ ਨਿਤ ਦਿਨ ਪੁੱਜ ਰਹੀਆਂ ਸ਼ਿਕਾਇਤਾਂ ਦੇ ਚਲਦਿਆਂ ਕੌਮੀ ਪ੍ਰਧਾਨ ਅਮਿਤ ਸ਼ਾਹ ਨੇ ਪੰਜਾਬ ਇਕਾਈ ਦੇ ਨੇਤਾਵਾਂ ਨੂੰ ਘੁਰਿਆ ਹੈ। ਅਮਿਤ ਸ਼ਾਹ ਨੇ ਪੰਜਾਬ ਦੇ ਆਗੂਆਂ ਨੂੰ 2019 ਦੀਆਂ ਵਿਧਾਨ ਸਭਾ ਚੋਣਾਂ ਲਈ ਜੁਟ ਜਾਣ ਲਈ ਹਦਾਇਤ ਕੀਤੀ ਹੈ ਪਰ ਇਥੇ ਸਥਿਤੀ ਇਹ ਹੈ ਕਿ ਭਾਜਪਾ ਦੇ ਹਿੱਸੇ ਦੀਆਂ ਤਿੰਨ ਸੀਟਾਂ ਲਈ ਜੇਤੂ ਉਮੀਦਵਾਰ ਲੱਭਣੇ ਮੁਸ਼ਕਲ ਹੋ ਰਹੇ ਹਨ। ਵਿਜੈ ਸਾਂਪਲਾ ਲੋਕ ਸਭਾ ਹਲਕਾ ਹੁਸ਼ਿਆਰਪੁਰ ਤੋਂ ਦੁਬਾਰਾ ਟਿਕਟ ਮਿਲਣ ਦੀ ਸੰਭਾਵਨਾ ਘੱਟਣ ਲੱਗੀ ਹੈ।
ਪਾਰਟੀ ਇੰਨੀ ਡਰੀ ਹੋਈ ਹੈ ਕਿ ਅੰਮ੍ਰਿਤਸਰ ਦੀ ਸੀਟ ਅਕਾਲੀ ਦਲ ਨਾਲ ਲੁਧਿਆਣਾ ਬਦਲਣ ਬਾਰੇ ਵਿਚਾਰ ਕਰਨ ਲੱਗੀ ਹੈ। ਲੋਕ ਸਭਾ ਹਲਕਾ ਗੁਰਦਾਸਪੁਰ ਦੀ ਸਥਿਤੀ ਵੀ ਇਸ ਤੋਂ ਵਖਰੀ ਨਹੀਂ ਹੈ। ਇਕ ਹੋਰ ਅਹਿਮ ਜਾਣਕਾਰੀ ਤੋਂ ਪਤਾ ਲੱਗਾ ਹੈ ਕਿ ਪੰਜਾਬ ਭਾਜਪਾ ਨੇ ਅਮਿਤ ਸ਼ਾਹ ਦੀ ਚੰਡੀਗੜ੍ਹ ਫੇਰੀ ਅਤੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਮਲੋਟ ਰੈਲੀ ਤੋਂ ਬਾਅਦ ਅਕਾਲੀ ਦਲ ਨਾਲ ਰਲ ਕੇ ਬੀ ਗਰੇਡ ਦੀ ਸਿਆਸਤ ਤੋਂ ਤੌਬਾ ਕੀਤੀ ਹੈ। ਪੰਜਾਬ ਭਾਜਪਾ ਦੇ ਨੇਤਾਵਾਂ ਨੇ ਦਿੱਲੀ ਹਾਈਕਮਾਂਡ ਕੋਲ ਜਾ ਕੇ ਵੀ ਸ਼ਿਕਾਇਤ ਕੀਤੀ ਹੈ ਕਿ ਪੰਜਾਬ ਵਿਚ ਗਠਜੋੜ ਦੀ ਸਰਕਾਰ ਹੁੰਦਿਆਂ ਉਨ੍ਹਾਂ ਨੂੰ ਬੀ ਗਰੇਡ ਦੇ ਸਿਆਸਤਦਾਨ ਮੰਨਿਆ ਜਾਂਦਾ ਰਿਹਾ ਹੈ
ਅਤੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਮਲੋਟ ਫੇਰੀ ਸਮੇਂ ਵੀ ਅਕਾਲੀ ਦਲ ਦੀ ਚੌਧਰ ਰਹੀ ਹੈ ਅਤੇ ਇਕ ਅੱਧ ਨੂੰ ਛੱਡ ਕੇ ਭਾਜਪਾ ਨੇਤਾ ਨੂੰ ਮੁੱਖ ਸਟੇਜ ਦੇ ਨੇੜੇ ਨਹੀਂ ਢੁਕਣ ਦਿਤਾ ਗਿਆ। ਪੰਜਾਬ ਭਾਜਪਾ ਦਾ ਦੋਸ਼ ਹੈ ਕਿ ਹਾਲੇ ਵੀ ਸਮਾਗਮਾਂ ਵੇਲੇ ਅਕਾਲੀ ਦਲ ਦੇ ਮੁਕਾਬਲੇ ਉਹ ਦੂਜੇ ਦਰਜੇ ਦੇ ਸਿਆਸਤਦਾਨ ਦੀ ਤਰ੍ਹਾਂ ਵਿਚਰਦੇ ਆ ਰਹੇ ਹਨ ਜਿਹੜਾ ਕਿ ਜਰਨਾ ਆਸਾਨ ਨਹੀਂ।
ਪੰਜਾਬ ਭਾਜਪਾ ਦਾ ਇਹ ਵੀ ਦੋਸ਼ ਹੈ ਕਿ ਅਕਾਲੀਆਂ ਉਤੇ ਮਾਫ਼ੀਆ ਅਤੇ ਭ੍ਰਿਸ਼ਟਾਚਾਰ ਦੇ ਲੱਗਦੇ ਦੋਸ਼ਾਂ ਦਾ ਨਾਪੱਖੀ ਖ਼ਮਿਆਜ਼ਾ ਉਹ ਭੁਗਤਨ ਲਈ ਮਜਬੂਰ ਹਨ। ਦਸਿਆ ਗਿਆ ਹੈ ਕਿ ਪਾਰਟੀ ਹਾਈਕਮਾਨ ਨੇ ਸਪੱਸ਼ਟ ਕਰ ਦਿਤਾ ਹੈ ਕਿ ਪੰਜਾਬ ਵਿਚ ਭਾਜਪਾ ਅਤੇ ਅਕਾਲੀ ਦਲ ਹਰ ਹੀਲੇ ਰਲ ਕੇ ਚਲਦੇ ਰਹਿਣਗੇ। ਜਿਹੜਾ ਕਿ ਹਾਲੇ ਤਕ ਭਾਜਪਾ ਪਾਰਟੀ ਦੇ ਹੱਕ ਵਿਚ ਭੁਗਤਦਾ ਰਿਹਾ ਹੈ।