
ਹੁਣ ਬ੍ਰਹਮ ਮਹਿੰਦਰਾ ਨੇ ਕੀਤਾ ਨਵਜੋਤ ਸਿੱਧੂ ਨਾਲ ਮੁਲਾਕਾਤ ਤੋਂ ਇਨਕਾਰ
ਚੰਡੀਗੜ੍ਹ, 20 ਜੁਲਾਈ (ਗੁਰਉਪਦੇਸ਼ ਭੁੱਲਰ) : ਜਿਥੇ ਪੰਜਾਬ ਕਾਂਗਰਸ ਦੇ ਨਵੇਂ ਬਣੇ ਪ੍ਰਧਾਨ ਨਵਜੋਤ ਸਿੱਧੂ ਲਗਾਤਾਰ ਮੰਤਰੀਆਂ ਵਿਧਾਇਕਾਂ ਤੇ ਪ੍ਰਮੁੱਖ ਕਾਂਗਰਸੀ ਨੇਤਾਵਾਂ ਨਾਲ ਲਗਾਤਾਰ ਮਿਲਣੀਆਂ ਕਰ ਕੇ ਤਿੰਨਾਂ ਨੂੰ ਅਪਣੇ ਨਾਲ ਜੋੜਨ ਲੱਗੇ ਹੋਏ ਹਨ, ਉਥੇ ਹੁਣ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਤੋਂ ਬਾਅਦ ਪੰਜਾਬ ਮੰਤਰੀ ਮੰਡਲ 'ਚ ਦੂਜੇ ਨੰਬਰ 'ਤੇ ਆਉਂਦੇ ਸੀਨੀਅਰ ਮੰਤਰੀ ਬ੍ਰਹਮ ਮਹਿੰਦਰਾ ਨੇ ਨਵਜੋਤ ਸਿੱਧੂ ਨੂੰ ਮਿਲਣ ਤੋਂ ਨਾਂਹ ਕਰ ਦਿਤੀ ਹੈ |
ਜ਼ਿਕਰਯੋਗ ਹੈ ਕਿ ਇਸ ਤੋਂ ਪਹਿਲਾਂ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਵੀ ਸਿੱਧੂ ਦੇ ਪ੍ਰਧਾਨ ਬਣਨ ਤੋਂ ਪਹਿਲਾਂ ਹੀ ਕਹਿ ਚੁੱਕੇ ਹਨ ਕਿ ਉਹ ਸਿੱਧਨੂੰ ਨੂੰ ਉਸ ਸਮੇਂ ਤਕ ਨਹੀਂ ਮਿਲਣਗੇ, ਜਦ ਤਕ ਉਹ ਪਿਛਲੇ ਸਮੇਂ 'ਚ ਕੀਤੇ ਟਵੀਟਾਂ ਰਾਹੀਂ ਮੇਰੇ ਬਾਰੇ ਕੀਤੀਆਂ ਅਭੱਦਰ ਟਿਪਣੀਆਂ ਬਾਰੇ ਜਨਤਕ ਤੌਰ 'ਤੇ ਮਾਫ਼ੀ ਨਹੀਂ ਮੰਗਦੇ | ਹਾਲੇ ਤਕ ਕੈਪਟਨ ਨੇ ਸਿੱਧੂ ਨੂੰ ਪ੍ਰਧਾਨ ਬਣਨ ਦੇ ਦੋ ਦਿਨ ਬੀਤੇ ਜਾਣ ਬਾਅਦ ਤਕ ਵਧਾਈ ਵੀ ਨਹੀਂ ਦਿਤੀ |
