
ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਵਿਧਾਨ ਸਭਾ ਦੀਆਂ ਚੋਣਾਂ ਤੋਂ ਪਹਿਲਾਂ ਪੰਜਾਬ ਵਿਚੋਂ ਨਸ਼ੇ ਨੂੰ ਜੜ੍ਹੋਂ ਖ਼ਤਮ ਕਰਨ ਦੀ ਗੁਟਕਾ ਸਾਹਿਬ...............
ਚੰਡੀਗੜ੍ਹ : ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਵਿਧਾਨ ਸਭਾ ਦੀਆਂ ਚੋਣਾਂ ਤੋਂ ਪਹਿਲਾਂ ਪੰਜਾਬ ਵਿਚੋਂ ਨਸ਼ੇ ਨੂੰ ਜੜ੍ਹੋਂ ਖ਼ਤਮ ਕਰਨ ਦੀ ਗੁਟਕਾ ਸਾਹਿਬ 'ਤੇ ਹੱਥ ਰੱਖ ਕੇ ਖਾਧੀ ਸਹੁੰ ਹੰਭਲਾ ਮਾਰਨਾ ਸ਼ੁਰੂ ਕਰ ਦਿਤਾ ਹੈ। ਕੈਪਟਨ ਅਮਰਿੰਦਰ ਸਿੰਘ ਨਸ਼ੇ ਦੇ ਤਸਕਰਾਂ ਨੂੰ ਲੰਮੇ ਹੱਥੀਂ ਲੈਣ ਤੋਂ ਬਾਅਦ ਚਿੱਟੇ ਦੀ ਸਪਲਾਈ ਤੋੜਨ ਲਈ ਦ੍ਰਿੜ ਹੋ ਗਏ ਲਗਦੇ ਹਨ। ਉਤਰੀ ਰਾਜਾਂ ਦੇ ਚਾਰ ਮੁੱਖ ਮੰਤਰੀਆਂ ਨੇ ਸਿਆਸਤ ਤੋਂ ਉਪਰ ਉਠ ਕੇ ਨਸ਼ਿਆਂ ਵਿਰੁਧ ਸਾਂਝੀ ਜੰਗ ਵਿੱਢਣ ਲਈ ਚੰਡੀਗੜ੍ਹ 'ਚ ਮੀਟਿੰਗ ਕੀਤੀ ਹੈ। ਇਹ ਵੱਖਰੀ ਗੱਲ ਹੈ ਕਿ ਗੁਆਂਢੀ ਰਾਜਾਂ ਦੇ ਮੁੱਖ ਮੰਤਰੀ ਉਦੋਂ ਜਾਗੇ ਹਨ, ਜਦੋਂ ਉਨ੍ਹਾਂ ਦੇ ਅਪਣੇ ਘਰ ਤਕ ਸੇਕ ਪੁੱਜਾ ਹੈ।
ਹਰਿਆਣਾ ਰਾਜ ਭਵਨ ਵਿਚ ਹੋਈ ਅੱਜ ਦੀ ਮੀਟਿੰਗ ਦੌਰਾਨ ਕੈਪਟਨ ਅਮਰਿੰਦਰ ਸਿੰਘ ਤੋਂ ਬਿਨਾਂ ਉਤਰਾਖੰਡ ਦੇ ਮੁੱਖ ਮੰਤਰੀ ਟੀ.ਐਸ ਰਾਵਤ ਅਤੇ ਹਰਿਆਣਾ ਦੇ ਮੁੱਖ ਮੰਤਰੀ ਮਨੋਹਰ ਲਾਲ ਖੱਟਰ ਸ਼ਾਮਲ ਹੋਏ ਹਨ। ਹਿਮਾਚਲ ਪ੍ਰਦੇਸ਼ ਦੇ ਮੁੱਖ ਮੰਤਰੀ ਜੈ ਰਾਮ ਠਾਕੁਰ ਦਾ ਜਹਾਜ਼ ਮੌਸਮ ਦੀ ਖ਼ਰਾਬੀ ਕਾਰਨ ਲੈਂਡ ਨਹੀਂ ਕਰ ਸਕਿਆ, ਜਿਸ ਕਰ ਕੇ ਉਨ੍ਹਾਂ ਨੇ ਅਪਣੇ ਵਿਚਾਰ ਵੀਡੀਉ ਕਾਨਫ਼ਰੰਸ ਰਾਹੀਂ ਦਿਤੇ ਹਨ। ਮੀਟਿੰਗ ਵਿਚ ਫ਼ੈਸਲਾ ਲਿਆ ਗਿਆ ਕਿ ਨਸ਼ਿਆਂ ਵਿਰੁਧ ਲੜਾਈ ਲਈ ਬਿਉਰਾ ਅਤੇ ਹੋਰ ਸੂਚਨਾ ਸਾਂਝੀ ਕਰਨ ਲਈ ਪੰਚਕੂਲਾ ਵਿਖੇ ਸਾਂਝਾ ਸੂਚਨਾ ਸਕੱਤਰੇਤ ਸਥਾਪਤ ਕੀਤਾ ਜਾਵੇ।
ਇਸ ਤੋਂ ਬਿਨਾਂ ਅਤਿ-ਆਧੁਨਿਕ ਤਕਨੀਕ ਨਾਲ ਲੈਸ ਅੰਤਰਰਾਜੀ ਨਾਕੇ ਲਗਾਉਣ ਅਤੇ ਕੁੱਤਿਆਂ ਨੂੰ ਨਸ਼ਿਆਂ ਦੀ ਸ਼ਨਾਖ਼ਤ ਕਰਨ ਲਈ ਸਿਖਲਾਈ ਦੇਣ ਉਤੇ ਵੀ ਸਹਿਮਤੀ ਬਣੀ ਹੈ। ਇਹ ਨਾਕੇ ਇੰਟਰਨੈੱਟ ਨਾਲ ਜੁੜੇ ਹੋਣਗੇ ਅਤੇ ਇਨ੍ਹਾਂ ਉਤੇ ਸੀਸੀਟੀਵੀ ਕੈਮਰਿਆਂ ਦੀ ਨਜ਼ਰ ਰਹੇਗੀ। ਕੈਪਟਨ ਅਮਰਿੰਦਰ ਸਿੰਘ ਨੇ ਅਪਣੀ ਪ੍ਰਤੀਬੱਧਤਾ ਦਾ ਪ੍ਰਗਟਾਵਾ ਕਰਦਿਆਂ ਗ਼ੈਰ-ਕਾਨੂੰਨੀ ਤੌਰ 'ਤੇ ਸਰਹੱਦ ਪਾਰ ਕਰਨ ਵਾਲਿਆਂ ਨੂੰ ਮੌਕੇ 'ਤੇ ਹੀ ਗੋਲੀ ਮਾਰਨ ਦੇ ਬੀਐਸਐਫ਼ ਨੂੰ ਅਧਿਕਾਰ ਦੇਣ ਦੀ ਸਲਾਹ ਦਿਤੀ।
ਉਤਰੀ ਰਾਜਾਂ ਵਿਚ ਅੰਤਰਰਾਜੀ ਅਤੇ ਅੰਤਰ-ਖ਼ੁਫ਼ੀਆ ਏਜੰਸੀ ਤਾਲਮੇਲ ਕਾਇਮ ਕਰਨ ਲਈ ਖੇਤਰੀ ਸਹਿਕਾਰੀ ਢਾਂਚਾ ਤਿਆਰ ਕਰਨ ਦਾ ਪ੍ਰਸਤਾਵ ਪੇਸ਼ ਕੀਤਾ ਗਿਆ ਹੈ। ਸਾਂਝਾ ਬਿਉਰਾ ਤਿਆਰ ਕਰਨ ਲਈ ਅਤੇ ਸੂਚਨਾ ਤੇ ਖ਼ੁਫ਼ੀਆ ਜਾਣਕਾਰੀ ਸਾਂਝੀ ਕਰਨ ਲਈ ਇਹ ਪ੍ਰਭਾਵਸ਼ਾਲੀ ਤਾਲਮੇਲ ਸਿੱਧ ਹੋਵੇਗਾ। ਇਸ ਨਾਲ ਨਸ਼ਿਆਂ ਦੀ ਸਮਗਲਿੰਗ ਰੋਕਣ ਲਈ ਸਾਂਝੀ ਕਾਰਵਾਈ ਚਲਾਉਣ 'ਚ ਮਦਦ ਮਿਲੇਗੀ। ਮੀਟਿੰਗ ਦੇ ਅੰਤ ਵਿਚ ਨਸ਼ਿਆਂ ਵਿਰੁਧ ਸਾਂਝੀ ਰਣਨੀਤੀ ਨੂੰ ਤੇਜ਼ ਕਰਨ ਅਤੇ ਇਸ ਉਤੇ ਬਾਜ਼ ਅੱਖ ਰੱਖਣ ਲਈ ਹਰ ਛੇ ਮਹੀਨੇ ਬਾਅਦ ਮੁੱਖ ਮੰਤਰੀਆਂ ਦੀ ਇਕ ਮੀਟਿੰਗ ਕਰਨ 'ਤੇ ਸਹਿਮਤੀ ਬਣੀ ਹੈ।
