
ਸਿੱਧੂ ਦਾ ਪਤਾ ਦੱਸਣ ਵਾਲੇ ਨੂੰ ਮਿਲੇਗਾ 2100 ਰੁਪਏ ਇਨਾਮ
ਬਠਿੰਡਾ : ਨਵਜੋਤ ਸਿੰਘ ਸਿੱਧੂ ਹੁਣ ਪੰਜਾਬ ਕੈਬਨਿਟ ਵਿਚੋਂ ਬਾਹਰ ਹੋ ਗਏ ਹਨ, ਕਿਉਂਕਿ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਵਲੋਂ ਮਨਜ਼ੂਰੀ ਦੇਣ ਬਾਅਦ ਸਿੱਧੂ ਦੇ ਅਸਤੀਫ਼ੇ ਉੱਤੇ ਰਾਜਪਾਲ ਵੀ.ਪੀ. ਸਿੰਘ ਬਦਨੌਰ ਨੇ ਵੀ ਆਪਣੀ ਮੋਹਰ ਲਗਾ ਦਿੱਤੀ ਹੈ। ਉਧਰ ਬਠਿੰਡਾ 'ਚ ਨਵਜੋਤ ਸਿੰਘ ਸਿੱਧੂ ਦੀ ਗੁੰਮਸ਼ੁਦਗੀ ਦੇ ਪੋਸਟਰ ਲੱਗੇ ਹਨ।
Navjot Singh Sidhu
ਪੋਸਟਰਾਂ ਨੂੰ ਸਥਾਨਕ ਐਮਸੀ ਵਿਜੇ ਕੁਮਾਰ ਵੱਲੋਂ ਜਾਰੀ ਕੀਤਾ ਗਿਆ ਹੈ ਜਿਸ ਵਿਚ ਨਵਜੋਤ ਸਿੰਘ ਸਿੱਧੂ ਨੂੰ ਗੁੰਮਸ਼ੁਦਾ ਦੱਸਿਆ ਗਿਆ ਹੈ। ਉਨ੍ਹਾਂ ਦਾ ਪਤਾ ਦੱਸਣ ਵਾਲੇ ਨੂੰ 2100 ਰੁਪਏ ਇਨਾਮ ਦੇਣ ਦਾ ਐਲਾਨ ਕੀਤਾ ਗਿਆ ਹੈ। ਇੱਥੋਂ ਤਕ ਲਿਖਿਆ ਗਿਆ ਹੈ ਕਿ ਸਿੱਧੂ ਦਾ ਪਤਾ ਦੱਸਣ ਵਾਲੇ ਨੂੰ ਪਾਕਿਸਤਾਨ ਦੀ ਮੁਫ਼ਤ ਯਾਤਰਾ ਵੀ ਕਰਵਾਈ ਜਾਏਗੀ। ਫਿਲਹਾਲ ਇਸ ਬਾਰੇ ਸਿੱਧੂ ਦੀ ਕੋਈ ਪ੍ਰਤੀਕਿਰਿਆ ਸਾਹਮਣੇ ਨਹੀਂ ਆਈ ਹੈ।
Navjot Singh Sidhu missing poster
ਪੋਸਟਰ 'ਤੇ ਲਿਖਿਆ ਗਿਆ ਹੈ, "ਮੁੱਖ ਮੰਤਰੀ ਨਾ ਬਨਾਉਣ ਕਰ ਕੇ ਸਿੱਧੂ ਰੁੱਸ ਕੇ ਚਲਾ ਗਿਆ ਹੈ। ਸਿੱਧੂ ਨੂੰ ਗੁਆਚੇ ਡੇਢ ਮਹੀਨੇ ਤੋਂ ਵੱਧ ਦਾ ਸਮਾਂ ਹੋ ਗਿਆ ਹੈ। ਕੱਦ 5 ਫੁਟ 11 ਇੰਚ ਹੈ। ਗੁਆਚਣ ਵਾਲੇ ਦਿਨ ਇਸ ਨੇ ਨਾਭੀ ਰੰਗ ਦੀ ਪੱਗ, ਭੂਰੇ ਰੰਗ ਦੀ ਟੀ-ਸ਼ਰਟ ਅਤੇ ਕਾਲੇ ਰੰਗ ਦੀ ਪੈਂਟ ਪਾਈ ਹੋਈ ਸੀ। ਇਸ ਦੇ ਮੂੰਹ 'ਤੇ ਖੱਬੇ ਪਾਸੇ ਇਕ ਤਿਲ ਦਾ ਨਿਸ਼ਾਨ ਵੀ ਹੈ।"
Navjot Singh Sidhu
ਇਸ ਤੋਂ ਇਲਾਵਾ ਪੋਸਟਰ 'ਚ ਲਿਖਿਆ ਗਿਆ ਹੈ, "ਪਿਛਲੇ ਦਿਨੀਂ ਇਹ ਦਿੱਲੀ ਦੇ ਆਸਪਾਸ ਕਿਸੇ ਵੇਖਿਆ ਗਿਆ ਹੈ। ਜੇ ਕਿਸੇ ਭੈਣ ਭਰਾ ਨੂੰ ਮਿਲੇ ਤਾਂ ਕਿਰਪਾ ਕਰ ਕੇ ਇਸ ਨੂੰ ਪਰਸ਼ਰਾਮ ਨਗਰ ਚੌਕ ਵਿਚ ਵਿਜੇ ਕੁਮਾਰ ਐਮ.ਸੀ. ਦੇ ਪਤੇ 'ਤੇ ਪਹੁੰਚਾ ਦਿੱਤਾ ਜਾਵੇ।"