ਮਹਿੰਦਰਾ ਨੇ ਕਿਹਾ ਕਿ ਸਿੱਧੂ ਦੀ ਨਿਯੁਕਤੀ ਦਾ ਫ਼ੈਸਲਾ ਹਾਈ ਕਮਾਂਡ ਨੇ ਲਿਆ ਹੈ, ਇਸ ਲਈ ਇਸ ਫ਼ੈਸਲੇ ਦਾ ਸਵਾਗਤ ਹੈ | ਉਨ੍ਹਾਂ ਕਿਹਾ Tਹਾਲਾਂਕਿ, ਮੈਂ ਉਨ੍ਹਾਂ (ਸਿੱਧੂ) ਨੂੰ ਉਦੋਂ ਤਕ ਨਹੀਂ ਮਿਲਾਂਗਾ ਜਦੋਂ ਤਕ ਉਹ ਮੁੱਖ ਮੰਤਰੀ ਨਾਲ ਨਹੀਂ ਮਿਲਦੇ ਅਤੇ ਉਨ੍ਹਾਂ ਨਾਲ ਅਪਣੇ ਮਸਲੇ ਹੱਲ ਨਹੀਂ ਕਰਦੇU |
ਸ੍ਰੀ ਮਹਿੰਦਰਾ ਨੇ ਕਿਹਾ ਕਿ ਕੈਪਟਨ ਅਮਰਿੰਦਰ ਸਿੰਘ ਕਾਂਗਰਸ ਵਿਧਾਇਕ ਦਲ ਦੇ ਨੇਤਾ ਹਨ ਅਤੇ ਇਸ ਲਈ ਉਹ (ਮਹਿੰਦਰਾ) ਪਾਰਟੀ ਪ੍ਰਤੀ ਅਪਣੇ ਫ਼ਰਜ਼ ਨਾਲ ਬੱਝੇ ਹਨ |
ਮੰਤਰੀ ਨੇ ਕਿਹਾ ਕਿ ਕਾਂਗਰਸ ਵਿਧਾਇਕ ਦਲ ਦੇ ਨੇਤਾ ਹੋਣ ਦੇ ਨਾਲ-ਨਾਲ ਮੁੱਖ ਮੰਤਰੀ ਕੈਬਨਿਟ ਦੇ ਮੁਖੀ ਵੀ ਹਨ, ਜਿਸ ਦਾ ਉਹ (ਸ੍ਰੀ ਮਹਿੰਦਰਾ) ਹਿੱਸਾ ਹਨ | ਮੰਤਰੀ ਨੇ ਇਹ ਵੀ ਸਪਸ਼ਟ ਕੀਤਾ ਕਿ ਜਦੋਂ ਤਕ ਪੰਜਾਬ ਦੇ ਨਵੇਂ ਨਿਯੁਕਤ ਕੀਤੇ ਕਾਂਗਰਸ ਪ੍ਰਧਾਨ, ਕੈਪਟਨ ਅਮਰਿੰਦਰ ਨਾਲ ਸਾਰੇ ਮਸਲਿਆਂ ਨੂੰ ਹੱਲ ਨਹੀਂ ਕਰਦੇ, ਉਦੋਂ ਤਕ ਉਨ੍ਹਾਂ (ਸ੍ਰੀ ਸਿੱਧੂ) ਨਾਲ ਨਿੱਜੀ ਮੁਲਾਕਾਤ ਦੀ ਕੋਈ ਸਵਾਲ ਹੀ ਪੈਦਾ ਨਹੀਂ ਹੋ ਸਕਦਾ |
ਸ੍ਰੀ ਮਹਿੰਦਰਾ ਨੇ ਕਿਹਾ, Tਇਹ ਸਾਡੀ ਸਮੂਹਕ ਜ਼ਿੰਮੇਵਾਰੀ ਹੈ ਅਤੇ ਇਸ ਲਈ ਮੈਂ ਉਦੋਂ ਤਕ ਨਵੇਂ ਪ੍ਰਧਾਨ ਨਾਲ ਮੁਲਾਕਾਤ ਕਰਨ ਤੋਂ ਗੁਰੇਜ ਕਰਾਂਗਾ ਜਦੋਂ ਤਕ ਉਨ੍ਹਾਂ ਅਤੇ ਮੁੱਖ ਮੰਤਰੀ ਦਰਮਿਆਨ ਸਾਰੇ ਮਸਲੇ ਹੱਲ ਨਹੀਂ ਹੋ ਜਾਂਦੇ |''