ਇਸ ਦੇ ਨਾਲ ਹੀ ਤਾਲਮੇਲ ਬਣਾਈ ਰੱਖਣ ਲਈ ਹਰ ਰਾਜ ਵਲੋਂ ਨੋਡਲ ਅਫ਼ਸਰ ਲਗਾਉਣ ਦੇ ਪ੍ਰਸਤਾਵ 'ਤੇ ਵੀ ਮੋਹਰ ਲਗਾ ਦਿਤੀ ਗਈ ਹੈ। ਹਰ ਛੇ ਮਹੀਨੇ ਬਾਅਦ ਪ੍ਰਗਤੀ ਰੀਪੋਰਟ ਲਈ ਮੀਟਿੰਗ ਲਾਜ਼ਮੀ ਕਰ ਦਿਤੀ ਗਈ ਹੈ, ਜਿਸ ਵਿਚ ਉਤਰੀ ਰਾਜਾਂ ਦੇ ਪੁਲਿਸ ਅਤੇ ਸਿਵਲ ਅਧਿਕਾਰੀ ਸ਼ਾਮਲ ਹੋਇਆ ਕਰਨਗੇ।
ਚੇਤੇ ਕਰਵਾਇਆ ਜਾਂਦਾ ਹੈ ਕਿ ਪੰਜਾਬ ਸਰਕਾਰ ਵਲੋਂ ਨਸ਼ੇ ਦਾ ਅਪਰਾਧ ਕਰਨ ਵਾਲਿਆਂ ਨੂੰ ਮੌਤ ਦੀ ਸਜ਼ਾ ਦੇਣ ਦਾ ਪ੍ਰਸਤਾਵ ਵਿਧਾਨ ਸਭਾ ਵਿਚ ਪਾਸ ਹੋਣ ਤੋਂ ਬਾਅਦ ਅੰਤਮ ਪ੍ਰਵਾਨਗੀ ਲਈ ਰਾਜ ਸਭਾ ਭੇਜਿਆ ਗਿਆ ਹੈ।
ਇਸ ਦੇ ਨਾਲ ਹੀ ਨਸ਼ਾ ਤਸਕਰਾਂ ਦੀ ਜਾਇਦਾਦ ਜ਼ਬਤ ਕਰਨ ਦਾ ਪ੍ਰਸਤਾਵ ਵੀ ਰਾਸ਼ਟਰਪਤੀ ਕੋਲ ਅੰਤਰ ਪ੍ਰਵਾਨਗੀ ਲਈ ਲੰਬਿਤ ਪਿਆ ਹੈ। ਹਰਿਆਣਾ ਦੇ ਮੁੱਖ ਮੰਤਰੀ ਮਨੋਹਰ ਲਾਲ ਖੱਟਰ ਅਤੇ ਉਤਰਾਖੰਡ ਦੇ ਮੁੱਖ ਮੰਤਰੀ ਪੀਐਸ ਰਾਵਤ ਨੇ ਨਸ਼ਿਆਂ ਵਿਰੁਧ ਛੇੜੀ ਲੜਾਈ 'ਚ ਪੂਰਾ ਸਾਥ ਦੇਣ ਦਾ ਭਰੋਸਾ ਦਿਵਾਇਆ ਹੈ।
ਹਿਮਾਚਲ ਪ੍ਰਦੇਸ਼ ਦੇ ਮੁੱਖ ਮੰਤਰੀ ਜੈ ਰਾਮ ਠਾਕੁਰ ਪਿਛਲੇ ਦਿਨੀਂ ਉਨ੍ਹਾਂ ਦੇ ਸੂਬੇ ਵਿਚ ਫੜੀ ਚਿੱਟੇ ਦੀ ਵੱਡੀ ਖੇਪ ਨੂੰ ਲੈ ਕੇ ਵਧੇਰੇ ਚਿੰਤਤ ਨਜ਼ਰ ਆਏ। ਕੈਪਟਨ ਅਮਰਿੰਦਰ ਸਿੰਘ ਨੇ ਮੀਟਿੰਗ ਤੋਂ ਬਾਅਦ ਗੱਲ ਕਰਦਿਆਂ ਕਿਹਾ ਕਿ ਸਾਬਕਾ ਸਰਕਾਰ ਦੀ ਸ੍ਰਪਰਸਤੀ ਖ਼ਤਮ ਹੋਣ ਨਾਲ ਨਸ਼ਾ ਤਸਕਰ ਸੂਬਾ ਛੱਡ ਕੇ ਭੱਜ ਗਏ ਹਨ। ਉਨ੍ਹਾਂ ਨੇ ਕਿਹਾ ਕਿ ਅੰਤਰਰਾਜੀ ਅਤੇ ਕੌਮਾਂਤਰੀ ਸਰਹੱਦੀ ਸਖ਼ਤਾਈ ਜ਼ਰੂਰੀ ਹੋ ਗਈ ਹੈ।